ਮੁੱਖ ਮੰਤਰੀ ਅਮਰਿੰਦਰ ਨੇ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨੂੰ ਪੰਜਾਬ ''ਚ ਨਿਵੇਸ਼ ਲਈ ਦਿੱਤਾ ਸੱਦਾ
Friday, Sep 06, 2019 - 09:59 AM (IST)

ਜਲੰਧਰ/ਦਿੱਲੀ (ਧਵਨ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਵਿਦੇਸ਼ੀ ਅੰਬੈਸੀਆਂ ਦੇ ਰਾਜਦੂਤਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਪੰਜਾਬ ਵਿਚ ਪੂੰਜੀ ਨਿਵੇਸ਼ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ। ਅੱਜ ਦਿੱਲੀ ਵਿਚ ਇਨਵੈਸਟ ਪੰਜਾਬ ਵਲੋਂ ਆਯੋਜਿਤ ਅੰਬੈਸਡਰ ਕੁਨੈਕਟ ਪ੍ਰੋਗਰਾਮ ਵਿਚ 25 ਤੋਂ ਵੱਧ ਦੇਸ਼ਾਂ ਦੇ ਰਾਜਦੂਤਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਸ ਵਿਚ ਮੁੱਖ ਮੰਤਰੀ ਨੇ ਨਿੱਜੀ ਤੌਰ 'ਤੇ ਸਾਰੇ ਡਿਪਲੋਮੈਟਾਂ ਨੂੰ ਮੋਹਾਲੀ ਵਿਚ 5 ਤੋਂ 6 ਦਸੰਬਰ ਤੱਕ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ-2019 ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ। ਮੁੱਖ ਮੰਤਰੀ ਨਾਲ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਵਿਦੇਸ਼ੀ ਰਾਜਦੂਤਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਵਿਚ ਅਮਰੀਕਾ, ਇੰਗਲੈਂਡ, ਸਪੇਨ, ਕਤਰ, ਫਰਾਂਸ, ਇਸਰਾਈਲ, ਕੈਨੇਡਾ, ਜਾਪਾਨ, ਸਾਊਦੀ ਅਰਬ ਤੇ ਤਾਈਵਾਨ ਸਣੇ ਕਈ ਦੇਸ਼ ਸ਼ਾਮਲ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਹਾਲੀ ਵਿਚ ਹੋਣ ਵਾਲਾ ਸਮਿਟ ਪੰਜਾਬ ਨੂੰ ਉਦਯੋਗਿਕ ਤੌਰ 'ਤੇ ਵਿਸ਼ਵ ਦੇ ਨਕਸ਼ੇ 'ਤੇ ਉਭਾਰ ਕੇ ਸਾਹਮਣੇ ਲਿਆਵੇਗਾ। ਇਸ ਨਾਲ ਪੰਜਾਬ ਤੇਜ਼ੀ ਨਾਲ ਉਦਯੋਗੀਕਰਨ ਦੇ ਰਸਤੇ 'ਤੇ ਅੱਗੇ ਵਧੇਗਾ। ਉਨ੍ਹਾਂ ਨਿਵੇਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਨਿਵੇਸ਼ਕਾਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖੇਗੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਜਾਪਾਨ ਦੇ ਰਾਜਦੂਤ ਕੈਂਜੀ ਹੀਰਾਮਤਸੁ ਦੇ ਨਾਲ ਸਿੱਧੀ ਗੱਲਬਾਤ ਕੀਤੀ, ਜਿਸ ਵਿਚ ਉਨ੍ਹਾਂ ਟੂਰਿਜ਼ਮ ਖੇਤਰ ਵਿਚ ਨਿਵੇਸ਼ ਕਰਨ ਵਿਚ ਦਿਲਚਸਪੀ ਵਿਖਾਈ। ਮੁੱਖ ਮੰਤਰੀ ਨੇ ਤਲਵਾੜਾ ਨੇੜੇ 500 ਏਕੜ ਜ਼ਮੀਨ 'ਤੇ ਟੂਰਿਜ਼ਮ ਸਪੌਟ ਵਿਕਸਿਤ ਕਰਨ ਵਿਚ ਜਾਪਾਨ ਦਾ ਸਹਿਯੋਗ ਮੰਗਿਆ। ਉਨ੍ਹਾਂ ਰਾਜਪੁਰਾ ਅਤੇ ਬਠਿੰਡਾ ਵਿਚ 500 ਤੋਂ 700 ਏਕੜ ਜ਼ਮੀਨ 'ਤੇ ਟੈਕਨਾਲੋਜੀ ਹੱਬ ਬਣਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਕਿਹਾ। ਜਾਪਾਨ ਦੇ ਰਾਜਦੂਤ ਨੇ ਤੋਸ਼ੀਬਾ ਗਰੁੱਪ ਨਾਲ ਮਿਲ ਕੇ ਪੰਜਾਬ ਵਿਚ ਇਲੈਕਟ੍ਰੀਕਲ ਵ੍ਹੀਕਲ ਮੈਨੂਫੈਕਚਰਿੰਗ ਵਿਚ ਦਿਲਚਸਪੀ ਵਿਖਾਈ। ਸਾਊਦੀ ਅਰਬ ਦੇ ਰਾਜਦੂਤ ਡਾ. ਅਹਿਮਦ ਅਲਬਾਨਾ ਨੇ ਕਿਹਾ ਕਿ ਏਮਾਰ ਨਾਲ ਮਿਲ ਕੇ ਪੰਜਾਬ ਵਿਚ ਮੈਗਾ ਫੂਡ ਪਾਰਕ ਬਣਾਇਆ ਜਾਵੇਗਾ।ਮੀਟਿੰਗ ਵਿਚ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਇਨਵੈਸਟਮੈਂਟ ਪ੍ਰਮੋਸ਼ਨ ਦੀ ਐਡੀਸ਼ਨਲ ਮੁੱਖ ਸਕੱਤਰ ਵਿੰਨੀ ਮਹਾਜਨ ਤੋਂ ਇਲਾਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਉਦੋਯਗ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਕਈ ਅਧਿਕਾਰੀਆਂ ਨੇ ਵੀ ਹਿੱਸਾ ਲਿਆ।