ਮੁੱਖ ਮੰਤਰੀ ਵੱਲੋਂ ਜਰਮਨ ਸਫੀਰ ਨੂੰ ਪ੍ਰਮੁੱਖ ਖੇਤਰਾਂ ’ਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਪੂਰਨ ਸਹਿਯੋਗ ਦਾ ਭਰੋਸਾ

Tuesday, Jul 27, 2021 - 02:45 PM (IST)

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਵਿਚ ਜਰਮਨ ਦੇ ਰਾਜਦੂਤ ਵਾਲਟਰ ਜੇ. ਲਿੰਡਨਰ ਵੱਲੋਂ ਸੂਬੇ ਵਿਚ ਮੋਬਿਲਟੀ, ਇੰਜੀਨੀਅਰਿੰਗ, ਫਾਰਮਾਸਿਊਟੀਕਲ, ਕੈਮੀਕਲਜ਼ ਅਤੇ ਨਵਿਆਉਣਯੋਗ ਊਰਜਾ ਦੇ ਪ੍ਰਮੁੱਖ ਖੇਤਰਾਂ ਵਿਚ ਨਿਵੇਸ਼ ਲਈ ਦਿਖਾਈ ਦਿਲਚਸਪੀ ਲਈ ਉਨ੍ਹਾਂ ਨੂੰ ਆਪਣੀ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਜਰਮਨੀ ਸਫੀਰ ਨੇ ਸੋਮਵਾਰ ਨੂੰ ਦੇਰ ਸ਼ਾਮ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਸੂਬੇ ਵਿਚ ਕਾਰੋਬਾਰ ਅਤੇ ਨਿਵੇਸ਼ ਦੇ ਨਵੇਂ ਮੌਕਿਆਂ ਨੂੰ ਤਲਾਸ਼ਣ ਲਈ ਆਪਸੀ ਰਣਨੀਤੀ ਉਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਨਿਵੇਸ਼ ਅਤੇ ਵਪਾਰ ਨੂੰ ਸੁਖਾਲਾ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਗਏ ਵੱਡੇ ਸੁਧਾਰਾਂ ਦਾ ਵੀ ਜ਼ਿਕਰ ਕੀਤਾ। ਇਨ੍ਹਾਂ ਸੁਧਾਰਾਂ ਵਿਚ ਸੂਬੇ ਵਿਚ ਕਾਰੋਬਾਰ ਸਥਾਪਤ ਕਰਨ ਲਈ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਲੈਣ ਲਈ ਵੰਨ-ਸਟਾਪ ਸ਼ਾਪ ਵਜੋਂ ਇਨਵੈਸਟ ਪੰਜਾਬ ਦੇ ਗਠਨ ਤੋਂ ਇਲਾਵਾ ਪੰਜਾਬ ਲਾਲ ਫੀਤਾਸ਼ਾਹੀ ਵਿਰੋਧੀ ਐਕਟ-2021 ਅਤੇ ਪੰਜਾਬ ਵਪਾਰ ਦਾ ਅਧਿਕਾਰ ਐਕਟ-2020 ਸ਼ਾਮਲ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਹੋਰ ਜਰਮਨ ਕੰਪਨੀਆਂ ਨੂੰ ਵੀ ਸੂਬੇ ਵਿਚ ਆਉਣ ਅਤੇ ਨਿਵੇਸ਼ ਪੱਖੀ ਮਾਹੌਲ ਦਾ ਅਨੁਭਵ ਲੈਣ ਦਾ ਸੱਦਾ ਦਿੱਤਾ ਹੈ ਕਿਉਂ ਜੋ ਸੂਬੇ ਵਿਚ ਪਹਿਲਾਂ ਵੀ ਮੈਟਰੋ ਕੈਸ਼ ਐਂਡ ਕੈਰੀ, ਹੈਲਾ, ਕਲਾਸ ਅਤੇ ਵਾਇਬਰਾਕੌਸਟਿਕਸ ਸਮੇਤ ਕਈ ਜਰਮਨ ਕੰਪਨੀਆਂ ਕੰਮ ਕਰ ਰਹੀਆਂ ਹਨ।‘ਇਨਵੈਸਟਮੈਂਟ ਪ੍ਰੋਮੋਸ਼ਨ’ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਜਰਮਨ ਰਾਜਦੂਤ ਨੂੰ ਜਾਣੂੰ ਕਰਵਾਇਆ ਕਿ ਨਿਵੇਸ਼ ਪੰਜਾਬ ਨੇ ਪੰਜਾਬ ਵਿਚ ਕਾਰਜਸ਼ੀਲ ਜਰਮਨ ਕੰਪਨੀਆਂ ਲਈ ਜੂਨ, 2021 ਵਿਚ ਦੇਖਭਾਲ ਸੈਸ਼ਨ ਕੀਤਾ ਗਿਆ ਸੀ ਤਾਂ ਕਿ ਉਨ੍ਹਾਂ ਲਈ ਕਾਰੋਬਾਰ ਦੀ ਸਫਲਤਾ ਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ‘ਇਨਵੈਸਟ ਇਨ ਬਾਵਰੀਆ’ ਵਰਗੀਆਂ ਜਰਮਨ ਨਿਵੇਸ਼ ਏਜੰਸੀਆਂ ਖਾਸ ਕਰਕੇ ਉਨ੍ਹਾਂ ਦੇ ‘ਮੇਕ ਇਨ ਇੰਡੀਆ ਮਿਟਲਸਟੈਂਡ’ ਉਪਰਾਲੇ ਲਈ ਇਨ੍ਹਾਂ ਏਜੰਸੀਆਂ ਅਤੇ ਅਤੇ ਬਰਲਿਨ ਵਿਚ ਭਾਰਤੀ ਦੂਤਾਵਾਸ ਨਾਲ ਲਗਾਤਾਰ ਸੰਪਰਕ ਵਿਚ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵਫ਼ਦ ‘ਜਰਮਨ ਇੰਡੀਆ ਬਿਜ਼ਨਸ ਫੋਰਮ’ ਵਿਚ ਵੀ ਸ਼ਿਰਕਤ ਕਰ ਚੁੱਕੇ ਹਨ।

‘ਨਿਵੇਸ਼ ਪੰਜਾਬ’ ਦੇ ਸੀ.ਈ.ਓ. ਰਜਤ ਅਗਰਵਾਲ ਨੇ ਦੱਸਿਆ ਕਿ ਜਰਮਨ ਕੰਪਨੀਆਂ ਨੇ ਸੂਬੇ ਵਿਚ ਆਟੋ ਪੁਰਜਿਆਂ, ਮੈਨੂਫੈਕਚਰਿੰਗ ਅਤੇ ਨਵਿਆਉਣਯੋਗ ਊਰਜਾ ਵਰਗੇ ਵੱਖ-ਵੱਖ ਸੈਕਟਰਾਂ ਵਿਚ ਨਿਵੇਸ਼ ਕੀਤਾ ਹੈ। ਇਨ੍ਹਾਂ ਵਿਚੋਂ ਵਰਬੀਓ ਕੰਪਨੀ ਵੱਲੋਂ ਵੱਖ-ਵੱਖ ਥਾਵਾਂ ਉਤੇ ਪ੍ਰਤੀ ਦਿਨ 80,000 ਕਿਊਬਿਕ ਮੀਟਰ ਪਰਾਲੀ ਅਧਾਰਿਤ ਬਾਇਓ ਸੀ.ਐਨ.ਜੀ. ਪ੍ਰਾਜੈਕਟ ਸਥਾਪਤ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਗਰੈਪਲ ਦੇ ਪੰਜਾਬ ਯੂਨਿਟ (ਏਸ਼ੀਆ ਵਿਚ ਇਕੋ ਯੂਨਿਟ) ਵਿਖੇ ਧਾਤ ਦੀਆਂ ਛੇਕਦਾਰ ਚਾਦਰਾਂ ਅਤੇ ਖੇਤੀ ਅਤੇ ਨਿਰਮਾਣ ਮਸ਼ੀਨਰੀ ਲਈ ਹਵਾਦਾਰ ਗਰਿੱਡ ਬਣਾਏ ਜਾਂਦੇ ਹਨ। ਇਕ ਹੋਰ ਕੰਪਨੀ ਵਾਇਬਰਾਕੌਸਟਿਕਸ ਜੋ ਬੀ.ਐਮ.ਡਬਲਿਊ, ਅਤੇ ਫੋਰਡ ਲਈ ਆਟੋਮੋਟਿਵ ਐਨ.ਵੀ.ਐਚ. ਸਬੰਧੀ ਵਿਵਸਥਾ ਵਾਲੀ ਇਕਲੌਤੀ ਸਪਲਾਇਰ ਹੈ, ਇਸ ਵੇਲੇ ਆਲ੍ਹਾ ਦਰਜੇ ਦਾ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਦੀ ਸਥਾਪਨਾ ਕਰਕੇ ਪੰਜਾਬ ਵਿਚ ਕਾਰਜਾਂ ਦਾ ਵਿਸਥਾਰ ਕਰਨ ਅਤੇ ਆਪਸ ਵਿਚ ਜੋੜਨ ਦੀ ਪ੍ਰਕਿਰਿਆ ਅਧੀਨ ਹੈ।


Gurminder Singh

Content Editor

Related News