ਮੁੱਖ ਮੰਤਰੀ ਦੇ ਜ਼ਿਲੇ ਦੇ ਕਾਂਗਰਸੀ ਵਿਧਾਇਕਾਂ ਦੇ ਅਸੰਤੋਸ਼ ਤੋਂ ਸੂਬਾ ਕਾਂਗਰਸ ਵੀ ਚਿੰਤਤ

11/27/2019 10:55:47 AM

ਪਟਿਆਲਾ/ਰੱਖੜਾ (ਰਾਜੇਸ਼, ਰਾਣਾ)—ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਜ਼ਿਲਾ ਪਟਿਆਲਾ ਦੀ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ 'ਚ ਜ਼ਿਲੇ ਦੇ ਕਾਂਗਰਸੀ ਵਿਧਾਇਕਾਂ ਵਿਚ ਪੈਦਾ ਹੋਏ ਅਸੰਤੋਸ਼ ਅਤੇ ਬਗਾਵਤਨੁਮਾ ਮਾਹੌਲ ਤੋਂ ਸੂਬਾ ਕਾਂਗਰਸ ਵੀ ਬੇਹੱਦ ਚਿੰਤਤ ਹੈ। ਕਿਸੇ ਨਿੱਜੀ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪਟਿਆਲਾ ਪਹੁੰਚੇ ਸੂਬਾ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਐੱਮ. ਪੀ. ਸੁਨੀਲ ਜਾਖੜ ਨੇ ਚਾਰਾਂ ਕਾਂਗਰਸੀ ਵਿਧਾਇਕਾਂ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਰਾਜਿੰਦਰ ਸਿੰਘ ਅਤੇ ਨਿਰਮਲ ਸਿੰਘ ਸ਼ੁਤਰਾਣਾ ਨਾਲ ਗੱਲਬਾਤ ਕੀਤੀ। ਪੂਰੇ ਮਾਮਲੇ ਦੀ ਜਾਣਕਾਰੀ ਲਈ।

ਸੂਤਰਾਂ ਅਨੁਸਾਰ ਚਾਰੇ ਵਿਧਾਇਕਾਂ ਨੇ ਸੂਬਾ ਪ੍ਰਧਾਨ ਨੂੰ ਸਪੱਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਨਾਲ ਹਨ। ਪਾਰਟੀ ਨੂੰ ਬਚਾਉਣ ਲਈ ਹੀ ਉਨ੍ਹਾਂ ਵਰਕਰਾਂ ਦੀ ਅਵਾਜ਼ ਬੁਲੰਦ ਕੀਤੀ ਹੈ। ਵਿਧਾਇਕਾਂ ਨੇ ਦੱਸਿਆ ਕਿ ਸੂਬੇ ਦੀ ਅਫਸਰਸ਼ਾਹੀ ਅਤੇ ਪੁਲਸ ਪੂਰੀ ਤਰ੍ਹਾਂ ਬੇਲਗਾਮ ਹੈ। ਜਾਣ-ਬੁੱਝ ਕੇ ਕਾਂਗਰਸੀ ਵਿਧਾਇਕਾਂ ਖਿਲਾਫ ਕੰਮ ਕੀਤੇ ਜਾ ਰਹੇ ਹਨ। ਅਫਸਰਾਂ ਦੀ ਕਾਰਗੁਜ਼ਾਰੀ ਤੋਂ ਇੰਝ ਲਗਦਾ ਹੈ ਜਿਵੇਂ ਪੰਜਾਬ ਵਿਚ ਸਰਕਾਰ ਕਾਂਗਰਸ ਪਾਰਟੀ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ। ਅਕਾਲੀ ਦਲ ਦੇ ਆਗੂਆਂ ਅਤੇ ਹਾਰੇ ਹੋਏ ਉਮੀਦਵਾਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਥਾਣਿਆਂ ਵਿਚ ਪਹੁੰਚ ਕੇ ਕਾਂਗਰਸੀ ਵਰਕਰਾਂ ਅਤੇ ਸਰਪੰਚਾਂ 'ਤੇ ਹਮਲੇ ਕਰਵਾ ਰਹੇ ਹਨ। ਪਾਰਟੀ ਵਰਕਰ ਹਤਾਸ਼ ਹਨ। ਵਰਕਰਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਜੇਕਰ ਵਿਧਾਇਕ ਅੱਗੇ ਨਹੀਂ ਆਉਣਗੇ ਤਾਂ ਹੋਰ ਕੌਣ ਆਵੇਗਾ? ਉਨ੍ਹਾਂ ਕਿਹਾ ਕਿ ਪਾਰਟੀ ਨੂੰ ਬਚਾਉਣ ਲਈ ਅਫਸਰਸ਼ਾਹੀ ਨੂੰ ਨੱਥ ਪਾਉਣੀ ਪਵੇਗੀ। ਮੌਜੂਦਾ ਸਮੇਂ ਇੰਝ ਲੱਗ ਰਿਹਾ ਹੈ ਜਿਵੇਂ ਸੂਬੇ ਵਿਚ ਅਫਸਰਸ਼ਾਹੀ ਮੁੱਖ ਮੰਤਰੀ ਅਤੇ ਮੰਤਰੀਆਂ 'ਤੇ ਭਾਰੂ ਹੋਵੇ।
ਸੂਤਰਾਂ ਅਨੁਸਾਰ ਵਿਧਾਇਕ ਜਲਾਲਪੁਰ ਨੇ ਤਾਂ ਕਈ ਅਫਸਰਾਂ ਦੇ ਨਾਂ ਲੈ ਕੇ ਸੂਬਾ ਕਾਂਗਰਸ ਪ੍ਰਧਾਨ ਨੂੰ ਦੱਸਿਆ ਕਿ ਕਿਸ ਤਰ੍ਹਾਂ ਅਫਸਰ ਕਾਂਗਰਸੀ ਵਿਧਾਇਕਾਂ ਅਤੇ ਵਰਕਰਾਂ ਨੂੰ ਜ਼ਲੀਲ ਕਰ ਰਹੇ ਹਨ। ਇਸ ਨਿੱਜੀ ਪ੍ਰੋਗਰਾਮ ਵਿਚ ਹਿੱਸਾ ਲੈਣ ਤੋਂ ਬਾਅਦ ਚਾਰੇ ਵਿਧਾਇਕ ਸੂਬਾ ਪ੍ਰਧਾਨ ਦੀ ਗੱਡੀ ਵਿਚ ਬੈਠ ਕੇ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਰਾਜਪੁਰਾ ਦੇ ਇਕ ਹੋਟਲ ਵਿਖੇ ਦੇਰ ਰਾਤ ਤੱਕ ਮੀਟਿੰਗ ਕੀਤੀ।

ਮੁੱਖ ਮੰਤਰੀ ਨਾਲ ਗੱਲ ਕਰ ਕੇ ਦੋਸ਼ੀ ਅਫ਼ਸਰਾਂ ਖਿਲਾਫ਼ ਲਿਆ ਜਾਵੇਗਾ ਸਖ਼ਤ ਐਕਸ਼ਨ : ਜਾਖੜ
ਇਸ ਸਮਾਗਮ ਦੌਰਾਨ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲੇ 'ਚ ਵਿਧਾਇਕਾਂ ਵਿਚ ਅਸੰਤੋਸ਼ ਪੈਦਾ ਹੋਣਾ ਠੀਕ ਨਹੀਂ ਹੈ। ਜਦੋਂ ਸੂਬਾ ਪ੍ਰਧਾਨ ਨੂੰ ਪੁੱਛਿਆ ਗਿਆ ਕਿ ਹਲਕਾ ਸ਼ੁਤਰਾਣਾ ਦੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਨੇ 1 ਦਸੰਬਰ ਨੂੰ ਮੁੱਖ ਮੰਤਰੀ ਨਿਵਾਸ ਸਾਹਮਣੇ ਅਣਮਿਥੇ ਸਮੇਂ ਲਈ ਧਰਨੇ 'ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ ਤਾਂ ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਜਿਹੀ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ। ਉਹ ਪਾਰਟੀ ਪ੍ਰਧਾਨ ਹਨ। ਇਸ ਲਈ ਹਰ ਵਿਧਾਇਕ ਦੀ ਗੱਲ ਮੁੱਖ ਮੰਤਰੀ ਕੋਲ ਉਠਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਗੱਲ ਕਰ ਕੇ ਦੋਸ਼ੀ ਅਫਸਰਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਜਿਹੜੇ ਪੁਲਸ ਅਫਸਰ ਨਸ਼ੇ ਦੇ ਸੌਦਾਗਰਾਂ ਨਾਲ ਮਿਲੇ ਹੋਏ ਹਨ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਹ ਮੁੱਖ ਮੰਤਰੀ ਤੋਂ ਮੰਗ ਕਰਨਗੇ ਕਿ ਅਜਿਹੇ ਅਫਸਰਾਂ ਨੂੰ ਡਿਸਮਿਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ। ਵਿਧਾਇਕਾਂ, ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਨੌਕਰਸ਼ਾਹੀ ਨੂੰ ਸਿਰ ਨਹੀਂ ਚੜ੍ਹਣ ਦਿੱਤਾ ਜਾਵੇਗਾ।


Shyna

Content Editor

Related News