ਪ੍ਰਾਈਵੇਟ ਏਡਿਡ ਕਾਲਜ ਨਾਨ ਟੀਚਿੰਗ ਮੁਲਾਜ਼ਮਾਂ ਦੀ ਮੁੱਖ ਮੰਤਰੀ ਨੂੰ ਅਪੀਲ
Friday, Jul 29, 2022 - 02:30 PM (IST)
ਜਲੰਧਰ : ਪ੍ਰਾਈਵੇਟ ਏਡਿਡ ਕਾਲਜ ਨਾਨ ਟੀਚਿੰਗ ਕਰਮਚਾਰੀ ਪੰਜਾਬ ਦੇ ਸੈਕਟਰੀ ਕਸ਼ਮੀਰ ਭਗਤ ਨੇ ਕਿਹਾ ਕਿ ਇਹ ਕਰਮਚਾਰੀ ਲੰਬੇ ਸਮੇਂ ਤੋਂ ਉਮੀਦ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਬਿਨਾਂ ਦੇਰੀ ਤੋਂ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ ਕਿਹਾ ਗਿਆ ਸੀ ਕਿ ‘ਆਪ’ਦੀ ਸਰਕਾਰ ਬਣਨ ’ਤੇ ਪਹਿਲੀ ਕੈਬਨਿਟ ਮੀਟਿੰਗ ਵਿਚ ਸਾਡੇ ਮਸਲੇ ਹੱਲ ਕੀਤੇ ਜਾਣਗੇ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਮਸਲੇ ਹੱਲ ਤਾਂ ਕੀ ਕਰਨੇ ਸੀ ਸਾਨੂੰ ਇਕ ਮੀਟਿੰਗ ਤਕ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਲੰਧਰ ਦੇ ਵਿਧਾਇਕ ਰਮਨ ਅਰੋੜਾ, ਸ਼ੀਤਲ ਅੰਗੁਰਾਲ ਤੇ ਰਾਜਵਿੰਦਰ ਕੌਰ ਮਹਿੰਲਾ ਵਿੰਗ ਪ੍ਰਧਾਨ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਬਜਟ ਆਉਣ ’ਤੇ ਕੋਈ ਐਲਾਨ ਕੀਤਾ ਜਾਵੇਗਾ ਕਿ ਤੁਹਾਨੂੰ ਛੇਵਾਂ ਪੇਅ ਕਮਿਸ਼ਨ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਬਜਟ ਵਿਚ ਸਾਡਾ ਨਾਨਟੀਚਿੰਗ ਕਰਮਚਾਰੀਆਂ ਦਾ ਨਾਮ ਵੀ ਨਹੀਂ ਲਿਆ ਗਿਆ। ਟੀਚਿੰਗ ਨੂੰ ਯੂ. ਜੀ. ਸੀ. ਸਕੇਲ ਦੇਣ ਦੀ ਗੱਲ ਕਹੀ ਗਈ ਹੈ। ਅਸੀਂ ਸਾਰੇ ਕਰਮਚਾਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਾਇਰ ਐਜੂਕੇਸ਼ਨ ਮੰਤਰੀ ਤੋਂ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸਾਡੀ ਮੁੱਖ ਮੰਗ 6ਵਾਂ ਪੇਅ ਕਮਿਸ਼ਨ ਅਤੇ ਐੱਚ. ਆਰ. ਏ. ਮੈਡੀਕਲ ਅਲਾਊਂਸ ਪਹਿਲ ਦੇ ਆਧਾਰ ’ਤੇ ਦਿੱਤਾ ਜਾਵੇ। ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮ 6ਵਾਂ ਪੇਅ ਕਮਿਸ਼ਨ ਦਾ ਲਾਭ ਲੈ ਰਹੇ ਹਨ ਅਤੇ ਅਸੀਂ ਉਡੀਕ ਕਰ ਰਹੇ ਹਾਂ। ਨਾਨ ਟੀਚਿੰਗ ਦੇ ਨਾਲ ਹਮੇਸ਼ਾ ਹੀ ਸੌਤੇਲਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ। ਚੰਨੀ ਸਰਕਾਰ ਵੀ ਜਾਂਦੇ ਜਾਂਦੇ ਐਲਾਨ ਕਰ ਗਈ ਪਰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਭਗਤ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਤਾਂ ਅਸੀਂ ਆਪਣੀਆਂ ਮੰਗਾਂ ਉਨ੍ਹਾਂ ਨੂੰ ਦੱਸ ਸਕੀਏ। ਇਸ ਮੌਕੇ ਕਸ਼ਮੀਰ ਭਗਤ, ਕਪਿਲ ਸ਼ਰਮਾ, ਮਨੀਸ਼ ਸ਼ਰਮਾ, ਰਾਮ ਫੇਰ ਆਦਿ ਮੌਜੂਦ ਸਨ।