ਮਾਮਲਾ ਡੇਰਾ ਕਾਂਡ ''ਚ ਹੋਈਆਂ ਮੌਤਾਂ ਦਾ : ਪੁਲਸ ਕਾਰਵਾਈ ਦੇ ਡਰ ਕਾਰਨ ਲਾਸ਼ਾਂ ਲੈਣ ਨਹੀਂ ਆ ਰਹੇ ਪਰਿਵਾਰਕ ਮੈਂਬਰ

Sunday, Aug 27, 2017 - 09:06 PM (IST)

ਚੰਡੀਗੜ੍ਹ /ਪੰਚਕੂਲਾ (ਆਸ਼ੀਸ਼) — ਗ੍ਰਿਫਤਾਰੀ ਦੇ ਡਰ ਤੋਂ ਸ਼ੁੱਕਰਵਾਰ ਦੇਰ ਰਾਤ ਇਥੇ ਦਾਖਲ 3 ਡੇਰਾ ਪ੍ਰੇਮੀ ਇਲਾਜ ਦੌਰਾਨ ਹੀ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਸ ਨੇ ਹਸਪਤਾਲ 'ਚੋਂ ਸੁਰੱਖਿਆ ਵਧਾਉਂਦੇ ਹੋਏ ਗੇਟ ਨੰਬਰ 1 ਨੂੰ ਬੰਦ ਕਰ ਦਿੱਤਾ। ਗੇਟ ਨੰਬਰ 2 ਤੋਂ ਹੀ ਹਸਪਤਾਲ 'ਚ ਅੰਦਰ ਆਉਣ ਤੇ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਓ. ਪੀ. ਡੀ. ਤੇ ਐਮਰਜੇਂਸੀ ਦੇ ਮੇਨ ਗੇਟ 'ਤੇ ਵੀ ਪੁਲਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਉਥੇ ਹੀ, ਮਰਨ ਵਾਲਿਆਂ 'ਚ ਇਕ 7 ਸਾਲ ਦਾ ਬੱਚਾ, 16 ਸਾਲ ਦਾ ਕਿਸ਼ੋਰ, 4 ਔਰਤਾਂ ਤੇ 25 ਮਰਦ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ ਮੌਤ ਛਾਤੀ, ਪੇਟ ਤੇ ਕਮਰ 'ਚ ਗੋਲੀ ਲਗਣ ਦੇ ਚਲਦੇ ਹੀ ਹੋਈ ਹੈ। ਮਰਨ ਵਾਲਿਆਂ 'ਚੋਂ ਜ਼ਿਆਦਾਤਰ ਦੇ ਪਰਿਵਾਰਕ ਮੈਂਬਰ ਕਿਸੇ ਤਰ੍ਹਾਂ ਦੀ ਪੁਲਸ ਕਾਰਵਾਈ ਦੇ ਡਰ ਦੇ ਚਲਦਿਆਂ ਉਨ੍ਹਾਂ ਦੀਆਂ ਲਾਸ਼ਾਂ ਲੈਣ ਤਕ ਨਹੀਂ ਪਹੁੰਚੇ। ਪੁਲਸ ਅਜੇ ਤਕ ਮਰਨ ਵਾਲੇ 31 ਮ੍ਰਿਤਕਾਂ 'ਚੋਂ 9 ਦੀ ਹੀ ਪਹਿਚਾਣ ਕਰ ਪਾਈ ਹੈ।
ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਮੌਤ ਦੇ ਬਾਰੇ ਉਨ੍ਹਾਂ ਦੇ ਨਿਵਾਸ ਸਥਾਨ ਨਾਲ ਸੰਬੰਧਿਤ ਥਾਣਾ ਪੁਲਸ ਦੇ ਜ਼ਰੀਏ ਸੂਚਿਤ ਕੀਤਾ ਜਾਣ ਦਾ ਕੰਮ ਪੁਲਸ ਕਰ ਰਹੀ ਹੈ। ਜਿਨ੍ਹਾਂ 'ਚੋਂ 5 ਪੰਜਾਬ ਤੇ 6 ਹਰਿਆਣਾ ਦੇ ਹਨ, ਜਿਨ੍ਹਾਂ 'ਚੋਂ ਇਕ ਮਹਿਲਾ ਹੈ । ਜਦ ਕਿ 20 ਅਜੇ ਵੀ ਲਾਵਾਰਿਸ ਹਨ, ਜਿਨ੍ਹਾਂ 'ਚੋਂ 3 ਮਹਿਲਾਵਾਂ ਹਨ। ਸ਼ਾਮ 7 ਵਜੇ ਤਕ 10 ਮ੍ਰਿਤਕਾਂ ਦਾ ਪੋਸਟਮਾਰਟਮ ਕੀਤਾ ਜਾ ਚੁੱਕਾ ਸੀ। ਡਾਕਟਰ ਵੀਣਾ ਸਿੰਘ ਨੇ ਦੱਸਿਆ ਕਿ ਅਸੀਂ ਹੋਰ ਲਾਸ਼ਾਂ ਦਾ ਰਾਤ ਪੋਸਟਮਾਰਟਮ ਕਰਨ ਦੀ ਇਜਾਜ਼ਤ ਕਮਿਸ਼ਨਰ ਤੋਂ ਲੈ ਲਈ ਹੈ ਤੇ ਕੋਸ਼ਿਸ਼ ਰਹੇਗੀ ਕਿ ਰਾਤ 'ਚ ਹੀ ਸਾਰੇ ਪੋਸਟਮਾਰਟਮ ਕਰ ਲਏ ਜਾਣਗੇ। ਪੁਲਸ ਨੇ 9 ਮ੍ਰਿਤਕਾਂ ਦੀ ਪਹਿਚਾਣ ਕਰ ਲਈ ਹੈ, ਜਦ ਕਿ ਹੋਰਨਾਂ ਬਾਰੇ ਜਾਂਚ ਜਾਰੀ ਹੈ। ਡਾਇਰੈਕਟਰ ਜਰਨਲ ਹੈਲਥ ਡਾ. ਸਤੀਸ਼ ਅਗਰਵਾਲ ਵੀ ਪਿਛਲੇ 3 ਦਿਨ ਤੋਂ ਸੁਰੱਖਿਅਤ ਸਾਧਨਾਂ 'ਤੇ ਨਜ਼ਰ ਰੱਖਣ ਲਈ ਖੁਦ ਹਸਪਤਾਲ  ਕੰਪਲੈਕਸ 'ਚ ਮੌਜੂਦ ਹਨ।
ਸ਼ਨੀਵਾਰ ਨੂੰ ਹਸਪਤਾਲ ਕੰਪਲੈਕਸ 'ਚ ਮੋਰਚਰੀ ਦੇ ਇਲਾਵਾ ਐਕਸਰੇ ਰੂਮ ਤੇ ਤੀਜੀ ਮੰਜਲ 'ਤੇ ਸਥਿਤ ਇਕ ਵਾਰਡ ਨੂੰ ਅਸਥਾਈ ਮੋਰਚਰੀ 'ਚ ਤਬਦੀਲ ਕੀਤਾ ਗਿਆ ਸੀ। ਸ਼ਨੀਵਾਰ ਦੁਪਹਿਰ ਬਾਅਦ ਤੋਂ ਹਸਪਤਾਲ 'ਚ ਇਨ੍ਹਾਂ ਜਗਾਵਾਂ 'ਤੇ ਡਾਕਟਰਾਂ ਦੀਆਂ ਟੀਮਾਂ ਵਲੋਂ ਲਾਸ਼ਾਂ ਦੇ ਪੋਸਟਮਾਰਟਮ ਕੀਤੇ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਪੋਸਟਮਾਰਟਮ ਦੌਰਾਨ ਸਾਰੇ ਮ੍ਰਿਤਕਾਂ ਦੀ ਮੌਤ ਕਿਨ੍ਹਾਂ ਕਾਰਨਾਂ ਨਾਲ ਹੋਈ ਹੈ, ਇਸ ਤੋਂ ਇਲਾਵਾ ਡਾਕਟਰ ਰਿਪੋਰਟ ਤਿਆਰ ਕਰਨ 'ਚ ਜੁਟੀ ਹੋਈ ਹੈ। ਜਾਣਕਾਰੀ ਮੁਤਾਬਕ ਸਾਰਿਆਂ ਦੇ ਛਾਤੀ, ਪੇਟ, ਤੇ ਕਮਰ 'ਚ ਗੋਲੀ ਲਗਣ ਦੇ ਕਾਰਨ ਹੀ ਉਨ੍ਹਾਂ ਦੀ ਮੌਤ ਹੋਈ ਹੈ। ਸ਼ੁੱਕਰਵਾਰ ਰਾਤ ਨੂੰ ਸੈਕਟਰ-6 ਹਸਪਤਾਲ ਦੀ ਮੋਰਚਰੀ 'ਚ ਕੁਲ 17 ਲਾਸ਼ਾਂ ਰੱਖੀਆਂ ਸਨ, ਜਿਨ੍ਹਾਂ ਦੀ ਮੌਤ ਹਸਪਤਾਲ ਲਿਆਉਣ ਤੋਂ ਪਹਿਲਾਂ ਜਾਂ ਫਿਰ ਹਸਪਤਾਲ ਪਹੁੰਚਣ ਤੋਂ ਕੁਝ ਸਮਾਂ ਬਾਅਦ ਹੀ ਹੋ ਗਈ ਸੀ। ਪੀ. ਜੀ. ਆਈ. 'ਚ ਇਲਾਜ ਦੌਰਾਨ ਮਰਨ ਵਾਲੇ 7 ਲੋਕਾਂ ਤੇ ਸੈਕਟਰ-32 ਹਸਪਤਾਲ 'ਚ ਮਰਨ ਵਾਲੇ 4 ਤੇ ਅਲਕੈਮਿਸਟ ਹਸਪਤਾਲ 'ਚ ਮਰਨ ਵਾਲੇ 3 ਡੇਰਾ ਪ੍ਰੇਮੀਆਂ ਦੀਆਂ ਲਾਸ਼ਾਂ ਵੀ ਸੈਕਟਰ-6 ਹਸਪਤਾਲ ਦੇ ਮੁਰਦਾਘਰ 'ਚ ਪੋਸਟਮਾਰਟਮ ਦੇ ਲਈ ਲਿਆਂਦੇ ਗਏ ਹਨ।
ਨਾਬਾਲਗ ਲੜਕੇ ਦੀ ਲਾਸ਼ ਲੈਣ ਪਹੁੰਚੇ ਪਿਤਾ
ਹਿੰਸਾ 'ਚ ਮਰਨ ਵਾਲੇ 16 ਸਾਲ ਦੇ ਨਾਬਾਲਗ ਲੜਕੇ ਦੀ ਪਹਿਚਾਣ ਪੰਜਾਬ ਦੇ ਜ਼ਿਲਾ ਮੁਕਤਸਰ, ਮਲੋਟ ਦੇ ਰਹਿਣ ਵਾਲੇ ਲਵਜੋਤ ਦੇ ਤੌਰ 'ਤੇ ਹੋਈ ਹੈ। ਸ਼ਨੀਵਾਰ ਨੂੰ ਉਸ ਦੇ ਪਿਤਾ ਤਾਂਕਾ ਸਿੰਘ ਆਪਣੇ ਸਾਲੇ ਨੂੰ ਨਾਲ ਲੈ ਕੇ ਆਪਣੇ ਪੁੱਤਰ ਦੀ ਲਾਸ਼ ਲੈਣ ਲਈ ਸੈਕਟਰ-6 ਹਸਪਤਾਲ ਦੇ ਮੁਰਦਾਘਰ ਪਹੁੰਚੇ ਸਨ। ਤਾਂਕੀ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ ਕੁਝ ਦਿਨ ਤੋਂ ਰਾਜਸਥਾਨ ਦੇ ਸ੍ਰੀਗੰਗਾਨਗਰ ਦੇ ਮੋਹਨਪੁਰ 'ਚ ਰਹਿਣ ਵਾਲੀ ਆਪਣੀ ਭੂਆ ਦੇ ਘਰ ਰਹਿਣ ਲਈ ਗਿਆ ਸੀ ਤੇ ਪਿਛਲੇ 3 ਦਿਨ ਤੋਂ ਉਹ ਗੁਆਂਢ 'ਚ ਰਹਿਣ ਵਾਲੇ ਲੜਕੇ ਦੇ ਨਾਲ ਪੰਚਕੂਲਾ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਡੇਰੇ ਤੋਂ ਨਾਮ ਨਹੀਂ ਲਿਆ ਹੈ , ਉਹ ਤਾਂ ਅੰਮ੍ਰਿਤਧਾਰੀ ਸਿੱਖ ਹਨ। ਬਸ, ਪੁੱਤਰ ਹੀ ਇਨ੍ਹਾਂ ਸਮਰਥਕਾਂ ਨਾਲ ਇਥੇ ਆ ਗਿਆ ਸੀ। ਪੁਲਸ ਵਲੋਂ ਉਨ੍ਹਾਂ ਦੇ ਪੁੱਤਰ ਨੂੰ ਗੋਲੀ ਲਗਣ ਦੀ ਖਬਰ ਉਨ੍ਹਾਂ ਤਕ ਪਹੁੰਚਾਈ ਗਈ ਸੀ , ਜਿਸ ਤੋਂ ਬਾਅਦ ਉਹ ਇਥੇ ਪਹੁੰਚੇ। ਦੁਪਹਿਰ ਬਾਅਦ ਤਕ ਉਹ ਲਾਸ਼ ਲੈ ਕੇ ਰਵਾਨਾ ਹੋ ਚੁੱਕੇ ਸਨ।  


Related News