ਲੁਟੇਰੇ ਔਰਤ ਦੀ ਚੇਨੀ ਝਪਟ ਕੇ ਫ਼ਰਾਰ
Thursday, Aug 03, 2017 - 06:23 PM (IST)

ਕੋਟਕਪੂਰਾ - ਸ਼ਹਿਰ ਅੰਦਰ ਰਾਹ ਜਾਂਦੇ ਲੋਕਾਂ ਤੋਂ ਚੇਨੀਆਂ, ਮੋਬਾਇਲ ਅਤੇ ਪਰਸ ਖੋਹਣ ਦਾ ਸਿਲਸਿਲਾ ਤਾਂ ਅਜੇ ਰੁਕਿਆ ਨਹੀਂ ਤੇ ਹੁਣ ਘਰਾਂ ਜਾਂ ਦੁਕਾਨਾਂ ’ਤੇ ਵੀ ਅਜਿਹੀਆਂ ਲੁੱਟਾਂ-ਖੋਹਾਂ ਹੋਣ ਲੱਗ ਪਈਆਂ ਹਨ। ਸ਼ਹਿਰ ਦੇ ਬਿਲਕੁਲ ਵਿਚਕਾਰ ਬਾਂਸਲ ਸਟਰੀਟ ’ਚ ਸਥਿਤ ਕਮਲ ਗਰਗ ਦੇ ਘਰ ਦੇ ਅਗਲੇ ਹਿੱਸੇ ’ਚ ਬਣੇ ਦਫ਼ਤਰ ’ਚ ਬੈਠੀ ਉਸ ਦੀ ਪਤਨੀ ਨੀਰੂ ਗਰਗ ਦੀ ਇਕ ਲੁਟੇਰੇ ਵੱਲੋਂ ਸੋਨੇ ਦੀ ਚੇਨੀ ਝੱਪਟੇ ਜਾਣ ਦੀ ਘਟਨਾ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਕਤ ਲੁਟੇਰਾ ਅਜੇ ਤੱਕ ਪੁਲਸ ਦੀ ਗਿ੍ਰਫ਼ਤ ’ਚ ਨਹੀਂ ਆਇਆ। ਕਮਲ ਗਰਗ ਨੇ ਦੱਸਿਆ ਕਿ ਉਸਦੀ ਪਤਨੀ ਨੀਰੂ ਗਰਗ ਜੋ ਕਿ ਭਾਜਪਾ ਦੀ ਜ਼ਿਲਾ ਕਾਰਜਕਾਰਨੀ ਮੈਂਬਰ ਵੀ ਹੈ, ਆਪਣੇ ਘਰ ਅੰਦਰ ਬਣੇ ਦਫਤਰ ’ਚ ਬੈਠੀ ਸੀ। ਇਸ ਦੌਰਾਨ ਉਥੇ ਆਏ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਚੇਨੀ ਝੱਪਟ ਲਈ ਪ੍ਰੰਤੂ ਇਸ ਦੌਰਾਨ ਅੱਧੀ ਚੇਨੀ ਉੱਥੇ ਹੀ ਡਿੱਗ ਪਈ ਜਦਕਿ ਅੱਧੀ ਚੇਨੀ ਲੁਟੇਰਾ ਲੈ ਕੇ ਫ਼ਰਾਰ ਹੋ ਗਿਆ। ਇਸ ਲੁਟੇਰੇ ਦੀ ਸ਼ਕਲ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ।
ਜਾਣਕਾਰੀ ਅਨੁਸਾਰ ਏ. ਐਸ. ਆਈ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਸੀ. ਸੀ. ਟੀ. ਵੀ. ਦੀ ਫੁਟੇਜ ਵੀ ਪ੍ਰਾਪਤ ਕੀਤੀ ਅਤੇ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰ ਲਏ ਜਾਣ ਦਾ ਭਰੋਸਾ ਦਿੱਤਾ। ਇਸ ਦੌਰਾਨ ਸ਼ਹਿਰ ਦੇ ਮੋਹਤਵਾਰ ਵਿਅਕਤੀਆਂ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਧਿਆਨ ’ਚ ਰੱਖਦੇ ਹੋਏ ਦਿਨ-ਰਾਤ ਦੀ ਗਸ਼ਤ ਹੋਰ ਵਧਾਉਣ ਦੀ ਮੰਗ ਕੀਤੀ ਹੈ।