ਚੀਮਾ ਦਾ ਖਹਿਰਾ 'ਤੇ ਨਿਸ਼ਾਨਾ, ਭਾਜਪਾ-ਅਕਾਲੀ ਤੇ ਸੰਘ ਕਰ ਰਹੇ 'ਰੈਲੀ' ਸਪਾਂਸਰ (ਵੀਡੀਓ)

Thursday, Aug 02, 2018 - 12:12 PM (IST)

ਚੰਡੀਗੜ੍ਹ— ਪੰਜਾਬ ਵਿਧਾਨ ਸਭਾ 'ਚ 'ਆਪ' ਹਾਈਕਮਾਨ ਵੱਲੋਂ ਵਿਰੋਧੀ ਦਲ ਦੇ ਨੇਤਾ ਬਣਾਏ ਗਏ ਹਰਪਾਲ ਸਿੰਘ ਚੀਮਾ ਨੇ ਸੁਖਪਾਲ ਖਹਿਰਾ ਦੀ ਬਠਿੰਡਾ ਕਨਵੈਨਸ਼ਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੇ ਕੁਝ ਗੁਮਰਾਹ ਹੋਏ ਨੇਤਾਵਾਂ ਵੱਲੋਂ ਬਠਿੰਡਾ 'ਚ ਕਰਵਾਈ ਜਾ ਰਹੀ ਕਥਿਤ 'ਆਪ ਕਨਵੈਨਸ਼ਨ' ਆਰ. ਐੱਸ. ਐੱਸ., ਭਾਜਪਾ-ਅਕਾਲੀ ਦਲ ਬਾਦਲ ਅਤੇ ਬੈਂਸ ਭਰਾਵਾਂ ਵੱਲੋਂ ਸਪਾਂਸਰ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਕਨਵੈਨਸ਼ਨ 'ਚ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਨਾਮ ਦਾ ਗਲਤ ਅਤੇ ਅਨੈਤਿਕ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹੀ ਨਹੀਂ ਇਸ ਕਨਵੈਨਸ਼ਨ ਦੇ ਪ੍ਰਚਾਰ ਲਈ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਨਾਮ ਅਤੇ ਫੋਟੋ ਵੀ ਅਨੈਤਿਕ ਤਰੀਕੇ ਨਾਲ ਇਸਤੇਮਾਲ ਕੀਤੇ ਗਏ ਹਨ।
ਚੀਮਾ ਨੇ ਦੋਸ਼ ਲਗਾਇਆ ਗਿਆ ਕਿ ਇਹ ਕਨਵੈਨਸ਼ਨ ਪੰਜਾਬ ਦੇ ਦਲਿਤ ਅਤੇ ਦੱਬੇ-ਕੁਚਲੇ ਸਮਾਜ ਖਿਲਾਫ ਹੈ। ਚੀਮਾ ਨੇ ਕਿਹਾ ਕਿ ਬੈਂਸ ਭਰਾ ਮੌਕਾ ਪ੍ਰਸਤ ਰਾਜਨੀਤੀ ਦੇ ਮਾਹਰ ਹਨ, ਉਹ ਗਠਜੋੜ ਧਰਮ ਨਿਭਾਉਣ ਦੀ ਬਜਾਏ ਆਮ ਆਦਮੀ ਪਾਰਟੀ ਨੂੰ ਤੋੜਨ 'ਚ ਲੱਗੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਅਤੇ ਸਮੁੱਚੀ ਪਾਰਟੀ ਇਸ ਕਨਵੈਨਸ਼ਨ ਦਾ ਜ਼ੋਰਦਾਰ ਸਵਾਗਤ ਕਰਦੀ ਜੇਕਰ ਇਹ ਮੌਕਾਪ੍ਰਸਤੀ ਦੀ ਬਜਾਏ ਪੰਜਾਬ ਦੇ ਦਲਿਤਾਂ, ਕਿਸਾਨਾਂ, ਬੇਰੁਜ਼ਗਾਰਾਂ, ਮਹਿੰਗਾਈ, ਭ੍ਰਿਸ਼ਟਾਚਾਰ, ਮਾਫੀਆ ਰਾਜ ਅਤੇ ਨਸ਼ਿਆਂ ਦੇ ਨਾਲ ਮਰ ਰਹੇ ਨੌਜਵਾਨਾਂ ਵਰਗੇ ਮੁੱਦਿਆਂ 'ਤੇ ਆਧਾਰਿਤ ਹੁੰਦੀ।


Related News