ਦੋਸ਼ੀ ਔਰਤਾਂ ਦੀ ਗ੍ਰਿਫਤਾਰੀ ਲਈ ਬੀ.ਕੇ.ਯੂ. ਸਿੱਧੂਪੁਰ ਵਲੋਂ ਚੀਮਾ ਥਾਣੇ ਦਾ ਘਿਰਾਓ ਜਾਰੀ
Friday, Jul 19, 2019 - 04:58 PM (IST)

ਚੀਮਾ ਮੰਡੀ (ਬੇਦੀ) - ਸੰਗਰੂਰ ਜ਼ਿਲੇ ਦੇ ਭ੍ਰਿਸ਼ਟ ਹੋਏ ਪੁਲਸ ਪ੍ਰਸਾਸ਼ਨ ਤੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਤੇ ਸਤਿਗੁਰ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੀਆਂ ਦੋਸ਼ੀ ਔਰਤਾਂ ਨੂੰ ਕਾਬੂ ਕਰਾਉਣ ਲਈ ਬੀ.ਕੇ.ਯੂ.ਸਿੱਧੂਪੁਰ ਵਲੋਂ ਜ਼ਿਲਾ ਮੀਤ ਪ੍ਰਧਾਨ ਰਣ ਸਿੰਘ ਚੱਠਾ ਦੀ ਅਗਵਾਈ ਹੇਠ 7ਵੇਂ ਦਿਨ ਵੀ ਚੀਮਾ ਥਾਣੇ ਦਾ ਘਿਰਾਓ ਜਾਰੀ ਰਿਹਾ। ਪੰਜਾਬ ਦੇ ਸੂਬਾ ਜਰਨਲ ਸਕੱਤਰ ਬੋਘ ਸਿੰਘ ਮਾਨਸਾ, ਮਾਨਸਾ ਜ਼ਿਲੇ ਦੇ ਪ੍ਰਧਾਨ ਗੁਰਚਰਨ ਸਿੰਘ ਭੀਖੀ, ਬਲਜੀਤ ਸਿੰਘ ਜੌਲੀਆ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਸੰਗਰੂਰ ਨੇ ਕਿਹਾ ਕਿ ਚੀਮਾ ਥਾਣਾ ਦੀ ਪੁਲਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਬਾਕੀ ਦੇ ਦੋ ਮੁੱਖ ਦੋਸ਼ੀ ਔਰਤਾਂ ਨੂੰ ਬਚਾਉਣ 'ਚ ਲੱਗੀ ਹੋਈ ਹੈ। ਇਸੇ ਗੱਲ ਦੇ ਰੋਸ ਵਜੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਸਿੱਧੂਪੁਰ ਜਥੇਬੰਦੀ ਨੇ ਸਘੰਰਸ਼ ਵਿੱਢਿਆ ਹੋਇਆ ਹੈ।
ਇਸ ਦੌਰਾਨ ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਦੋਸ਼ੀ ਔਰਤਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਗਲਾ ਸਘੰਰਸ਼ ਇਸ ਤੋਂ ਵੀ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਡੀ.ਐੱਸ.ਪੀ. ਸੁਨਾਮ ਅਤੇ ਚੀਮਾ ਥਾਣੇ ਦੇ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲਾ ਮੀਤ ਪ੍ਰਧਾਨ ਰਣ ਸਿੰਘ ਚੱਠਾ ਨੇ ਕਿਹਾ ਕਿ ਜਿਨ੍ਹਾਂ ਚਿਰ ਦੋਸ਼ੀ ਔਰਤਾਂ ਛਿੰਦਰ ਕੌਰ ਅਤੇ ਕੁਲਵੀਰ ਕੌਰ ਛਾਜਲੀ ਨੂੰ ਕਾਬੂ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਚੀਮਾ ਥਾਣੇ ਦਾ ਘਿਰਾਓ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲਸ ਆਪਣਾ ਫਰਜ਼ ਭੁੱਲ ਕੇ ਚੰਦ ਪੈਸਿਆਂ ਦੀ ਖਾਤਰ ਦੋਸ਼ੀਆਂ ਨੂੰ ਬਚਾਉਣ 'ਚ ਲੱਗ ਜਾਂਦੀ ਹੈ। ਇਸੇ ਕਾਰਨ ਮਜਬੂਰਨ ਇਨਸਾਫ ਪਸੰਦ ਲੋਕਾਂ ਨੂੰ ਅਤੇ ਕਿਸਾਨ ਜਥੇਬੰਦੀਆਂ ਨੂੰ ਧਰਨੇ ਲਾ ਕੇ ਰੋਡ ਜਾਮ ਕਰਨੇ ਪੈਂਦੇ ਹਨ, ਕਿਉਂਕਿ ਇਕੱਲੇ ਵਿਅਕਤੀ ਦੀ ਕਿਤੇ ਸੁਣਵਾਈ ਨਹੀਂ ਹੁੰਦੀ। ਇਸ ਮੌਕੇ ਸੁਨਾਮ ਬਲਾਕ ਦੇ ਪ੍ਰਧਾਨ ਹਰੀ ਸਿੰਘ ਚੱਠਾ, ਸਕੱਤਰ ਪਿਆਰਾ ਸਿੰਘ ਭੰਗੂ, ਲਹਿਰਾ ਬਲਾਕ ਦੇ ਪ੍ਰਧਾਨ ਗੁਰਲਾਲ ਸਿੰਘ ਜਲੂਰ, ਜਗਰਾਜ ਸਿੰਘ ਹੀਰੋ ਕਲਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਔਰਤਾਂ ਅਤੇ ਕਿਸਾਨ ਹਾਜ਼ਰ ਸਨ।