ਰੇਲਵੇ ਸਟੇਸ਼ਨ ''ਤੇ ਚੱਲ ਰਹੇ ਪ੍ਰਾਜੈਕਟਾਂ ਦੀ ਚੈਕਿੰਗ
Thursday, Mar 01, 2018 - 05:11 AM (IST)

ਅੰਮ੍ਰਿਤਸਰ, (ਵਾਲੀਆ/ਕਮਲ)- ਲੋਕ ਸਭਾ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਜਾ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਵਿਕਾਸ ਕਾਰਜ ਅਜਿਹੇ ਹਨ ਜੋ ਆਪਣੇ ਮਿੱਥੇ ਸਮੇਂ 'ਚ ਪੂਰੇ ਨਹੀਂ ਕੀਤੇ ਜਾ ਸਕੇ, ਜਿਸ ਕਾਰਨ ਸਟੇਸ਼ਨ 'ਤੇ ਆਉਣ ਵਾਲੇ ਯਾਤਰੀਆਂ ਤੇ ਸੈਲਾਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਜਲਾ ਨੇ ਦੱਸਿਆ ਕਿ ਟੂਰਿਜ਼ਮ ਮੰਤਰਾਲੇ ਤੇ ਰੇਲਵੇ ਵੱਲੋਂ ਸਾਂਝੇ ਤੌਰ 'ਤੇ ਗ੍ਰਾਂਟਾਂ ਜਾਰੀ ਕਰ ਕੇ ਕੀਤੇ ਜਾ ਰਹੇ ਸਟੇਸ਼ਨ ਦੇ ਵਿਕਾਸ ਵਿਚ ਅਫਸਰਸ਼ਾਹੀ ਦੀ ਢਿੱਲਮੱਠ ਕਾਰਨ ਵਿਕਾਸ ਕਾਰਜ ਸੁਸਤ ਚਾਲੇ ਚੱਲ ਰਹੇ ਹਨ।
ਉਨ੍ਹਾਂ ਦੱਸਿਆ ਕਿ ਮੰਤਰਾਲੇ ਨੇ 2012-13 ਵਿਚ 13.63 ਕਰੋੜ ਰੁਪਏ ਜਾਰੀ ਕੀਤੇ ਸਨ। ਗੱਡੀਆਂ ਧੋਣ ਲਾਈ ਲਾਈਨਾਂ ਦੇ ਵਿਕਾਸ ਲਈ 8.77 ਕਰੋੜ, ਪਲੇਟਫਾਰਮ ਨੂੰ 1, 2, 3 ਦੇ ਫਰਸ਼ ਦੀ ਮੁਰੰਮਤ ਤੇ ਪੀਣ ਵਾਲੇ ਪਾਣੀ ਲਈ 2 ਕਰੋੜ 18 ਲੱਖ 39 ਹਜ਼ਾਰ, ਇਸੇ ਤਰ੍ਹਾਂ 26 ਕੋਚਾਂ ਦੇ ਧੋਣ ਲਈ ਨਵੀਂ ਵਾਸ਼ਿੰਗ ਲਾਈਨ ਦੀ ਉਸਾਰੀ ਲਈ 2017-18 'ਚ 5.68 ਕਰੋੜ, ਬਿਜਲਈ ਇੰਟਰਚੇਂਜ ਅਤੇ ਯਾਰਡ ਦੇ ਵਿਕਾਸ ਲਈ 5.58 ਕਰੋੜ ਰੁਪਏ, ਐਸਕਲਟਰ 'ਤੇ ਸੁਰੱਖਿਆ ਸਿਸਟਮ ਫਿਟ ਕਰਨ ਲਈ 2014-15 'ਚ 16.29 ਕਰੋੜ ਰੁਪਏ, 2011-12 'ਚ 'ਰੀਗੋ' ਪੁਲ ਦੀਆਂ ਸਲੈਬਾਂ ਬਦਲਣ ਲਈ 16.29 ਕਰੋੜ, ਯਾਰਡ ਦੇ ਵਿਕਾਸ ਲਈ 8 ਕਰੋੜ ਰੁਪਏ ਤੇ ਸਟੇਸ਼ਨ 'ਤੇ ਲੱਗਣ ਵਾਲੇ 1 ਮੈਗਾਵਾਟ ਸੋਲਰ ਪੈਨਲ ਲਈ 2016-17 'ਚ 8 ਕਰੋੜ ਰੁਪਏ ਅਲਾਟ ਕੀਤੇ ਗਏ। ਇਸੇ ਤਰ੍ਹਾਂ ਭੰਡਾਰੀ ਪੁਲ ਦੇ ਨਾਲ ਲੋਹੇ ਦੇ ਬੀਮ ਪਾ ਕੇ ਇਸ ਨੂੰ ਚੌੜਾ ਕਰਨ ਦੀ ਤਜਵੀਜ਼ ਸੀ, ਜਿਸ ਲਈ 19.29 ਕਰੋੜ ਰੁਪਏ ਅਲਾਟ ਕੀਤੇ ਗਏ।
ਔਜਲਾ ਨੇ ਕਿਹਾ ਕਿ ਇਹ ਸਾਰੇ ਪ੍ਰਾਜੈਕਟ ਬਹੁਤ ਸਮਾਂ ਪਹਿਲਾਂ ਹੀ ਪੂਰੇ ਹੋ ਜਾਣੇ ਚਾਹੀਦੇ ਸਨ ਪਰ ਅਫਸਰਸ਼ਾਹੀ ਦੇ ਸੁਸਤ ਵਤੀਰੇ ਕਾਰਨ ਅੱਧ-ਵਿਚਾਲੇ ਹੀ ਲਟਕੇ ਹੋਏ ਹਨ, ਜਿਸ ਦਾ ਖਮਿਆਜ਼ਾ ਸਟੇਸ਼ਨ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਦੌਰਾਨ ਔਜਲਾ ਸਟੇਸ਼ਨ 'ਤੇ ਕੰਮ ਕਰਨ ਵਾਲੇ ਕੁਲੀਆਂ ਨੂੰ ਵੀ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਸਬੰਧੀ ਮੈਮੋਰੰਡਮ ਵੀ ਦਿੱਤਾ।