ਵਿੱਤ ਮੰਤਰੀ ਚੀਮਾ ਵੱਲੋਂ ਆਬਕਾਰੀ ਵਿਭਾਗ ਦੀ ਈ-ਚੌਕਸੀ ਸਿਸਟਮ ਰਾਹੀਂ ਅਚਨਚੇਤ ਚੈਕਿੰਗ, ਦਿੱਤੇ ਇਹ ਨਿਰਦੇਸ਼

Wednesday, Jan 11, 2023 - 09:35 PM (IST)

ਵਿੱਤ ਮੰਤਰੀ ਚੀਮਾ ਵੱਲੋਂ ਆਬਕਾਰੀ ਵਿਭਾਗ ਦੀ ਈ-ਚੌਕਸੀ ਸਿਸਟਮ ਰਾਹੀਂ ਅਚਨਚੇਤ ਚੈਕਿੰਗ, ਦਿੱਤੇ ਇਹ ਨਿਰਦੇਸ਼

ਚੰਡੀਗੜ੍ਹ : ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਡਿਸਟਿਲਰੀਆਂ ਅਤੇ ਬੋਟਲਿੰਗ ਪਲਾਂਟਾਂ 'ਤੇ ਤਾਇਨਾਤ ਆਬਕਾਰੀ ਅਤੇ ਕਰ ਅਧਿਕਾਰੀਆਂ (ਈ.ਟੀ.ਓਜ਼) ਅਤੇ ਆਬਕਾਰੀ ਇੰਸਪੈਕਟਰਾਂ ਦੀ ਹਾਜ਼ਰੀ ਦੀ ਆਬਕਾਰੀ ਵਿਭਾਗ ਦੀ ਈ-ਸਰਵੇਲੈਂਸ ਪ੍ਰਣਾਲੀ ਰਾਹੀਂ ਅਚਨਚੇਤ ਚੈਕਿੰਗ ਕੀਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ਕਿ ਆਬਕਾਰੀ ਅਤੇ ਕਰ ਭਵਨ ਵਿਖੇ ਆਬਕਾਰੀ ਇਨਫੋਰਸਮੈਂਟ ਅਧਿਕਾਰੀਆਂ ਲਈ ਅਧਿਕਾਰਤ ਜੈਕੇਟ ਲਾਂਚ ਕਰਨ ਲਈ ਪੁੱਜੇ ਹੋਏ ਸਨ, ਨੇ ਡਿਸਟਿਲਰੀਆਂ, ਬਰੂਅਰੀਜ਼ ਅਤੇ ਬੋਟਲਿੰਗ ਪਲਾਂਟਾਂ ਦੇ ਨਿਰਮਾਣ ਯੂਨਿਟਾਂ ਦੀ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਨਾਲੋ-ਨਾਲ ਕੀਤੀ ਜਾ ਰਹੀ ਈ-ਨਿਗਰਾਨੀ ਦਾ ਜਾਇਜ਼ਾ ਲੈਣ ਲਈ ਮੁੱਖ ਦਫਤਰ, ਮੋਹਾਲੀ ਵਿਖੇ ਚਲਾਏ ਜਾ ਰਹੇ ਕੰਟਰੋਲ ਰੂਮ ਦਾ ਦੌਰਾ ਕੀਤਾ।

ਇਸ ਮੌਕੇ ਉਨ੍ਹਾਂ ਇਨ੍ਹਾਂ ਯੂਨਿਟਾਂ ਵਿੱਚ ਤਾਇਨਾਤ ਆਬਕਾਰੀ ਇੰਸਪੈਕਟਰਾਂ ਅਤੇ ਆਬਕਾਰੀ ਅਧਿਕਾਰੀਆਂ ਦੀ ਹਾਜ਼ਰੀ ਵੀ ਚੈਕ ਕੀਤੀ ਅਤੇ ਗੈਰ-ਹਾਜ਼ਰ ਅਧਿਕਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਆਪਣੀ ਡਿਊਟੀ ਦੌਰਾਨ ਵਰਤੀ ਗਈ ਕਿਸੇ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕਰੇਗੀ।

PunjabKesari

ਇਸ ਤੋਂ ਪਹਿਲਾਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਸ. ਹਰਪਾਲ ਸਿੰਘ ਚੀਮਾ ਨੇ ਆਬਕਾਰੀ ਇੰਸਪੈਕਟਰਾਂ, ਆਬਕਾਰੀ ਅਧਿਕਾਰੀਆਂ ਸਮੇਤ ਇਸ ਤੋਂ ਤੋਂ ਉੱਪਰਲੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਲਈ ਅਧਿਕਾਰਤ ਜੈਕਟਾਂ ਨੂੰ ਲਾਂਚ ਕੀਤਾ। ਇਨ੍ਹਾਂ ਹਾਫ ਜੈਕਟਾਂ 'ਤੇ ਆਬਕਾਰੀ ਵਿਭਾਗ ਦੇ ਨਾਲ-ਨਾਲ ਪੰਜਾਬ ਸਰਕਾਰ ਦਾ ਲੋਗੋ ਵੀ ਹੈ ਅਤੇ ਰਾਤ ਵੇਲੇ ਨਾਕੇ ਅਤੇ ਛਾਪੇਮਾਰੀ ਦੌਰਾਨ ਸੁਰੱਖਿਆ ਨੂੰ ਮੁੱਖ ਰੱਖਦਿਆਂ ਚਮਕਦਾਰ ਪੱਟੀਆਂ ਲਗਾਈਆਂ ਗਈਆਂ ਹਨ। ਇੰਨਫੋਰਸਮੈਂਟ ਗਤੀਵਿਧੀਆਂ ਨਾਲ ਸਬੰਧਤ ਆਬਕਾਰੀ ਵਿਭਾਗ ਦੇ ਅਧਿਕਾਰੀ ਲੰਬੇ ਸਮੇਂ ਤੋਂ ਅਜਿਹੀਆਂ ਅਧਿਕਾਰਤ ਜੈਕਟਾਂ ਜਾਂ ਪਹਿਰਾਵੇ ਦੀ ਮੰਗ ਕਰ ਰਹੇ ਸਨ।

PunjabKesari

ਇਸ ਮੌਕੇ ਆਬਕਾਰੀ ਅਤੇ ਕਰ ਮੰਤਰੀ ਨੇ ਕਿਹਾ ਕਿ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਕਿਸੇ ਅਧਿਕਾਰਤ ਪਹਿਰਾਵੇ ਦੀ ਅਣਹੋਂਦ ਕਾਰਨ ਇੰਨਫੋਰਸਮੈਂਟ ਨਾਲ ਸਬੰਧਤ ਕਾਰਵਾਈਆਂ ਦੌਰਾਨ ਉਨ੍ਹਾਂ ਦੀ ਵਿਲੱਖਣ ਪਹਿਚਾਣ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਸ ਕਾਰਨ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਮੌਕੇ ਕਈ ਔਕੜਾਂ ਪੇਸ਼ ਆ ਰਹੀਆਂ ਸਨ। ਉਨ੍ਹਾਂ ਆਬਕਾਰੀ ਇੰਸਪੈਕਟਰਾਂ ਸਮੇਤ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੁਣ ਤੋਂ ਨਾਕਿਆਂ ਅਤੇ ਛਾਪਿਆਂ ਦੌਰਾਨ ਇਹ ਹਾਫ ਜੈਕਟ ਜ਼ਰੂਰ ਪਹਿਨਣਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਜਿੱਥੇ ਪੰਜਾਬ ਸਰਕਾਰ ਦੀ ਆਬਕਾਰੀ ਆਮਦਨ ਨੂੰ ਸੁਰੱਖਿਅਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ ਉਥੇ ਸ਼ਰਾਬ ਦੀ ਤਸਕਰੀ ਅਤੇ ਨਜਾਇਜ਼ ਸ਼ਰਾਬ ਕੱਢਣ ਦੇ ਖ਼ਤਰੇ ਨੂੰ ਠੱਲ੍ਹ ਪਾਉਣ ਲਈ ਆਬਕਾਰੀ ਅਮਲੇ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕਹੀ।


author

Mandeep Singh

Content Editor

Related News