ਦੁਕਾਨਦਾਰਾਂ ਨੇ ਚੈਕਿੰਗ ਕਰਨ ਆਈ ਟੀਮ ਦਾ ਕੀਤਾ ਵਿਰੋਧ

Sunday, Aug 26, 2018 - 12:35 AM (IST)

ਦੁਕਾਨਦਾਰਾਂ ਨੇ ਚੈਕਿੰਗ ਕਰਨ ਆਈ ਟੀਮ ਦਾ ਕੀਤਾ ਵਿਰੋਧ

ਮੋਗਾ, (ਗੋਪੀ ਰਾਊਕੇ)-ਅੱਜ ਮੈਜਿਸਟਿਕ ਰੋਡ ਮੋਗਾ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦ ਐਪਲ ਮੋਬਾਇਲ ਫੋਨ ਦੇ ਡੁਪਲੀਕੇਟ ਸਾਮਾਨ ਦੀ ਵਿੱਕਰੀ ਕਰਨ ਵਾਲੇ ਦੁਕਾਨਦਾਰਾਂ ਦੇ ਸਾਮਾਨ ਦੀ ਜਾਂਚ ਕਰਨ ਆਈ ਟੀਮ ਦਾ ਦੁਕਾਨਦਾਰਾਂ ਵੱਲੋਂ ਜਮ ਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਦੁਕਾਨਦਾਰਾਂ ਨੇ ਟੀਮ ਦੇ ਮੈਂਬਰਾਂ  ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਉਹ ਵੱਡੇ ਮਗਰਮੱਛਾਂ ਨੂੰ ਤਾਂ ਹੱਥ ਨਹੀਂ ਪਾਉਂਦੇ ਅਤੇ ਛੋਟੇ ਦੁਕਾਨਦਾਰਾਂ ਨੂੰ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।  ਜਾਣਕਾਰੀ ਅਨੁਸਾਰ ਪ੍ਰੋਟੈਕਟ ਆਈ. ਪੀ. ਸਿਲੈਕਸ਼ਨ ਐੱਲ. ਐੱਲ. ਪੀ. ਗੁਡ਼ਗਾਓਂ ਦੀ ਇਕ ਟੀਮ ਮੋਗਾ ਆਈ ਜੋ ਆਪਣੇ ਆਪ ਨੂੰ ਐਪਲ ਮੋਬਾਇਲ ਕੰਪਨੀ ਦੇ ਡੁਪਲੀਕੇਟ ਸਾਮਾਨ ਦੀ ਵਿੱਕਰੀ ਕਰਨ ਵਾਲਿਆਂ ਨੂੰ ਕਾਬੂ ਕਰਨ  ਲਈ ਇੰਪਲਾਈ ਦੱਸ ਰਹੇ ਸਨ, ਜਿਨ੍ਹਾਂ ’ਚ ਬਲਵੀਰ ਸਿੰਘ ਸੀਨੀਅਰ ਇੰਨਵੈਸਟੀਗੇਸ਼ਨ ਅਧਿਕਾਰੀ ਗੁਡ਼ਗਾਓਂ, ਚੰਦਰਸ਼ੇਖਰ ਰਾਜੇਸ਼ ਕੁਮਾਰ ਅਤੇ ਮੁਨੀਸ਼ ਕੁਮਾਰ ਦੇ ਇਲਾਵਾ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਅਤੇ ਹੋਰ ਪੁਲਸ ਮੁਲਾਜ਼ਮ ਵੀ ਸਨ, ਜਦੋਂ ਹੀ ਉਕਤ ਟੀਮ ਨੇ ਪੁਲਸ ਪਾਰਟੀ ਸਮੇਤ ਮੈਜਿਸਟਿਕ ਰੋਡ ’ਤੇ ਕਟਾਰੀਆ ਮੋਬਾਇਲ ਐਸੈਸਰੀ, ਨਵੀਂ ਕਮਿਉਨੀਕੇਸ਼ਨ, ਗਰਗ ਟੈਲੀਕਾਮ ਆਦਿ ਦੁਕਾਨਾਂ ’ਤੇ ਜਾ ਕੇ ਉਥੇ ਪਏ ਮੋਬਾਇਲ ਫੋਨਾਂ ਦੇ ਸਮਾਨ ਦੀ ਜਾਂਚ ਕਰਨੀ ਸ਼ੁਰੂੂ ਕੀਤੀ ਤਾਂ ਵੱਡੀ ਗਿਣਤੀ ’ਚ ਦੁਕਾਨਦਾਰ ਅਤੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਜਾਂਚ ਕਰਨ ਆਈ ਟੀਮ ਦਾ ਵਿਰੋਧ ਕਰਦੇ ਹੋਏ ਉਥੋਂ ਭਜਾ ਦਿੱਤੇ ਅਤੇ ਕਿਹਾ ਕਿ ਅੱਜ-ਕੱਲ ਦੀ ਮਹਿੰਗਾਈ ਦੇ ਯੁੱਗ ’ਚ ਛੋਟੇ ਦੁਕਾਨਦਾਰਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੇਕਰ ਟੀਮ ਨੂੰ ਲੱਗਦਾ ਹੈ ਕਿ ਅਸੀਂ ਜਾਅਲੀ ਸਾਮਾਨ ਦੀ ਵਿੱਕਰੀ ਕਰਦੇ ਹਾਂ ਤਾਂ ਉਹ ਲੁਧਿਆਣਾ ਅਤੇ ਦਿੱਲੀ ਸਥਿਤ ਵੱਡੀਆਂ ਦੁਕਾਨਾਂ ’ਤੇ ਜਾ ਕੇ ਛਾਪੇਮਾਰੀ ਕਰਨ, ਜੋ ਡੁਪਲੀਕੇਟ ਸਾਮਾਨ ਧਡ਼ੱਲੇ ਨਾਲ ਵਿੱਕਰੀ ਕਰ ਰਹੇ ਹਨ ਜਦਕਿ ਅਸੀਂ ਉਥੋਂ ਲੈ ਕੇ ਆਉਂਦੇ ਹਾਂ ਸਾਨੂੰ ਉਨ੍ਹਾਂ ਦੀ ਕੋਈ ਜਾਣਕਾਰੀ ਨਹੀਂ ਉਹ ਡੁਪਲੀਕੇਟ ਹੈ ਜਾਂ ਅਸਲੀ। ਪੁਲਸ ਮੁਲਾਜ਼ਮਾਂ ਨੇ ਬਡ਼ੀ ਮੁਸ਼ਕਲ ਨਾਲ ਉਕਤ ਸਾਰਿਆਂ ਨੂੰ ਉਥੋਂ ਕੱਢਿਆ ਅਤੇ ਥਾਣੇ ਲੈ ਕੇ ਆਂਦਾ। ਜੇਕਰ ਪੁਲਸ ਕਰਮਚਾਰੀ ਹੁਸ਼ਿਆਰੀ ਤੋਂ ਕੰਮ ਨਾ ਲੈਂਦੇ ਤਾਂ ਉਥੇ ਵੱਡਾ ਹੰਗਾਮਾ ਹੋ ਸਕਦਾ ਸੀ ਅਤੇ ਹੱਥੋਂ ਪਾਈ ਵੀ ਹੋ ਸਕਦੇ ਸਨ।
 ਕੀ ਕਹਿਣੈ ਥਾਣਾ ਮੁਖੀ ਦਾ
 ਜਦ ਇਸ ਸਬੰਧ ’ਚ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਛਾਪੇਮਾਰੀ ਕਰਨ ਆਈ ਟੀਮ ਦੇ ਦਸਤਾਵੇਜ਼ ਚੈੱਕ ਕਰ ਰਹੇ ਹਨ ਅਤੇ ਗੁਡ਼ਗਾਓਂ ਸਥਿਤ ਉਨ੍ਹਾਂ ਦੀ ਕੰਪਨੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਕੇ ਸਚਾਈ ਜਾਨਣ ਦਾ ਯਤਨ ਕੀਤਾ ਜਾ ਰਿਹਾ ਹੈ। ਦੋਨੋਂ ਧਿਰਾਂ ਨੂੰ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ।
 


Related News