ਚੈੱਕ ਬਾਊਂਸ ਦੇ ਕੇਸ ਵਿਚ : 10 ਮਹੀਨੇ ਦੀ ਸਜ਼ਾ ਅਤੇ 10 ਲੱਖ ਹਰਜਾਨਾ ਵਿਆਜ ਸਮੇਤ ਦੇਣ ਦਾ ਹੁਕਮ
Sunday, Feb 04, 2018 - 09:50 AM (IST)
ਪਟਿਆਲਾ (ਬਲਜਿੰਦਰ)-ਜੇ. ਐੱਮ. ਆਈ. ਸੀ. ਇੰਦਰਜੀਤ ਸਿੰਘ ਦੀ ਅਦਾਲਤ ਨੇ 10 ਲੱਖ ਦਾ ਚੈੱਕ ਬਾਊਂਸ ਹੋਣ ਦੇ ਕੇਸ ਵਿਚ ਸਮਰਿਤੀ ਧਵਨ ਪਤਨੀ ਗੌਰਵ ਧਵਨ ਵਾਸੀ ਪੁੰਜ ਲੈਂਡ ਇਨਕਲੇਵ ਪਟਿਆਲਾ ਨੂੰ 10 ਮਹੀਨੇ ਦੀ ਸਜ਼ਾ ਅਤੇ ਚੈੱਕ ਦੀ ਰਕਮ 10 ਲੱਖ ਰੁਪਏ ਬਤੌਰ ਹਰਜਾਨਾ ਸਮੇਤ 12 ਫੀਸਦੀ ਸਾਲਾਨਾ ਵਿਆਜ ਸ਼ਿਕਾਇਤਕਰਤਾ ਹੇਮੰਤ ਸਿੰਘੀ ਪੁੱਤਰ ਵਿਜੀ ਸਿੰਘੀ ਵਾਸੀ ਸ਼੍ਰੀ ਨਿਵਾਸ ਕਾਲੋਨੀ ਪਟਿਆਲਾ ਨੂੰ ਅਦਾ ਕਰਨ ਦਾ ਫੈਸਲਾ ਸੁਣਾਇਆ ਹੈ।
ਸ਼ਿਕਾਇਤਕਰਤਾ ਦੇ ਵਕੀਲ ਅਮਿਤ ਜੈਨ ਨੇ ਦੱਸਿਆ ਕਿ ਹੇਮੰਤ ਸਿੰਘੀ ਅਤੇ ਗੌਰਵ ਧਵਨ ਬਚਪਨ ਦੇ ਦੋਸਤ ਸਨ, ਜੋ ਆਪਣੇ ਵੱਖ-ਵੱਖ ਕਾਰੋਬਾਰ ਕਰਦੇ ਹਨ, ਪਰ ਸਮਰਿਤੀ ਧਵਨ ਨੇ 31 ਅਕਤੂਬਰ 2015 ਨੂੰ ਹੇਮੰਤ ਸਿੰਘੀ ਤੋਂ 10 ਲੱਖ ਰੁਪਏ ਨਕਦ ਉਧਾਰ ਲਏ ਸਨ, ਜੋ ਕਿ ਹੇਮੰਤ ਸਿੰਘੀ ਨੇ ਆਪਣੇ ਬੈਂਕ ਵਿਚ ਜਮ੍ਹਾ ਐੱਫ. ਡੀ. ਤੁੜਵਾ ਕੇ ਆਪਣੇ ਦੋਸਤ ਅਤੇ ਉਸ ਦੀ ਪਤਨੀ ਦੀ ਮਦਦ ਕਰਨ ਲਈ ਦਿੱਤੇ ਸਨ ਅਤੇ ਸਮਰਿਤੀ ਧਵਨ ਨੇ ਰਕਮ ਵਾਪਸ ਕਰਨ ਲਈ ਦੋ ਮਹੀਨੇ ਦਾ ਭਰੋਸਾ ਦਿੱਤਾ ਸੀ, ਜਿਸ ਵਜੋਂ ਉਸ ਨੇ ਹੇਮੰਤ ਸਿੰਘੀ ਨੂੰ 31 ਦਸੰਬਰ 2015 ਨੂੰ 10 ਲੱਖ ਦਾ ਚੈੱਕ ਦੇ ਦਿੱਤਾ ਪਰ ਬਾਅਦ ਵਿਚ ਚੈੱਕ ਖਾਤੇ 'ਚ ਲਾਉਣ 'ਤੇ ਸਮਰਿਤੀ ਧਵਨ ਦੇ ਖਾਤੇ ਵਿਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ, ਫੇਰ ਹੇਮੰਤ ਸਿੰਘੀ ਨੇ ਆਪਣੇ ਵਕੀਲ ਅਮਿਤ ਜੈਨ ਰਾਹੀਂ ਕਾਨੂੰਨੀ ਕਾਰਵਾਈ ਕਰਦੇ ਹੋਏ ਮਾਣਯੋਗ ਅਦਾਲਤ ਵਿਚ ਚੈੱਕ ਬਾਊਂਸ ਦਾ ਕੇਸ ਕਰ ਦਿੱਤਾ, ਜਿਸ ਵਿਚ ਅਦਾਲਤ ਨੇ ਹੇਮੰਤ ਸਿੰਘੀ ਦੇ ਵਕੀਲ ਅਮਿਤ ਜੈਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਸਮਰਿਤੀ ਧਵਨ ਨੂੰ 10 ਮਹੀਨੇ ਦੀ ਸਜ਼ਾ, 10 ਲੱਖ ਬਤੌਰ ਹਰਜਾਨਾ ਸਮੇਤ 12 ਫੀਸਦੀ ਸਾਲਾਨਾ ਵਿਆਜ ਦੇਣ ਦਾ ਹੁਕਮ ਸੁਣਾਇਆ ਹੈ।