ਵਿਆਹ ਵਾਲੇ ਦਿਨ ਮੁੰਡੇ ਨਾਲ ਹੋਈ ਜੱਗੋਂ ਤੇਰ੍ਹਵੀਂ, ਘਰ ’ਚ ਮੇਲ ਬੈਠਾ, ਨਾ ਲਾੜੀ ਵੇਖੀ ਨਾ ਹੀ ਕੁੜੀ ਦੇ ਘਰ ਦਾ ਪਤਾ

Saturday, Jan 06, 2024 - 06:43 PM (IST)

ਵਿਆਹ ਵਾਲੇ ਦਿਨ ਮੁੰਡੇ ਨਾਲ ਹੋਈ ਜੱਗੋਂ ਤੇਰ੍ਹਵੀਂ, ਘਰ ’ਚ ਮੇਲ ਬੈਠਾ, ਨਾ ਲਾੜੀ ਵੇਖੀ ਨਾ ਹੀ ਕੁੜੀ ਦੇ ਘਰ ਦਾ ਪਤਾ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਵਿਖੇ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ ਜਦੋਂ ਵਿਆਹ ਵਾਲੇ ਮੁੰਡੇ ਦੇ ਵਿਆਹ ਦੇ ਚਾਅ ਧਰੇ ਧਰਾਏ ਹੀ ਰਹਿ ਗਏ। ਪਤਾ ਲੱਗਿਆ ਕਿ ਵਿਚੋਲਣ ਪੈਸੇ ਲੈ ਕੇ ਫਰਾਰ ਹੋ ਗਈ ਅਤੇ ਮੁੰਡੇ ਦੇ ਘਰ ਟੈਂਟ ਲੱਗਿਆ ਲਗਾਇਆ ਅਤੇ ਮਠਿਆਈਆਂ ਵੀ ਪੱਕੀਆਂ ਪਕਾਈਆਂ ਰਹਿ ਗਈਆਂ। ਘਰ ਵਿਚ ਮੇਲ ਵੀ ਬੈਠਾ ਹੋਇਆ ਸੀ। ਘਟਨਾ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੀ ਹੈ। ਜਿੱਥੇ ਇਕ ਵਿਆਹ ਵਾਲੇ ਮੁੰਡੇ ਦੇ ਨਾਲ ਵੱਡਾ ਧੋਖਾ ਹੋ ਗਿਆ ਜਿਸ ਬਾਰੇ ਉਸ ਨੇ ਕਦੇ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਸੀ। ਦੱਸ ਦਈਏ ਕਿ ਪਿੰਡ ਵੜਿੰਗ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੇ ਨਾਲ ਪਿੰਡ ਦੀ ਵਿਚੋਲਣ ਨੇ ਹੀ ਠੱਗੀ ਮਾਰੀ ਹੈ। 

ਇਹ ਵੀ ਪੜ੍ਹੋ : ਅਧਿਆਪਕ ਵਰਗ ਦੇ ਹੱਕ ’ਚ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਮਿਹਨਤਾਨੇ ’ਚ 33 ਫੀਸਦੀ ਵਾਧਾ

ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਵਿਚੋਲਣ ਵੱਲੋਂ ਉਨ੍ਹਾਂ ਤੋਂ 50, 000 ਰੁਪਏ ਦੀ ਮੰਗ ਕੀਤੀ ਗਈ ਸੀ ਕਿ ਅਸੀਂ ਤੁਹਾਡੇ ਮੁੰਡੇ ਦਾ ਵਿਆਹ ਖੁਦ ਕਰਵਾਵਾਂਗੇ। ਵਿਚੋਲਨ ਨੇ ਨਾ ਤਾਂ ਉਨ੍ਹਾਂ ਨੂੰ ਵਿਆਹ ਵਾਲੀ ਕੁੜੀ ਵਿਖਾਈ ਅਤੇ ਨਾ ਹੀ ਕੁੜੀਆਂ ਵਾਲਿਆਂ ਦਾ ਪਤਾ ਦੱਸਿਆ ਪਰ ਜਦੋਂ ਬਰਾਤ ਲੈ ਕੇ ਜਾਣੀ ਸੀ ਤਾਂ ਵਿਆਹ ਦੇ ਚਾਅ ਧਰੇ ਧਰਾਏ ਰਹਿ ਗਏ। ਵਿਆਹ ਵਾਲੇ ਦਿਨ ਜਦੋਂ ਉਹ ਵਿਚੋਲਣ ਦੇ ਘਰ ਗਏ ਤਾਂ ਪਤਾ ਲੱਗਾ ਕਿ ਵਿਚੋਲਣ ਤਾਂ 50 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਚੁੱਕੀ ਹੈ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਸਰਪੰਚ ਦਾ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਕਾਂਡ ’ਚ ਵੱਡੀ ਅਪਡੇਟ

ਉੱਥੇ ਹੀ ਵਿਆਹ ਵਾਲੇ ਮੁੰਡੇ ਦਾ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਅਤੇ ਜੰਝ ਲਈ ਆਈਆਂ ਗੱਡੀਆਂ ਨੂੰ ਵੀ ਵਾਪਸ ਮੋੜਨਾ ਪਿਆ। ਵਿਆਹ ਵਾਲੇ ਮੁੰਡੇ ਅਤੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਗਰੀਬ ਹਨ ਅਤੇ ਉਨ੍ਹਾਂ ਦਾ 3 ਲੱਖ ਰੁਪਏ ਤੱਕ ਦਾ ਖਰਚਾ ਵਿਆਹ ’ਤੇ ਹੋ ਚੁੱਕਾ ਹੈ ਪਰ ਵਿਚੋਲਣ ਵੱਲੋਂ ਨਾ ਤਾਂ ਲੜਕੀ ਦਿਖਾਈ ਗਈ ਹੈ ਅਤੇ ਨਾ ਹੀ ਬਰਾਤ ਲਿਜਾਣ ਵਾਲੀ ਜਗ੍ਹਾ ਦੱਸੀ ਗਈ। ਉਧਰ ਜਦੋਂ ਇਸ ਮਾਮਲੇ ਸਬੰਧੀ ਥਾਣਾ ਬਰੀਵਾਲਾ ਦੇ ਐੱਸ. ਐੱਚ. ਓ. ਰਣਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੀੜਤ ਪਰਿਵਾਰ ਦੀ ਸ਼ਿਕਾਇਤ ਆ ਚੁੱਕੀ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਦਿਨ-ਦਿਹਾੜੇ ਵਕੀਲ ਨੂੰ ਕੀਤਾ ਅਗਵਾ, ਮੌਕਾ ਵਾਰਦਾਤ ਦੀ ਵੀਡੀਓ ਵੀ ਆਈ ਸਾਹਮਣੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News