ਠੱਗ ਏਜੰਟਾਂ ਅਤੇ ਰਿਸ਼ਤੇਦਾਰਾਂ ਦੇ ਧੋਖੇ ਦਾ ਸ਼ਿਕਾਰ ਕੁੜੀ ਮਲੇਸ਼ੀਆਂ ਤੋਂ ਘਰ ਪਰਤੀ

07/02/2019 11:48:09 AM

ਮੱਖੂ (ਵਾਹੀ) – ਬੇਰੋਜ਼ਗਾਰੀ ਅਤੇ ਗੁਰਬਤ ਦੇ ਵੱਸ ਪੈ ਕੇ ਮਾਪੇ ਆਪਣੇ ਧੀਆਂ ਪੁੱਤਰਾਂ ਨੂੰ ਰੋਜ਼ੀ-ਰੋਟੀ ਦੀ ਖਾਤਰ ਬਾਹਰ ਭੇਜਣ ਲਈ ਮਜਜ਼ਬੂਰ ਹੋ ਰਹੇ ਹਨ। ਇਸ ਮਜ਼ਬੂਰੀ ਦਾ ਫਾਇਦਾ ਠੱਗ ਏਜੰਟ ਅਤੇ ਕਈ ਵਾਰ ਆਪਣੇ ਜਾਣ ਪਛਾਣ ਵਾਲੇ ਪੈਸਿਆਂ ਦੇ ਲਾਲਚ 'ਚ ਵਿਦੇਸ਼ ਭੇਜਣ ਦੇ ਝੂਠੇ ਵਾਅਦੇ ਕਰਕੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਮੱਖੂ ਨੇੜਲੇ ਪੈਂਦੇ ਪਿੰਡ ਜੋਗੇਵਾਲਾ ਦੀ ਬਸਤੀ ਸੋਢੀਆ ਦੇ ਮਨਜੀਤ ਸਿੰਘ ਅਤੇ ਬਲਵਿੰਦਰ ਕੌਰ ਦੀ ਕੁੜੀ ਦਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਕੁੜੀ ਏਜੰਟ ਅਤੇ ਰਿਸ਼ਤੇਦਾਰਾਂ ਦੇ ਝਾਂਸੇ 'ਚ ਆ ਕੇ ਮਲੇਸ਼ੀਆ ਗਈ ਸੀ ਪਰ ਮਲੇਸ਼ੀਆ ਜਾ ਕੇ ਪਤਾ ਲੱਗਾ ਕਿ ਉਹ ਧੋਖੇ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਦੇ ਬਾਵਜੂਦ ਵੀ ਏਜੰਟ ਅਤੇ ਰਿਸ਼ਤੇਦਾਰ ਉਸ ਦੇ ਮਾਪਿਆ ਨੂੰ ਹੋਰ ਪੈਸੇ ਭੇਜਣ ਦੀ ਮੰਗ ਕਰ ਰਹੇ ਸਨ। ਕੁੜੀ ਨੇ ਦੱਸਿਆ ਧੋਖੇਬਾਜ ਰਿਸ਼ਤੇਦਾਰਾਂ ਅਤੇ ਏਜੰਟ ਨੇ ਉਸ ਦਾ ਪਾਸਪੋਰਟ ਪਾੜ ਕੇ ਸੁੱਟ ਦਿੱਤਾ ਅਤੇ ਕੱਪੜੇ ਵਗੈਰਾ ਵੀ ਖੋਹ ਲਏ, ਜਿਸ ਤੋਂ ਬਾਅਦ ਉਹ ਉਸ ਨੂੰ ਗਲਤ ਕੰਮ ਕਰਨ ਲਈ ਮਜਬੂਰ ਕਰਨ ਲੱਗੇ। ਅਜਿਹਾ ਕੰਮ ਕਰਨ ਤੋਂ ਨਾਹ ਕਰਨ 'ਤੇ ਉਨ੍ਹਾਂ ਨੇ ਅਖੀਰ ਉਸ ਨੂੰ ਆਪਣੇ ਘਰੋਂ ਕੱਢ ਦਿੱਤਾ ਅਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ।

ਇਸ ਤੋਂ ਬਾਅਦ ਉਕਤ ਕੁੜੀ ਪ੍ਰਦੇਸ਼ 'ਚ ਘਰੋਂ ਬੇਘਰ ਹੋ ਕੇ ਕਈ ਦਿਨ ਗੁਰਦੁਆਰਾ ਸਾਹਿਬ ਵਿਖੇ ਰਹੀ। ਕਈ ਮਹੀਨੇ ਦੀ ਜਦੋ ਜਾਹਿਦ ਮਗਰੋਂ ਘਰ ਵਾਲਿਆਂ ਨੇ ਸਮਾਜ ਸੇਵੀ ਨਸੀਬ ਸਿੰਘ ਖਾਲਸਾ ਅਤੇ ਉਸ ਦੇ ਸਾਥੀਂ, ਗੁਰਪ੍ਰੀਤ ਅਤੇ ਰੋਹਿਤ ਸ਼ਰਮਾ ਆਦਿ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਅੱਗੇ ਮਲੇਸ਼ੀਆਂ ਦੀ ਹੈਲਪਿੰਗ ਸਮਾਜ ਸੇਵੀ ਜਥੇਬੰਦੀ ਦੇ ਮੈਂਬਰ ਜਿਨ੍ਹਾਂ 'ਚ ਪੌਲ ਢੋਲੀ, ਕੁਲਵੰਤ ਸਿੰਘ ਖੰਬੜਾ, ਜਗਤਾਰ ਸਿੰਘ ਆਕਲੀਆਂ, ਅਰਵਿੰਦਰ ਸਿੰਘ ਰੈਣਾਂ ਆਦਿ ਨਾਲ ਸੰਪਰਕ ਕਰਕੇ ਕੁੜੀ ਨੂੰ ਵਾਪਸ ਪੰਜਾਬ ਲਿਆ ਕੇ ਉਸਦੇ ਮਾਪਿਆਂ ਨੂੰ ਸੌਂਪਿਆ। ਕੁੜੀ ਦੇ ਮਾਤਾ-ਪਿਤਾ ਨੇ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਵੀਰਾਂ ਦੀ ਬਦੋਲਤ ਉਨ੍ਹਾਂ ਦੀ ਕੁੜੀ ਦੀ ਅੱਜ ਜ਼ਿੰਦਗੀ ਬਰਬਾਦ ਹੋਣੋ ਬਚ ਗਈ ਹੈ।

ਇਸ ਮੌਕੇ ਨਸੀਬ ਸਿੰਘ ਖਾਲਸਾ ਸਮਾਜ ਸੇਵੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਕੰਮ ਲਈ ਸਰਕਾਰਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਸਾਡੇ ਦੋਸਤ ਮਿੱਤਰ ਜੋ ਹੈਲਪਿੰਗ ਗਰੁੱਪ ਮਲੇਸ਼ੀਆ 'ਚ ਰਹਿੰਦੇ ਹਨ, ਉਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਸਮਾਜ ਸੇਵਾ ਦਾ ਕੰਮ ਨੇਪਰੇ ਚੜ੍ਹਾ ਸਕੇ ਹਾ। ਉਨ੍ਹਾਂ ਪੰਜਾਬ ਦੇ ਲੋਕਾਂ ਅਤੇ ਮਾਪਿਆਂ ਨੂੰ ਕਿਹਾ ਕਿ ਜੇ ਬਾਹਰ ਬੱਚੇ ਭੇਜਣੇ ਹਨ ਤਾਂ ਸਹੀ ਤਰੀਕੇ ਨਾਲ ਭੇਜੋ। ਠੱਗ ਕਿਸਮ ਦੇ ਏਜੰਟਾਂ ਰਾਹੀ ਬੱਚੇ ਬਾਹਰ ਦੇ ਦੇਸ਼ਾਂ 'ਚ ਨਾ ਭੇਜੇ ਜਾਣ।


rajwinder kaur

Content Editor

Related News