ਵਿਦਿਆਰਥਣ ਨਾਲ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਦੋਸ਼ ਤੈਅ

Saturday, Apr 12, 2025 - 02:16 PM (IST)

ਵਿਦਿਆਰਥਣ ਨਾਲ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਦੋਸ਼ ਤੈਅ

ਚੰਡੀਗੜ੍ਹ (ਪ੍ਰੀਕਸ਼ਿਤ) : ਪਾਰਕ 'ਚ ਕੁੜੀਆਂ ਨੂੰ ਇਕੱਲੀਆਂ ਦੇਖ ਕੇ ਛੇੜਛਾੜ ਕਰਨ ਅਤੇ ਜਬਰ-ਜ਼ਿਨਾਹ ਦੇ ਮੁਲਜ਼ਮ 28 ਸਾਲਾ ਜਿੰਮ ਟ੍ਰੇਨਰ ਖ਼ਿਲਾਫ਼ ਜ਼ਬਰ-ਜਨਾਹ ਦੇ ਹੋਰ ਮਾਮਲੇ ਵਿਚ ਫਾਸਟ ਟਰੈਕ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ। ਸੈਕਟਰ-11 ਥਾਣਾ ਪੁਲਸ ਨੇ 10 ਜੂਨ, 2024 ਨੂੰ ਕੁੜੀ ਦੀ ਸ਼ਿਕਾਇਤ ’ਤੇ ਮੁਲਜ਼ਮ ਜਿੰਮ ਟ੍ਰੇਨਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਸੀ। ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਪੀੜਤਾ ਨੇ ਕਿਹਾ ਕਿ 6 ਜੂਨ 2024 ਦੀ ਰਾਤ ਨੂੰ ਲਗਭਗ 12:15 ਵਜੇ ਇੱਕ ਅਣਜਾਣ ਵਿਅਕਤੀ ਨੇ ਸੈਕਟਰ-15 ਦਾ ਪਤਾ ਪੁੱਛਿਆ। ਮੁਲਜ਼ਮ ਨੇ ਪੀੜਤਾ ਨੂੰ ਉਸਦੇ ਫ਼ੋਨ ’ਤੇ ਘਰ ਦੀ ਲੋਕੇਸ਼ਨ ਦੇਖਣ ਲਈ ਕਿਹਾ।

ਇਸ ਤੋਂ ਬਾਅਦ ਪਾਣੀ ਦਾ ਗਿਲਾਸ ਮੰਗਿਆ। ਮੁਲਜ਼ਮ ਨੇ ਮਦਦ ਮੰਗੀ ਅਤੇ ਆਪਣੇ ਨਾਲ ਉਕਤ ਘਰ ਜਾਣ ਲਈ ਕਿਹਾ। ਉਹ ਪੈਦਲ ਜਾ ਰਹੇ ਸਨ ਤਾਂ ਮੁਲਜ਼ਮ ਨੇ ਐਕਟਿਵਾ ’ਤੇ ਜਾਣ ਦੀ ਜ਼ਿੱਦ ਕੀਤੀ। ਪਹਿਲਾਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਐਕਟਿਵਾ ’ਤੇ ਬੈਠ ਗਈ। ਸ਼ਿਕਾਇਤਕਰਤਾ ਦੇ ਅਨੁਸਾਰ ਮੁਲਜ਼ਮ ਐਕਟਿਵਾ ਨੂੰ ਸੈਕਟਰ-11 ਦੇ ਅੰਡਰਪਾਸ ਵੱਲ ਲੈ ਗਿਆ। ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਅਤੇ ਚੁੱਪ ਕਰਕੇ ਬੈਠਣ ਲਈ ਕਿਹਾ ਗਿਆ। ਫਿਰ ਉਹ ਸੈਕਟਰ-11 ਦੀਆਂ ਗਲੀਆਂ ਵਿਚ ਘੁੰਮਣ ਲੱਗਾ ਅਤੇ ਇੱਕ ਜਗ੍ਹਾ ’ਤੇ ਐਕਟਿਵਾ ਰੋਕ ਕੇ ਉਸ ਨਾਲ ਜਿਣਸੀ ਸ਼ੋਸ਼ਣ ਕੀਤਾ। ਉਹ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦੇ ਕੇ ਫ਼ਰਾਰ ਹੋ ਗਿਆ। ਸੈਕਟਰ-11 ਥਾਣੇ ਦੀ ਪੁਲਸ ਨੇ ਜਾਂਚ ਵਿਚ ਦਾਅਵਾ ਕੀਤਾ ਕਿ ਮੁਲਜ਼ਮ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਹਰਕਤਾਂ ਕਰ ਚੁੱਕਾ ਹੈ। ਉਸ ਖ਼ਿਲਾਫ਼ ਸੈਕਟਰ-16 ਦੇ ਪਾਰਕ ਵਿਚ ਜਿਨਸੀ ਸ਼ੋਸ਼ਣ ਦਾ ਮਾਮਲਾ ਵੀ ਸੈਕਟਰ-17 ਪੁਲਸ ਸਟੇਸ਼ਨ ਵਿਚ ਦਰਜ ਹੈ।
25 ਟੀਮਾਂ ਦੋ ਮਹੀਨਿਆਂ ਤੱਕ ਭਾਲ ਕਰਦੀਆਂ ਰਹੀਆਂ
ਮੁਲਜ਼ਮ ਨੂੰ ਫੜ੍ਹਨ ਲਈ ਸੈਕਟਰ-17 ਥਾਣੇ ਅਤੇ ਜ਼ਿਲ੍ਹਾ ਅਪਰਾਧ ਸੈੱਲ ਦੀਆਂ 25 ਟੀਮਾਂ ਬਣਾਈਆਂ ਗਈਆਂ ਸਨ। ਪੁਲਸ ਨੇ ਪੀੜਤਾਂ ਵੱਲੋਂ ਦਿੱਤੀ ਗਈ ਪਛਾਣ ਦੇ ਆਧਾਰ ’ਤੇ ਇੱਕ ਸਕੈਚ ਤਿਆਰ ਕੀਤਾ ਸੀ। ਪੁਲਸ ਟੀਮਾਂ ਦੋ ਮਹੀਨਿਆਂ ਤੋਂ ਸਕੈੱਚ ਲੈ ਕੇ ਘੁੰਮ ਰਹੀਆਂ ਸਨ। ਮੁਲਜ਼ਮ ਇੰਨਾ ਚਲਾਕ ਸੀ ਕਿ ਉਹ ਕੈਮਰਿਆਂ ਤੋਂ ਬਚਣ ਲਈ ਸਾਈਕਲ ਟਰੈਕ ’ਤੇ ਐਕਟਿਵਾ ਚਲਾਉਂਦਾ ਸੀ। ਸੈਕਟਰ-23 ਲਾਈਟ ਪੁਆਇੰਟ ’ਤੇ ਚੈਕਿੰਗ ਦੌਰਾਨ ਪੁਲਸ ਟੀਮ ਨੇ ਐਕਟਿਵਾ ਸਵਾਰ ਨੂੰ ਰੋਕਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ। ਜਦੋਂ ਪੁਲਸ ਨੇ ਸਕੈਚ ਦੇਖਿਆ ਤਾਂ ਇਹ ਐਕਟਿਵਾ ਸਵਾਰ ਨਾਲ ਮੇਲ ਖਾ ਗਿਆ। ਸੈਕਟਰ-17 ਥਾਣਾ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।


author

Babita

Content Editor

Related News