CM ਕੋਲ ਹੁੰਦੀ ਹੈ ਸਾਰੀ ਤਾਕਤ, ਇਸ ਲਈ ਪੰਜਾਬ ''ਚ ਇਸ ਵਾਰ ਮੁੱਖ ਮੰਤਰੀ ਚਿਹਰੇ ਦੀ ਲੜਾਈ : ਚਰਨਜੀਤ ਸਿੰਘ ਚੰਨੀ

Wednesday, Feb 16, 2022 - 11:40 AM (IST)

CM ਕੋਲ ਹੁੰਦੀ ਹੈ ਸਾਰੀ ਤਾਕਤ, ਇਸ ਲਈ ਪੰਜਾਬ ''ਚ ਇਸ ਵਾਰ ਮੁੱਖ ਮੰਤਰੀ ਚਿਹਰੇ ਦੀ ਲੜਾਈ : ਚਰਨਜੀਤ ਸਿੰਘ ਚੰਨੀ

ਜਲੰਧਰ (ਅਨਿਲ ਪਾਹਵਾ) : ਪੰਜਾਬ ’ਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਸਿਖ਼ਰ ’ਤੇ ਪਹੁੰਚ ਗਿਆ ਹੈ। 20 ਫਰਵਰੀ ਨੂੰ ਸੂਬੇ ਵਿਚ ਚੋਣਾਂ ਹੋਣਗੀਆਂ ਅਤੇ ਇਹ ਚੋਣ ਪ੍ਰਚਾਰ ਦਾ ਆਖ਼ਰੀ ਹਫ਼ਤਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਪ੍ਰਚਾਰ ਦੌਰਾਨ 2 ਤੋਂ 3 ਘੰਟੇ ਦੀ ਹੀ ਨੀਂਦ ਲੈ ਰਹੇ ਹਨ ਅਤੇ ਬਾਕੀ ਸਮਾਂ ਉਹ ਆਪਣੇ ਅਤੇ ਪਾਰਟੀ ਦੇ ਹੋਰ ਉਮੀਦਵਾਰਾਂ ਦੇ ਪ੍ਰਚਾਰ ਵਿਚ ਬਿਤਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਜਹਾਜ਼ ਦੀ ਲੈਂਡਿੰਗ ਕਾਰਨ ਚੰਨੀ ਦਾ ਚੌਪਰ ਰੋਕੇ ਜਾਣ ਦਾ ਮਾਮਲੇ ਹੋਵੇ, ਕਰੋੜਾਂ ਦੀ ਜਾਇਦਾਦ ਦਾ ਦੋਸ਼ ਹੋਵੇ ਜਾਂ ਨਵਜੋਤ ਸਿੱਧੂ ਨਾਲ ਟਸਲ ਦੀ ਚਰਚਾ ਹੋਵੇ, ਇਨ੍ਹਾਂ ਸਾਰੀਆਂ ਗੱਲਾਂ ਦਾ ਸੀ. ਐੱਮ. ਚੰਨੀ ਨੇ ‘ਜਗ ਬਾਣੀ’, ‘ਪੰਜਾਬ ਕੇਸਰੀ’, ‘ਹਿੰਦ ਸਮਾਚਾਰ’ ਤੇ ‘ਨਵੋਦਿਆ ਟਾਈਮਸ’ ਨਾਲ ਵਿਸ਼ੇਸ਼ ਗੱਲਬਾਤ ’ਚ ਖੁੱਲ੍ਹ ਕੇ ਜਵਾਬ ਦਿੱਤਾ। ਪੇਸ਼ ਹਨ ਉਨ੍ਹਾਂ ਨਾਲ ਹੋਈ ਚਰਚਾ ਦੇ ਮੁੱਖ ਅੰਸ਼-
ਕਿਹਾ ਜਾ ਰਿਹਾ ਹੈ ਕਿ ਪੰਜਾਬ ’ਚ ਖਿਚੜੀ ਅਸੈਂਬਲੀ ਦੀ ਸੰਭਾਵਨਾ ਹੈ?
ਅਸਲ ’ਚ ਪੰਜਾਬ ਵਿਚ ਪਿਛਲੇ 111 ਦਿਨਾਂ ’ਚ ਕਾਂਗਰਸ ਨੇ ਜੋ ਵੀ ਕੰਮ ਕੀਤੇ ਹਨ, ਉਸ ਨਾਲ ਵਿਰੋਧੀ ਪਾਰਟੀਆਂ ’ਚ ਘਬਰਾਹਟ ਹੈ। ਅੱਜ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਕੇਂਦਰ ਦੀ ਭਾਜਪਾ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਵਿਚ ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲੇ ਅਤੇ ਸੂਬੇ ਵਿਚ ਗਵਰਨਰ ਰੂਲ ਲਾਉਣ ਦਾ ਮੌਕਾ ਮਿਲ ਸਕੇ ਪਰ ਇਹ ਗੱਲ ਸਪਸ਼ਟ ਹੈ ਕਿ ਪੰਜਾਬ ’ਚ ਫਿਰ ਤੋਂ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਕਾਂਗਰਸ ਪੂਰੇ ਬਹੁਮਤ ਨਾਲ ਸੱਤਾ ਵਿਚ ਵਾਪਸੀ ਕਰ ਰਹੀ ਹੈ ਕਿਉਂਕਿ ਇਹ ਲੜਾਈ ਗਰੀਬ ਤੇ ਮੱਧਮ ਵਰਗ ਦੀ ਅਮੀਰਾਂ ਦੀ ਲੌਬੀ ਨਾਲ ਹੈ। ਅੱਜ ਮੈਂ ਇਹ ਗੱਲ ਦਾਅਵੇ ਨਾਲ ਕਹਿ ਰਿਹਾ ਹਾਂ ਕਿ ਸੂਬੇ ਵਿਚ ਖਿਚੜੀ ਨਹੀਂ ਬਣੇਗੀ, ਸਗੋਂ ਖੀਰ ਤਿਆਰ ਹੋਵੇਗੀ ਅਤੇ ਕਾਂਗਰਸ ਪਾਰਟੀ ਦੋ ਤਿਹਾਈ ਬਹੁਮਤ ਨਾਲ ਸੱਤਾ ਵਿਚ ਆਏਗੀ।

ਇਹ ਵੀ ਪੜ੍ਹੋ : ਵਾਰਾਨਸੀ ਪੁੱਜੇ CM ਚੰਨੀ, ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਦਿੱਤੀ ਵਧਾਈ (ਤਸਵੀਰਾਂ)
ਚੋਣਾਂ ’ਚ ਮੁੱਦਿਆਂ ਦੀ ਜਗ੍ਹਾ ਇਸ ਵਾਰ ਚਿਹਰਿਆਂ ਦੀ ਲੜਾਈ ਕਿਵੇਂ ਹੋ ਗਈ?
ਇਹ ਗੱਲ ਸਹੀ ਹੈ ਕਿ ਪੰਜਾਬ ਵਿਚ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਚਿਹਰਿਆਂ ਦੀ ਲੜਾਈ ਵਿਚ ਤਬਦੀਲ ਹੋ ਗਈਆਂ ਹਨ। ਇਸ ਪਿੱਛੇ ਵੱਡਾ ਕਾਰਨ ਇਹ ਹੈ ਕਿ ਸੱਤਾ ਦੀ ਸਾਰੀ ਤਾਕਤ ਮੁੱਖ ਮੰਤਰੀ ਕੋਲ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਜਾਂ ਉਨ੍ਹਾਂ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਰਹੇ ਤਾਂ ਉਨ੍ਹਾਂ ਕੋਲ ਸਭ ਕੁੱਝ ਕਰਨ ਦੇ ਅਧਿਕਾਰ ਰਹੇ। ਮੈਂ ਖ਼ੁਦ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਸਮਝਾ ਚੁੱਕਾ ਸੀ ਕਿ ਇਸ ਤਾਕਤ ਦੀ ਵਰਤੋਂ ਗਰੀਬ ਤੇ ਮੱਧਮ ਵਰਗ ਲਈ ਕੀਤੀ ਜਾਵੇ ਪਰ ਉਨ੍ਹਾਂ ਕੁੱਝ ਨਹੀਂ ਕੀਤਾ। ਸੂਬੇ ਵਿਚ ਮੁੱਖ ਮੰਤਰੀ ਕੋਲ ਪੂਰੀ ਤਾਕਤ ਹੈ ਕਿ ਉਹ ਜੋ ਵੀ ਕਰਨਾ ਚਾਹੇ, ਕਰ ਸਕਦਾ ਹੈ। ਇਸੇ ਲਈ ਲੋਕ ਇਸ ਵਾਰ ਇਕ ਅਜਿਹੇ ਚਿਹਰੇ ਦੀ ਭਾਲ ਵਿਚ ਹਨ, ਜੋ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰ ਸਕੇ। ਹੁਣ ਤਕ ਪੰਜਾਬ ਵਿਚ ਮੇਰੇ ਨਾਲ ਭਗਵੰਤ ਮਾਨ ਤੇ ਸੁਖਬੀਰ ਬਾਦਲ ਦਰਮਿਆਨ ਰੇਸ ਹੈ ਪਰ ਵੇਖਦੇ ਹਾਂ ਕਿ ਜਨਤਾ ਕੀ ਫਾਈਨਲ ਕਰਦੀ ਹੈ।

ਇਹ ਵੀ ਪੜ੍ਹੋ : ਸ਼ੋਭਾ ਯਾਤਰਾ ਦੌਰਾਨ ਲੋਕਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪੂਰਾ ਇਲਾਕਾ ਪੁਲਸ ਛਾਉਣੀ 'ਚ ਤਬਦੀਲ (ਤਸਵੀਰਾਂ)
ਖ਼ੁਦ ਨੂੰ ਸੁਖਬੀਰ ਤੇ ਭਗਵੰਤ ’ਤੇ ਤੁਸੀਂ ਕਿਵੇਂ ਹਾਵੀ ਸਮਝਦੇ ਹੋ?
ਪ੍ਰਕਾਸ਼ ਸਿੰਘ ਬਾਦਲ ਵੱਡੇ ਨੇਤਾ ਰਹੇ ਹਨ ਅਤੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਹਤਰ ਢੰਗ ਨਾਲ ਚਲਾਇਆ। ਸੁਖਬੀਰ ਬਾਦਲ ਨੇ ਆ ਕੇ ਸਭ ਕੁੱਝ ਖਰਾਬ ਕਰ ਦਿੱਤਾ। ਸੁਖਬੀਰ ਤੇ ਬਿਕਰਮ ਮਜੀਠੀਆ ਕਾਰਨ ਅਕਾਲੀ ਦਲ ਦਾ ਮਾਹੌਲ ਖ਼ਰਾਬ ਹੋ ਚੁੱਕਾ ਹੈ। ਬੇਅਦਬੀ ਤੇ ਡਰੱਗਜ਼ ਦੇ ਮਾਮਲਿਆਂ ’ਚ ਹੋਏ ਖ਼ੁਲਾਸਿਆਂ ਨੇ ਕਾਫੀ ਕੁੱਝ ਸਪੱਸ਼ਟ ਕਰ ਦਿੱਤਾ ਹੈ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਬੇਹੱਦ ਖ਼ਰਾਬ ਹੋ ਚੁੱਕਾ ਹੈ। ਜਿੱਥੋਂ ਤਕ ਗੱਲ ਭਗਵੰਤ ਮਾਨ ਦੀ ਹੈ ਤਾਂ ਉਹ ਸੰਸਦ, ਗੁਰਦੁਆਰਾ ਸਾਹਿਬ ਦੇ ਮੰਚ ’ਤੇ ਸ਼ਰਾਬ ਪੀ ਕੇ ਚੜ੍ਹਦੇ ਰਹੇ ਹਨ। ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਣ ਦੌਰਾਨ ਸ਼ਰਾਬੀ ਹਾਲਤ ’ਚ ਉਨ੍ਹਾਂ ਦੇ ਸਾਥੀਆਂ ਨੂੰ ਕੱਢਿਆ ਗਿਆ ਸੀ। ਸੰਸਦ ਵਿਚ ਵੀ ਉਨ੍ਹਾਂ ਦੇ ਗੁਆਂਢੀ ਸੰਸਦ ਮੈਂਬਰ ਬਾਕਾਇਦਾ ਉਨ੍ਹਾਂ ਨੂੰ ਸ਼ਰਾਬ ਦੀ ਦੁਰਗੰਧ ਆਉਣ ਕਾਰਨ ਸੀਟ ਬਦਲਣ ਦੀ ਬੇਨਤੀ ਕਰ ਚੁੱਕੇ ਹਨ। ਸਟੇਜ ਅਤੇ ਸਟੇਟ ਸੰਭਾਲਣਾ ਦੋਵੇਂ ਵੱਖ-ਵੱਖ ਚੀਜ਼ਾਂ ਹਨ। ਚੁਟਕੁਲਿਆਂ ਤੇ ਕਵਿਤਾਵਾਂ ਨਾਲ ਸੂਬੇ ਨਹੀਂ ਚੱਲਦੇ। ਸਿੱਖਿਆ ਵੀ ਕੋਈ ਚੀਜ਼ ਹੁੰਦੀ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਜਾਰੀ ਕੀਤਾ ਅਕਾਲੀ ਦਲ ਦਾ 'ਚੋਣ ਮੈਨੀਫੈਸਟੋ', ਜਾਣੋ ਕੀ-ਕੀ ਕੀਤੇ ਵਾਅਦੇ
111 ਦਿਨਾਂ ’ਚ ਤੁਸੀਂ ਬਾਕੀਆਂ ਨਾਲੋਂ ਕੀ ਵੱਖ ਕੀਤਾ?
ਮੈਂ ਸੀ. ਐੱਮ. ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਸਿਆਸਤ ਦਾ ਟ੍ਰੈਂਡ ਬਦਲ ਦਿੱਤਾ ਹੈ। ਇਸ ਤੋਂ ਪਹਿਲਾਂ ਦੇਰ ਰਾਤ ਤੱਕ ਸ਼ਰਾਬ ਪਾਰਟੀਆਂ ਹੁੰਦੀਆਂ ਸਨ ਅਤੇ ਅਗਲੇ ਦਿਨ ਦੁਪਹਿਰ 2 ਵਜੇ ਕੰਮ ’ਤੇ ਆਉਂਦੇ ਸਨ। ਫਿਰ 4-5 ਵਜੇ ਅਗਲੀ ਮਹਿਫਲ ਸ਼ੁਰੂ ਹੋ ਜਾਂਦੀ ਸੀ। ਮੈਂ ਨਾ ਸ਼ਰਾਬ ਪੀਂਦਾ ਹਾਂ, ਨਾ ਪਾਰਟੀਆਂ ਵਿਚ ਜਾਂਦਾ ਹਾਂ। ਮੈਂ ਸਿਆਸਤ ਦਾ ਟ੍ਰੈਂਡ ਬਦਲਿਆ ਅਤੇ ਰਾਤ ਦੇ 2-3 ਵਜੇ ਤੱਕ ਕੰਮ ਕੀਤਾ। ਅਫ਼ਸਰਾਂ ਨੂੰ ਮੇਰੇ ਨਾਲ ਕੰਮ ਕਰਨਾ ਪਿਆ। ਇਹ ਜੋ ਤਬਦੀਲੀ ਆਈ ਹੈ, ਇਸ ਨੂੰ ਕਾਇਮ ਰੱਖਣਾ ਜ਼ਰੂਰੀ ਹੈ। ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਭਗਵੰਤ ਮਾਨ, ਇਨ੍ਹਾਂ ਲੋਕਾਂ ਤੋਂ ਦੇਰ ਰਾਤ ਤਕ ਕੰਮ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
111 ਦਿਨਾਂ ਦੀ ਸਰਕਾਰ ਤੋਂ ਬਾਅਦ ਅੱਗੇ ਕੀ ਪਲਾਨ ਹੈ?
ਸਭ ਤੋਂ ਵੱਡੀ ਗੱਲ, ਇਨ੍ਹਾਂ 111 ਦਿਨਾਂ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੂੰ ਕੌਣ ਜਾਣਦਾ ਸੀ। ਇਹ 111 ਦਿਨਾਂ ਦਾ ਹੀ ਅਸਰ ਹੈ ਕਿ ਅੱਜ ਪੰਜਾਬ ਦੇ ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੰਨੀ ਦਾ ਨਾਂ ਹੈ। ਇੱਥੋਂ ਤਕ ਕਿ ਰੇਹੜੀ ਵਾਲਾ ਵੀ ਮੈਨੂੰ ਕਹਿੰਦਾ ਹੈ ਕਿ ਤੁਸੀਂ ਇੰਨੀ ਦੇਰ ਕਿੱਥੇ ਲੁਕੇ ਹੋਏ ਸੀ। ਜੇ ਪਹਿਲਾਂ ਆ ਜਾਂਦੇ ਤਾਂ ਸਾਡਾ ਕਦੋਂ ਦਾ ਜਿਊਣਾ ਆਸਾਨ ਹੋ ਚੁੱਕਾ ਹੁੰਦਾ। ਜਿੱਥੋਂ ਤਕ ਅਗਲੀ ਯੋਜਨਾ ਦੀ ਗੱਲ ਹੈ ਤਾਂ ਸੂਬੇ ਵਿਚ ਆਮ ਸ਼੍ਰੇਣੀ ਦੇ ਗਰੀਬ ਵਰਗ ਲਈ ਅੱਜ ਤੱਕ ਕਿਸੇ ਨੇ ਕੰਮ ਨਹੀਂ ਕੀਤਾ। ਐੱਸ. ਸੀ. ਵਰਗ ’ਚ ਹੀ ਗਰੀਬ ਲੋਕ ਨਹੀਂ ਹਨ, ਸਗੋਂ ਆਮ ਸ਼੍ਰੇਣੀ ਤੇ ਬੈਕਵਰਡ ਕਲਾਸ ਵਿਚ ਵੀ ਗਰੀਬ ਲੋਕਾਂ ਦੀ ਭਰਮਾਰ ਹੈ। ਅਜਿਹੇ ਲੋਕਾਂ ਦੀ ਭਲਾਈ ਲਈ ਮੈਂ ਕੰਮ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਂ ਖ਼ੁਦ ਗਰੀਬੀ ਵੇਖੀ ਹੈ।
ਤੁਹਾਡੇ ’ਤੇ ਵਾਰ ਕਰ ਰਹੇ ਹਨ ਮਜੀਠੀਆ?
(ਹੱਸਦੇ ਹੋਏ) ਛੱਜ ਤਾਂ ਬੋਲੇ, ਛਾਣਨੀ ਕਿਉਂ ਬੋਲੇ। ਇਹ ਉਹੀ ਮਜੀਠੀਆ ਹਨ, ਜਿਨ੍ਹਾਂ ’ਤੇ ਡਰੱਗਜ਼ ਤੋਂ ਲੈ ਕੇ ਕਈ ਹੋਰ ਤਰ੍ਹਾਂ ਦੇ ਦੋਸ਼ ਲੱਗੇ ਹੋਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News