ਵੱਡਾ ਸਵਾਲ : CM ਚੰਨੀ ਨੇ ਦੋਆਬਾ ਦੀ ਬਜਾਏ ''ਮਾਲਵਾ'' ਤੋਂ ਕਿਉਂ ਚੁਣੀ ਦੂਜੀ ਸੀਟ?
Tuesday, Feb 01, 2022 - 01:44 PM (IST)
ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2 ਸੀਟਾਂ 'ਤੇ ਚੋਣਾਂ ਲੜ ਰਹੇ ਹਨ, ਹਾਲਾਂਕਿ ਇਸ ਸਬੰਧੀ ਚਰਚਾ ਪਹਿਲਾਂ ਹੀ ਚੱਲ ਰਹੀ ਸੀ ਕਿ ਦਲਿਤ ਵੋਟ ਬੈਂਕ 'ਚ ਸੇਂਧ ਲਾਉਣ ਲਈ ਮੁੱਖ ਮੰਤਰੀ ਚੰਨੀ ਚਮਕੌਰ ਸਾਹਿਬ ਨਾਲ ਦੋਆਬਾ ਦੀ ਕਿਸੇ ਸੀਟ 'ਤੇ ਚੋਣਾਂ ਲੜਨਗੇ ਪਰ ਕਾਂਗਰਸ ਵੱਲੋਂ ਆਖ਼ਰੀ ਸੂਚੀ 'ਚ ਮੁੱਖ ਮੰਤਰੀ ਚੰਨੀ ਨੂੰ ਬਰਨਾਲਾ ਜ਼ਿਲ੍ਹੇ ਦੀ ਭਦੌੜ ਸੀਟ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਸਵਾਲ ਖੜ੍ਹੇ ਹੋ ਰਹੇ ਹਨ ਕਿ ਚੰਨੀ ਦੋਆਬਾ ਦੀ ਬਜਾਏ ਦੂਜੀ ਸੀਟ 'ਤੇ ਮਾਲਵਾ ਤੋਂ ਕਿਉਂ ਲੜ ਰਹੇ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਦੱਸਿਆ ਰੰਗ-ਬਿਰੰਗੇ 'ਸ਼ਾਲ' ਲੈਣ ਦਾ ਭੇਤ, ਬੋਲੇ-ਹਲਕਾ ਰੰਗ ਪਸੰਦ ਨਹੀਂ
ਇਸ ਫ਼ੈਸਲੇ ਨੂੰ ਮਾਲਵਾ 'ਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਗੜ੍ਹ 'ਚ ਸੇਂਧ ਲਾਉਣ ਦੀ ਕੋਸ਼ਿਸ਼ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ ਕਿਉਂਕਿ ਦੋਆਬਾ 'ਚ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ, ਭਾਜਪਾ ਦੇ ਮੁਕਾਬਲੇ ਕਾਂਗਰਸ ਆਪਣੀ ਸਥਿਤੀ ਮਜ਼ਬੂਤ ਮੰਨ ਕੇ ਚੱਲ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਨਾਲ ਦੋਆਬਾ 'ਚ ਫ਼ਾਇਦਾ ਮਿਲਣ ਦੀ ਉਮੀਦ ਹੈ। ਜਿੱਥੇ ਤੱਕ ਮਾਲਵਾ ਦਾ ਸਵਾਲ ਹੈ, ਉਸ ਨੂੰ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ ਸਾਲ 2017 ਦੀਆਂ ਵਿਧਾਨ ਸਭਾ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਇਲਾਕੇ 'ਚ ਆਮ ਆਦਮੀ ਪਾਰਟੀ ਨੇ ਝੰਡਾ ਗੱਡ ਦਿੱਤਾ ਸੀ। ਇਸ ਦੇ ਮੱਦੇਨਜ਼ਰ ਕਾਂਗਰਸ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਗੜ੍ਹ ਤੋਂ ਇਲਾਵਾ ਦਲਿਤ ਵੋਟ ਬੈਂਕ 'ਚ ਸੇਂਧ ਲਾਉਣ ਦੀ ਕਵਾਇਦ 'ਚ ਮੁੱਖ ਮੰਤਰੀ ਚੰਨੀ ਨੂੰ ਮਾਲਵਾ ਤੋਂ ਮੈਦਾਨ 'ਚ ਉਤਾਰਿਆ ਹੈ, ਤਾਂ ਜੋ ਨਾਲ ਲੱਗਦੇ ਇਲਾਕੇ ਦੇ ਕਾਂਗਰਸ ਉਮੀਦਵਾਰਾਂ ਨੂੰ ਫ਼ਾਇਦਾ ਮਿਲ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ
ਸੰਗਰੂਰ ਲੋਕ ਸਭਾ ਸੀਟ ਦੇ ਨਾਲ ਹੈ ਕੁਨੈਕਸ਼ਨ
ਜਿੱਥੇ ਤੱਕ ਸੰਗਰੂਰ ਲੋਕ ਸਭਾ ਦੀ ਭਦੌੜ ਸੀਟ ਚੁਣਨ ਦਾ ਸਵਾਲ ਹੈ, ਉਸ ਦਾ ਕੁਨੈਕਸ਼ਨ ਸਿੱਧਾ ਆਮ ਆਦਮੀ ਪਾਰਟੀ ਦੇ ਸੀ. ਐੱਮ. ਚਿਹਰੇ ਭਗਵੰਤ ਮਾਨ ਦੇ ਨਾਲ ਹੈ ਕਿਉਂਕਿ ਉਹ ਸੰਗਰੂਰ ਤੋਂ ਸੰਸਦ ਮੈਂਬਰ ਹਨ ਅਤੇ ਇਸ ਵਾਰ ਉਹ ਆਪਣੇ ਲੋਕ ਸਭਾ ਇਲਾਕੇ ਦੀ ਧੁਰੀ ਸੀਟ ਤੋਂ ਚੋਣਾਂ ਲੜ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ