ਜਲੰਧਰ ਤੋਂ ਅਕਾਲੀ ਦਲ ਵੱਲੋਂ ਚਰਨਜੀਤ ਅਟਵਾਲ ਲੜਨਗੇ ਚੋਣ
Saturday, Mar 16, 2019 - 03:45 PM (IST)
ਜਲੰਧਰ— ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਅਟਵਾਲ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਦਾ ਖੁਲਾਸਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਖਿਲਾਫ 'ਵਿਸ਼ਵਾਸ ਘਾਤ' ਦਿਵਸ ਮਨਾਉਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਚਰਨਜੀਤ ਸਿੰਘ ਅਟਵਾਲ ਵਿਧਾਨ ਸਭਾ 'ਚ ਸਾਬਕਾ ਸਪੀਕਰ ਰਹਿਣ ਦੇ ਨਾਲ-ਨਾਲ ਲੋਕ ਸਭਾ 'ਚ ਸਾਬਕਾ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਟਨ ਅਮਰਿੰਦਰ ਸਿੰਘ ਨੂੰ ਨਾਕਾਮ ਮੁੱਖ ਮੰਤਰੀ ਦੱਸਦੇ ਹੋਏ ਕਿਹਾ ਕਿ ਜਿੰਨਾ ਵਿਕਾਸ ਅਕਾਲੀ-ਭਾਜਪਾ ਨੇ ਪੰਜਾਬ ਦਾ ਕਰਵਾਇਆ ਹੈ, ਉਸ ਦਾ ਇਕ ਫੀਸਦੀ ਵੀ ਕਾਂਗਰਸ ਨੇ ਆਪਣੇ ਕਾਰਜਕਾਲ 'ਚ ਨਹੀਂ ਕੀਤਾ ਹੈ।
ਦੱਸਣਯੋਗ ਹੈ ਕਿ ਲੋਕ ਸਭਾ ਚੋਣÎਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਪੱਤੇ ਖੋਲ੍ਹੇ ਜਾ ਰਹੇ ਹਨ। ਚਰਨਜੀਤ ਸਿੰਘ ਅਟਵਾਲ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਦੇ ਤੌਰ 'ਤੇ ਉਤਾਰਿਆ ਗਿਆ ਹੈ। ਹੁਣ ਤੱਕ ਅਕਾਲੀ ਦਲ ਵੱਲੋਂ ਦੋ ਮੈਂਬਰਾਂ ਦਾ ਰਸਮੀ ਤੌਰ 'ਤੇ ਐਲਾਨ ਕੀਤਾ ਜਾ ਚੁੱਕਿਆ ਹੈ। ਉਥੇ ਹੀ 'ਆਪ' ਵੱਲੋਂ ਹੁਣ ਤੱਕ 6 ਉਮੀਦਵਾਰ ਐਲਾਨੇ ਜਾ ਚੁੱਕੇ ਹਨ ਅਤੇ ਕਾਂਗਰਸ ਵੱਲੋਂ ਅਜੇ ਤੱਕ ਕੋਈ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ।