ਬਾਜਵਾ ਤੋਂ ਬਾਅਦ ਹੁਣ ਚਰਨਜੀਤ ਚੰਨੀ ਪਹੁੰਚੇ ਸੁੰਦਰ ਸ਼ਾਮ ਅਰੋੜਾ ਦੇ ਘਰ, ਕੀ ਜਲਦੀ ਫੜਨਗੇ ਕਾਂਗਰਸ ਦਾ 'ਹੱਥ' ?
Saturday, Jun 15, 2024 - 02:46 AM (IST)
ਹੁਸ਼ਿਆਰਪੁਰ (ਰਾਕੇਸ਼)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਖੇਤਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਆਗੂ ਸੁੰਦਰ ਸ਼ਾਮ ਅਰੋੜਾ ਦੇ ਨਿਵਾਸ ’ਤੇ ਉਨ੍ਹਾਂ ਨਾਲ ਲੰਬੀ ਮੁਲਾਕਾਤ ਕੀਤੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਸੁੰਦਰ ਸ਼ਾਮ ਅਰੋੜਾ ਦੇ ਘਰ ਪੁੱਜੇ ਸਨ।
ਚਰਨਜੀਤ ਸਿੰਘ ਚੰਨੀ ਨੇ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਦੋਂ ਉਨ੍ਹਾਂ ਨੂੰ ਸੁੰਦਰ ਸ਼ਾਮ ਅਰੋੜਾ ਦੇ ਕਾਂਗਰਸ ’ਚ ਸ਼ਾਮਲ ਹੋਣ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਸਬੰਧ ’ਚ ਅਜੇ ਕੁਝ ਨਹੀਂ ਕਹਿਣਾ ਚਾਹੁੰਦਾ। ਜੇਕਰ ਅਰੋੜਾ ਪਾਰਟੀ ’ਚ ਆਉਣਾ ਚਾਹੁਣਗੇ ਤਾਂ ਕੋਈ ਵੀ ਉਨ੍ਹਾਂ ਨੂੰ ਗੁਆਉਣਾ ਨਹੀਂ ਚਾਹੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ’ਚ ਇਕ ਮਜ਼ਬੂਤ ਪਾਰਟੀ ਵਜੋਂ ਉਭਰੀ ਹੈ। ਪਾਰਟੀ ’ਚ ਨਾ ਸਿਰਫ ਸੱਤ ਲੋਕ ਸਭਾ ਸੀਟਾਂ ਜਿੱਤੀਆਂ ਹਨ, ਸਗੋਂ ਹੋਰ ਸੀਟਾਂ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ- ਰਾਹੁਲ ਸੰਭਾਲਣਗੇ ਰਾਇਬਰੇਲੀ ਤੇ ਰਾਬਰਟ ਵਡੇਰਾ ਵਾਇਨਾਡ ਤੋਂ ਹੋਣਗੇ ਦਾਅਵੇਦਾਰ!
ਚਰਨਜੀਤ ਸਿੰਘ ਚੰਨੀ ਨੇ ਅਰੋੜਾ ਦੇ ਘਰ ਪੁੱਜਣ ਨੂੰ ਲੈ ਕੇ ਸਿਆਸਤ ’ਚ ਤਰ੍ਹਾਂ-ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ’ਚ ਭਾਜਪਾ ਦੇ ਪੱਖ ’ਚ ਰੈਲੀ ਕਰਨ ਆਏ ਸੀ ਤਾਂ ਉਸ ਸਮੇਂ ਅਰੋੜਾ ਨੂੰ ਸਟੇਜ ’ਤੇ ਥਾਂ ਨਾ ਦਿੱਤੇ ਜਾਣ ਕਾਰਨ ਅਰੋੜਾ ਭਾਜਪਾ ਤੋਂ ਨਾਰਾਜ਼ ਚੱਲ ਰਹੇ ਹਨ। ਦੱਸਿਆ ਜਾਂਦਾ ਹੈ ਕਿ ਅਰੋੜਾ ਨੇ ਆਪਣੀ ਨਾਰਾਜ਼ਗੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਸਾਹਮਣੇ ਸਪੱਸ਼ਟ ਤੌਰ ’ਤੇ ਰੱਖੀ ਹੈ। ਅਰੋੜਾ ਕੈਪਟਨ ਅਮਰਿੰਦਰ ਸਿੰਘ ਸਰਕਾਰ ’ਚ ਕੈਬਨਿਟ ਮੰਤਰੀ ਵਜੋਂ ਸ਼ਾਮਲ ਰਹੇ ਅਤੇ ਦੋ ਵਾਰ ਦੇ ਵਿਧਾਇਕ ਹਨ।
ਵਿਧਾਨ ਸਭਾ ਚੋਣਾਂ ’ਚ ਜਦੋਂ ਆਮ ਆਦਮੀ ਪਾਰਟੀ ਦੇ ਪੱਖ ’ਚ ਜ਼ੋਰਦਾਰ ਹਵਾ ਚੱਲ ਰਹੀ ਸੀ ਉਦੋਂ ਵੀ ਅਰੋੜਾ ਨੇ ਹੁਸ਼ਿਆਰਪੁਰ ਵਿਧਾਨ ਸਭਾ ਖੇਤਰ ਤੋਂ ਕਾਫੀ ਵੋਟਾਂ ਪ੍ਰਾਪਤ ਕੀਤੀਆਂ ਸਨ। ਅਰੋੜਾ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਨੇੜਲਾ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਅਰੋੜਾ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸੁਨੀਲ ਜਾਖੜ ਦੇ ਕਹਿਣ ’ਤੇ ਵੀ ਭਾਜਪਾ ਚ ਸ਼ਾਮਲ ਹੋਏ ਸੀ ਪਰ ਭਾਜਪਾ ’ਚ ਉਨ੍ਹਾਂ ਨੂੰ ਉਹ ਥਾਂ ਨਹੀਂ ਮਿਲੀ, ਜਿਸ ਦੇ ਉਹ ਹੱਕਦਾਰ ਸਨ।
ਇਹ ਵੀ ਪੜ੍ਹੋ- PM ਮੋਦੀ ਨੇ ਜੀ-7 ਸਿਖਰ ਸੰਮੇਲਨ ਦੌਰਾਨ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ, ਗਰਮਜੋਸ਼ੀ ਨਾਲ ਲਾਇਆ ਗਲੇ
ਅਰੋੜਾ ਨੇ ਭਾਜਪਾ ’ਚ ਸ਼ਾਮਲ ਹੋਣ ਦੇ ਬਾਅਦ ਉਨ੍ਹਾਂ ਦੇ ਬਹੁਤ ਸਾਰੇ ਹਮਾਇਤੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਜੇਕਰ ਅਰੋੜਾ ਕਾਂਗਰਸ ’ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਦੇ ਵੀ ਵਾਪਸ ਕਾਂਗਰਸ ’ਚ ਆਉਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਤਰ੍ਹਾਂ ਕਾਂਗਰਸੀ ਆਗੂ ਲਗਾਤਾਰ ਸੁੰਦਰ ਸ਼ਾਮ ਅਰੋੜਾ ਨਾਲ ਸੰਪਰਕ ਕਰ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਅਰੋੜਾ ਦੀ ਘਰ ਵਾਪਸੀ ਹੁਣ ਕੁਝ ਦਿਨਾਂ ਦੀ ਗੱਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e