ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਚੰਨੀ ਦੇ ਵੱਡੇ ਐਲਾਨ

Monday, Sep 20, 2021 - 06:37 PM (IST)

ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਚੰਨੀ ਦੇ ਵੱਡੇ ਐਲਾਨ

ਚੰਡੀਗੜ੍ਹ : ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਅਹੁਦੇ ਦਾ ਕਾਰਜਭਾਰ ਸੰਭਾਲਦਿਆਂ ਹੀ ਚਰਨਜੀਤ ਸਿੰਘ ਚੰਨੀ ਵਲੋਂ ਪਹਿਲੀ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਚਰਨਜੀਤ ਚੰਨੀ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਂ ਦੀ ਸੋਚ ’ਤੇ ਪਹਿਰਾ ਦਿੰਦਿਆਂ ਕਾਂਗਰਸ ਹਾਈਕਮਾਨ ਨੇ ਇਕ ਆਮ ਆਦਮੀ ਨੂੰ ਜਿਸ ਦੇ ਪੱਲੇ ਕੁੱਝ ਨਹੀਂ ਸੀ ਨੂੰ ਮੁੱਖ ਮੰਤਰੀ ਬਣਾਇਆ ਹੈ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਵੁਕ ਹੁੰਦਿਆ ਕਾਂਗਰਸ ਹਾਈਕਮਨ ਦਾ ਧੰਨਵਾਦ ਕੀਤਾ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਨਾਲ ਖੜ੍ਹਾਂ ਹਾਂ ਅਤੇ ਕਿਸਾਨਾਂ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸੂਬੇ ਵਿਚੋਂ ਮਾਫਿਆ ਰਾਜ ਦਾ ਸਫਾਇਆ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਬਿਜਲੀ ਸਸਤੀ ਕਰਨ ਸਣੇ ਹਾਈਕਮਾਨ ਵੱਲੋਂ ਦਿੱਤੇ 18 ਏਜੰਡੇ ਤੈਅ ਸਮੇਂ ਵਿਚ ਪੂਰੇ ਕੀਤੇ ਜਾਣਗੇ। ਚੰਨੀ ਨੇ ਕਿਹਾ ਕਿ ਕਿਸੇ ਵੀ ਗਰੀਬ ਪਰਿਵਾਰ ਦਾ ਬਿਜਲੀ ਕੁਨੈਕਸ਼ਨ ਇਸ ਕਰਕੇ ਨਹੀਂ ਕੱਟਿਆ ਜਾਵੇਗਾ ਕਿ ਉਸ ਨੇ ਬਿੱਲ ਨਹੀਂ ਤਾਰਿਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਗਰੀਬ ਪਰਿਵਾਰਾਂ ਦੇ ਪਿਛਲੇ ਪੰਜ ਸਾਲਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾਣਗੇ ਅਤੇ ਕਿਸੇ ਪਰਿਵਾਰ ਦਾ ਪਾਣੀ ਦਾ ਬਿੱਲ ਵੀ ਨਹੀਂ ਆਵੇਗਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਦਿੱਤੇ ਰਾਵਤ ਦੇ ਬਿਆਨ ਤੋਂ ਭੜਕੇ ਸੁਨੀਲ ਜਾਖੜ, ਦਿੱਤਾ ਵੱਡਾ ਬਿਆਨ

ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦੇ ਹਨ ਕਿ ਜਿਨ੍ਹਾਂ ਨੇ ਇਕ ਆਮ ਆਦਮੀ ਨੂੰ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਕ ਕ੍ਰਾਂਤੀਕਾਰੀ ਅਤੇ ਗਰੀਬਾਂ ਦੇ ਆਗੂ ਹਨ। ਉਨ੍ਹਾਂ ਕਿਹਾ ਕਿ ਮੇਰੇ ਸਿਰ ’ਤੇ ਛੱਤ ਵੀ ਨਹੀਂ ਸੀ ਅਤੇ ਮੈਂ ਆਪਣੀ ਮਾਂ ਨਾਲ ਟੋਭੇ ’ਚੋਂ ਗਾਰਾ ਲੈ ਕੇ ਆਉਂਦਾ ਸੀ ਜਿਸ ਵਿਚ ਤੂੜੀ ਪਾ ਕੇ ਅਸੀਂ ਘਰ ਦੀਆਂ ਕੰਧਾਂ ’ਤੇ ਫੇਰਦੇ ਸੀ। ਇਸ ਦੌਰਾਨ ਭਾਵੁਕ ਹੋਏ ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸ ਪਾਰਟੀ ਨੇ ਇਕ ਗਰੀਬ ਨੂੰ ਉਥੇ ਲਿਆ ਕੇ ਬਿਠਾਇਆ ਹੈ, ਜਿੱਥੇ ਮੇਰੀ ਔਕਾਤ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਸਿਰਫ ਦਲਿਤਾਂ ਦਾ ਨਹੀਂ ਸਗੋਂ ਸਾਰੀਆਂ ਧਿਰਾਂ ਦਾ ਸਾਂਝਾ ਨੁਮਾਇੰਦਾ ਹਾਂ। ਮੈਨੂੰ ਬਸ ਉਹੀ ਲੋਕ ਮਿਲਣ ਆਉਣ ਜਿਹੜੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ, ਮਾਫੀਆ ਚਲਾਉਣ ਵਾਲੇ ਮੈਨੂੰ ਨਾ ਮਿਲਣ। ਉਨ੍ਹਾਂ ਕਿਹਾ ਕਿ ਮੈਂ ਰਿਕਸ਼ਾ ਚਲਾਉਣ ਵਾਲਿਆਂ ਦਾ ਨੁਮਾਇੰਦਾ ਹਾਂ। ਅੱਜ ਪੰਜਾਬ ਵਿਚ ਆਮ ਲੋਕਾਂ ਦਾ ਰਾਜ ਸਥਾਪਤ ਹੋਇਆ ਹੈ।

ਇਹ ਵੀ ਪੜ੍ਹੋ : ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਦਾ ਮਾਸਟਰ ਸਟ੍ਰਾਕ, ਪਹਿਲੀ ਵਾਰ ਦਲਿਤ ਬਣੇਗਾ ਪੰਜਾਬ ਦਾ ਮੁੱਖ ਮੰਤਰੀ

ਚੰਨੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਅਪੀਲ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸਾਨ ਡੁੱਬਿਆ ਤਾਂ ਪੰਜਾਬ ਡੁੱਬੇਗਾ ਅਤੇ ਜੇ ਪੰਜਾਬ ਡੁੱਬਿਆ ਤਾਂ ਦੇਸ਼ ਡੁੱਬ ਜਾਵੇਗਾ। ਉਹ ਕਿਸਾਨਾਂ ਲਈ ਸਭ ਕੁੱਝ ਕੁਰਬਾਨ ਕਰਨ ਲਈ ਤਿਆਰ ਹਨ। ਕੈਪਟਨ ਅਮਰਿੰਦਰ ਸਿੰਘ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਇਕ ਚੰਗੇ ਇਨਸਾਨ ਹਨ ਅਤੇ ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਜਿਹੜੇ ਕੰਮ ਅਧੂਰੇ ਰਹਿ ਗਏ ਹਨ ਉਹ ਅਸੀਂ ਪੂਰੇ ਕਰਾਂਗੇ। ਅਸੀਂ ਇਕ ਪਾਰਦਰਸ਼ੀ ਸਰਕਾਰ ਬਣਾਵਾਂਗੇ, ਜਿਸ ਵਿਚ ਸਾਰੇ ਇਕ ਸਮਾਨ ਹੋਣਗੇ। ਕੋਈ ਵੀ ਪੁਲਸ ਅਧਿਕਾਰੀ ਕਿਸੇ ਨੂੰ ਨਜਾਇਜ਼ ਤੰਗ ਨਹੀਂ ਕਰੇਗਾ। ਦੋਸ਼ੀ ਕੋਈ ਵੀ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਹੜਤਾਲ ’ਤੇ ਚੱਲ ਰਹੇ ਸਾਰੇ ਮੁਲਾਜ਼ਮਾਂ ਨੂੰ ਉਨ੍ਹਾਂ ਅਪੀਲ ਕਰਦਿਆਂ ਕੰਮ ’ਤੇ ਵਾਪਸ ਪਰਤਣ ਲਈ ਕਿਹਾ। ਉਨ੍ਹਾਂ ਕਿਹਾ ਮੈਨੂੰ ਥੋੜ੍ਹਾ ਸਮਾਂ ਦਿਓ ਸਾਰਿਆਂ ਦੇ ਮਸਲੇ ਹੱਲ ਕੀਤੇ ਜਾਣਗੇ।

ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਤੋਂ ਪਹਿਲਾਂ ਕੈਪਟਨ ਨੇ ਲਿਖੀ ਸੋਨੀਆ ਗਾਂਧੀ ਨੂੰ ਚਿੱਠੀ, ਆਖੀਆਂ ਵੱਡੀਆਂ ਗੱਲਾਂ

ਨੋਟ - ਕਾਂਗਰਸ ਹਾਈਕਮਾਨ ਵਲੋਂ ਚਰਨਜੀਤ ਚੰਨੀ ਨੂੰ ਨਵਾਂ ਮੁੱਖ ਮੰਤਰੀ ਬਣਾਏ ਜਾਣ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?


author

Gurminder Singh

Content Editor

Related News