ਚੰਨੀ ਸਰਕਾਰ ਅਕਾਲੀ ਲੀਡਰਾਂ ਨੂੰ ਝੂਠੇ ਕੇਸਾਂ ’ਚ ਫਸਾਉਣ ਲੱਗੀ : ਸੁਖਬੀਰ ਬਾਦਲ
Sunday, Dec 19, 2021 - 09:29 PM (IST)
ਮਾਨਸਾ (ਸੰਦੀਪ ਮਿੱਤਲ)- ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਅੱਗੇ ਨਾ ਤਾਂ ਕਾਂਗਰਸ ਅਤੇ ਨਾ ਹੀ ਆਮ ਆਦਮੀ ਪਾਰਟੀ ਟਿਕ ਸਕੇਗੀ, ਕਿਉਂਕਿ ਸੂਬੇ ਦੇ ਲੋਕਾਂ ਨੇ ਕਾਂਗਰਸ ਦੀ ਕੁਰੱਪਟ ਸਰਕਾਰ ਨੂੰ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਦਾਣਾ ਮੰਡੀ ’ਚ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਪ੍ਰੇਮ ਅਰੋੜਾ ਦੇ ਹੱਕ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਰੈਲੀ ’ਚ ਹੋਏ ਵਿਸ਼ਾਲ ਇਕੱਠ ਨੂੰ ਵੇਖ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਹਰ ਹਲਕੇ ’ਚ ਰੈਲੀਆਂ ਇੰਨੀਆਂ ਵੱਡੀਆਂ ਹੋ ਰਹੀਆਂ ਹਨ ਕਿ ਵਿਰੋਧੀਆਂ ’ਚ ਘਬਰਾਹਟ ਪਾਈ ਜਾ ਰਹੀ ਹੈ। ਰੈਲੀ 'ਚ ਸ਼ਾਮਿਲ ਹੋਏ ਵਰਕਰਾਂ ’ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਭਾਵੇਂ ਰੈਲੀ ਦਾ ਸਮਾਂ ਬਾਅਦ ਦੁਪਹਿਰ ਢਾਈ ਵਜੇ ਦਾ ਸੀ ਪਰ ਸੁਖਬੀਰ ਬਾਦਲ ਰੈਲੀ ਵਾਲੀ ਜਗ੍ਹਾ ਤੇ 4 ਵਜੇ ਦੇ ਨੇੜੇ ਪਹੁੰਚੇ, ਰੈਲੀ ਵਾਲੀ ਥਾਂ ’ਤੇ ਲੋਕ ਸਵੇਰ ਤੋਂ ਬੈਠੇ ਹੋਏ ਸਨ। ਰੈਲੀ ਦਾ ਪੰਡਾਲ ਖਚਾਖਚ ਭਰਿਆ ਹੋਇਆ ਸੀ ਅਤੇ ਉਸ ਤੋਂ ਬਾਅਦ ਵੀ ਵੱਧ ਲੋਕ ਆਸੇ ਪਾਸੇ ਤੁਰੇ ਫਿਰਦੇ ਸਨ।
ਇਹ ਖ਼ਬਰ ਪੜ੍ਹੋ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਕੀਤੀ ਸਖ਼ਤ ਨਿੰਦਾ
ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਸ ਦੇ ਮੰਤਰੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਕਾਲੀ ਲੀਡਰਾਂ ਨੂੰ ਝੂਠੇ ਕੇਸਾਂ ’ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੋਈ ਪੁਲਸ ਅਧਿਕਾਰੀ ਇਨ੍ਹਾਂ ਦੀ ਰੈਲੀ ਸੁਣਨ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ’ਚ ਹਿੰਮਤ ਹੈ ਤਾਂ ਸਾਨੂੰ ਹੱਥ ਲਾ ਕੇ ਦੇਖਣ। ਇਹ ਝੂਠ ਤੇ ਝੂਠ ਮਾਰ ਰਹੇ ਹਨ। ਕਾਂਗਰਸੀਆਂ ਨੇ ਅਕਾਲੀ ਲੀਡਰਾਂ ਤੇ ਵਰਕਰਾਂ ਤੇ ਇੰਨੇ ਝੂਠੇ ਪਰਚੇ ਦਰਜ ਕਰਵਾਏ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਅਜਿਹਾ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਕਮਿਸ਼ਨ ਬਣਾ ਕੇ ਸਾਰੇ ਪਰਚੇ ਰੱਦ ਕਰਾਂਗੇ ਤੇ ਝੂਠੇ ਪਰਚੇ ਦਰਜ ਕਰਨ ਵਾਲੇ ਅਫਸਰਾਂ ਤੇ ਕਾਂਗਰਸੀਆਂ ਨੂੰ ਅੰਦਰ ਵੀ ਕਰਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰਾਂ, ਵਿਧਾਇਕਾਂ ਤੇ ਮੰਤਰੀਆਂ ਦਾ ਰੇਤੇ ਦਾ ਕਾਰੋਬਾਰ ਅਤੇ ਨਕਲੀ ਸ਼ਰਾਬ ਦਾ ਧੰਦਾ ਹੈ। ਇਨ੍ਹਾਂ ਪੰਜਾਬ ਦੀ ਜਨਤਾ ਨੂੰ ਲੁੱਟਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਉਤਾਰਣ ਨਾਲ ਇਨ੍ਹਾਂ ਕਾਂਗਰਸੀਆਂ ਦੇ ਪਾਪ ਧੋਤੇ ਨਹੀਂ ਜਾਣੇ, ਕਿਉਂਕਿ ਇਹ ਹੁਣ ਵੀ ਉਹੀ ਲੁੱਟ ਮਾਰ ਕਰ ਰਹੇ ਹਨ ਜੋ ਕੈਪਟਨ ਵੇਲੇ ਹੁੰਦੀ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਗੈਗਸਟਰਾਂ ਨਾਲ ਸਬੰਧ ਸਾਬਿਤ ਹੋ ਗਏ ਹਨ ਤੇ ਉਸ ਨੂੰ ਡਰਾ ਕੇ ਹੀ ਕਾਂਗਰਸ ’ਚ ਲਿਆਂਦਾ ਗਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਕਾਂਗਰਸੀ ਬਚਾ ਨਹੀਂ ਸਕਦੇ, ਸਰਕਾਰ ਬਣਦਿਆਂ ਹੀ ਉਨ੍ਹਾਂ ਨੂੰ ਧੋਣੋਂ ਫੜ ਕੇ ਅੰਦਰ ਕਰਾਂਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਨੂੰ ਝੂਠ ਬੋਲਣ ਤੋਂ ਸਿਵਾਏ ਹੋਰ ਕੁੱਝ ਨਹੀਂ ਆਉਂਦਾ। ਉਹ ਲੋਕਾਂ ਨੂੰ ਗੁੰਮਰਾਹ ਕਰਕੇ ਠੱਗੀ ਮਾਰਨਾ ਚਾਹੁੰਦਾ ਹੈ। ਜੋ ਪੰਜਾਬੀਆਂ ਨੂੰ ਸਹੂਲਤਾਂ ਦੇਣ ਦਾ ਉਹ ਜ਼ਿਕਰ ਕਰਦਾ ਹੈ, ਉਹ ਸਹੂਲਤਾਂ ਪਹਿਲਾਂ ਦਿੱਲੀ ਦੇ ਲੋਕਾਂ ਨੂੰ ਦੇਵੇ, ਜਿੱਥੋਂ ਦਾ ਉਹ ਮੰਤਰੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੋਂ ਆਪਣੇ ਵਿਧਾਇਥ ਤਾਂ ਸੰਭਾਲੇ ਨਹੀਂ ਗਏ, ਉਹ ਜਨਤਾ ਦਾ ਕੀ ਸੰਵਾਰੇਗਾ। ਪੰਜਾਬ ਆ ਕੇ ਕੁੱਝ ਕਹਿੰਦਾ ਹੈ ਤੇ ਦਿੱਲੀ ’ਚ ਕੁੱਝ। ਇਹੀ ਕੇਜਰੀਵਾਲ ਸੁਪਰੀਮ ਕੋਰਟ ’ਚ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਪਟੀਸ਼ਨ ਪਾਉਂਦਾ ਤੇ ਦੂਜੇ ਪਾਸੇ ਸਤਲੁਜ ਯਮੁਨਾ ਕਿ ਲਹਿਰ ਦਾ ਪਾਣੀ ਹਰਿਆਣੇ ਤੇ ਦਿੱਲੀ ਨੂੰ ਦੇਣ ਦੀ ਵਕਾਲਤ ਕਰਦਾ ਹੈ। ਅਜਿਹੇ ਵਿਅਕਤੀ ਨੂੰ ਤੁਸੀਂ ਪੰਜਾਬ ਦੀ ਡੋਰ ਕਿਵੇਂ ਸੰਭਾਲ ਸਕਦੇ ਹੋ। ਕੇਜਰੀਵਾਲ ਨੇ ਅਜੇ ਤੱਕ ਸੂਬੇ ਦੇ ਮੁੱਖ ਮੰਤਰੀ ਦੇ ਨਾਂ ਐਲਾਨ ਨਹੀਂ ਕੀਤਾ, ਕਿਉਂਕਿ ਇਸ ਪਿੱਛੇ ਵੀ ਕੁੱਝ ਹੋਰ ਕਾਰਨ ਹਨ। ਉਹ ਇਸ ਮੁੱਦੇ ਤੇ ਵੀ ਲੋਕਾਂ ਨਾਲ ਠੱਗੀ ਮਾਰਨ ਦੀ ਫਿਰਾਕ ’ਚ ਹੈ।
ਇਹ ਖ਼ਬਰ ਪੜ੍ਹੋ- ਭਾਰਤ ਨੇ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਜਾਪਾਨ ਨੂੰ 6-0 ਨਾਲ ਹਰਾਇਆ
ਆਪਣੇ 13 ਨੁਕਾਤੀ ਏਜੰਡੇ ਦੀ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਏਜੰਡੇ ਦੇ ਲਾਗੂ ਹੋਣ ਨਾਲ ਪੰਜਾਬ ਦੀ ਨੁਹਾਰ ਬਦਲ ਜਾਵੇਗੀ। ਉਨ੍ਹਾਂ ਕਿਹਾ ਕਿ ਇਸ 13 ਨੁਕਾਤੀ ਏਜੰਡੇ ’ਚ ਹਰੇਕ ਵਰਗ ਲਈ ਸਕੀਮਾਂ ਲਿਆਂਦੀਆਂ ਗਈਆਂ ਹਨ ਤੇ ਸਕੀਮਾਂ ਦੀ ਲੋਕਾਂ ਨੂੰ ਲੋੜ ਵੀ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ ਦਾ ਜਿੰਨਾ ਵਿਕਾਸ ਹੋਇਆ ਹੈ ਉਹ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੀ ਹੋਇਆ ਹੈ। ਭਾਵੇਂ ਨਹਿਰਾਂ, ਖਾਲਿਆਂ, ਕਿਸਾਨਾਂ ਨੂੰ ਟਿਊਬਵੈਲ ਦੇ ਕੁਨੈਕਸ਼ਨ ਦੇਣ, ਕਿਸਾਨ ਮੰਡੀਆਂ ਬਣਾਉਣ ਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਮਾਮਲਾ ਹੋਵੇ। ਕਾਂਗਰਸ ਸਰਕਾਰ ਨੇ ਅਜਿਹੀ ਕੋਈ ਸੂਬੇ ਦੇ ਲੋਕਾਂ ਨੂੰ ਸਹੂਲਤ ਨਹੀਂ ਦਿੱਤੀ, ਜਿਸ ਦਾ ਉਹ ਜ਼ਿਕਰ ਕਰ ਸਕੇ। ਸੁਖਬੀਰ ਬਾਦਲ ਨੇ ਜਨਤਾ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜੋ ਮੌਜਾਂ ਤੁਸੀਂ ਬਾਦਲ ਦੇ ਰਾਜ ’ਚ ਲੁੱਟੀਆਂ ਹਨ ਉਹ ਹੋਰ ਕਿਸੇ ਦੇ ਰਾਜ ’ਚ ਨਹੀਂ ਲੁੱਟ ਸਕਦੇ। ਕਾਂਗਰਸ ਸਰਕਾਰ ਨੇ ਤਾਂ ਤੁਹਾਡੀਆਂ ਸਹੂਲਤਾਂ ਖੋਹੀਆਂ ਹਨ ਅਤੇ ਟੈਕਸਾਂ ਦਾ ਬੋਝ ਪਾਇਆ ਹੈ।
ਇਸ ਰੈਲੀ ਨੂੰ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਵਿਧਾਇਕ ਦਿਲਰਾਜ ਭੂੰਦੜ, ਪਾਰਟੀ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ, ਸਾਬਕਾ ਵਿਧਾਇਕ ਜਗਦੀਪ ਸਿੰਘ ਨਕੱਈ, ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ, ਅਕਾਲੀ ਆਗੂ ਡਾ. ਨਿਸ਼ਾਨ ਸਿੰਘ, ਮਿੱਠੂ ਮੋਫਰ, ਜਸਵਿੰਦਰ ਚਕੇਰੀਆਂ, ਹਰਭਜਨ ਖਿਆਲਾ, ਮਨਦੀਪ ਸਿੰਘ ਗੁੜੱਦੀ, ਆਤਮਜੀਤ ਕਾਲਾ, ਅਨਮੌਲਪੀਤ ਸਿੰਘ ਪੀੲਏ, ਹੈਪੀ ਮਾਨ, ਗੁਰਦੀਪ ਸਿੰਘ ਟੋਡਰਪੁਰ, ਗੁਰਪ੍ਰੀਤ ਸਿੰਘ ਚਹਿਲ, ਗੌਲਡੀ ਗਾਂਧੀ ਆਦਿ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।