ਕਿਸਾਨੀ ਕਰਜ਼ੇ ’ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਾਂਗਰਸ ਦੇ ਧੋਖ਼ੇ ’ਤੇ ਪਰਦਾ ਨਹੀਂ ਪਾ ਸਕਦੇ ਚੰਨੀ : ਸੰਧਵਾਂ

12/02/2021 11:13:21 AM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਹੈ। ਸੰਧਵਾਂ ਨੇ ਕਿਹਾ ਕਿ ਬਿਨਾਂ ਸ਼ੱਕ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੀ ਜ਼ਿੰਮੇਵਾਰੀ ਕੇਂਦਰ ਅਤੇ ਸੂਬਾ ਸਰਕਾਰ ਦੀ ਬਣਦੀ ਹੈ ਕਿਉਂਕਿ ਕਾਂਗਰਸ ਪਾਰਟੀ ਨੇ 2017 ਦੀਆਂ ਪੰਜਾਬ ‘ਚ ਚੋਣਾਂ ’ਚ ਪੂਰਨ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ ਅਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਸਮੇਤ ਅਕਾਲੀ ਦਲ ਬਾਦਲ ਨੇ ਵੀ ਕਿਸਾਨਾਂ- ਮਜ਼ਦੂਰਾਂ ਦੇ ਸਾਰੇ ਤਰਾਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੀਤੇ ਜਾਣ ਦੀ ਹਮੇਸ਼ਾ ਵਕਾਲਤ ਕਰਦੀ ਆਈ ਹੈ ਅਤੇ 2022 ’ਚ ‘ਆਪ’ ਦੀ ਸਰਕਾਰ ਬਣਨ ’ਤੇ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਜ਼ਰੂਰ ਮੁਆਫ਼ ਕੀਤੇ ਜਾਣਗੇ। ਸੰਧਵਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਕਿਸਾਨ ਅਤੇ ਖੇਤੀ ਵਿਰੋਧੀ ਨੀਤੀਆਂ ਕਾਰਨ ਅੱਜ ਸਮੁੱਚਾ ਖੇਤੀ ਸੈਕਟਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕਿਸਾਨ ਅਤੇ ਕਿਸਾਨਾਂ ’ਤੇ ਨਿਰਭਰ ਖੇਤ ਮਜ਼ਦੂਰ ਵਰਗ ਕਰਜ਼ੇ ਦੇ ਬੋਝ ਥੱਲੇ ਦੱਬ ਗਿਆ ਹੈ। ਕਿਸਾਨ ਅਤੇ ਖੇਤ ਮਜ਼ਦੂਰ ਡੇਢ ਲੱਖ ਕਰੋੜ ਤੋਂ ਵੱਧ ਦੇ ਕਰਜ਼ਾਈ ਹਨ, ਜੋ ਉਨ੍ਹਾਂ ਸੰਗਠਿਤ ਅਤੇ ਗੈਰ ਸੰਗਠਿਤ ਸੰਸਥਾਵਾਂ ਤੋਂ ਚੁੱਕਿਆ ਹੈ।

ਇਹ ਵੀ ਪੜ੍ਹੋ : ਸੋਨੀ ਨੇ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਦੇ ਮੱਦੇਨਜ਼ਰ ਤਿਆਰੀਆਂ ਦਾ ਲਿਆ ਜਾਇਜ਼ਾ

ਸੰਧਵਾਂ ਨੇ ਦੱਸਿਆ ਕਿ 2017 ਦੀਆਂ ਚੋਣਾਂ ਲਈ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ’ਚ ਕਿਸਾਨਾਂ ਦੇ ਸਮੁੱਚੇ ਕਰਜ਼ੇ ’ਤੇ ਲਾਈਨ ਮਾਰਨ ਦਾ ਵਾਅਦਾ ਕੀਤਾ ਸੀ। ਮੈਨੀਫੈਸਟੋ ’ਚ ਲਿਖਤੀ ਵਾਅਦੇ ਦੇ ਨਾਲ-ਨਾਲ ਕਿਸਾਨਾਂ ਕੋਲੋਂ ਬਕਾਇਦਾ ਕਰਜ਼ਾ ਮੁਆਫ਼ੀ ਫਾਰਮ ਉਸੇ ਤਰ੍ਹਾਂ ਭਰਵਾਏ ਗਏ ਸਨ, ਜਿਵੇਂ ਬੇਰੁਜ਼ਗਾਰ ਨੌਜਵਾਨਾਂ ਕੋਲੋਂ ਘਰ-ਘਰ ਨੌਕਰੀ ਅਤੇ ਵਿਦਿਆਰਥੀਆਂ ਕੋਲੋਂ ਮੋਬਾਇਲ ਫ਼ੋਨਾਂ ਲਈ ਭਰਵਾਏ ਗਏ ਸਨ। ਬੇਰੁਜ਼ਗਾਰ ਨੌਜਵਾਨਾਂ ਵਾਂਗ ਭੋਲੇ-ਭਾਲੇ ਕਿਸਾਨਾਂ ਨੇ ਕਾਂਗਰਸ ’ਤੇ ਵਿਸ਼ਵਾਸ ਕਰਕੇ ਕਾਂਗਰਸ ਦੀ ਸਰਕਾਰ ਬਣਾਈ ਪ੍ਰੰਤੂ ਬਦਲੇ ’ਚ ਕਾਂਗਰਸ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਨੂੰ ਧੋਖ਼ਾ ਦਿੱਤਾ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਦੱਸੇ ਕਿ ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਕਾਂਗਰਸ ਨੇ ਕੀਤਾ ਸੀ, ਉਹ ਪੂਰਾ ਕਿਉਂ ਨਹੀਂ ਕੀਤਾ ਗਿਆ? ਅੱਜ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਉਹ ਕੀ ਸਾਬਿਤ ਕਰਨਾ ਚਾਹੁੰਦੇ ਹਨ? ਕੀ ਅਜਿਹੇ ਡਰਾਮੇ ਕਰ ਕੇ ਉਹ ਕਾਂਗਰਸ ਦੇ ਲਿਖਤੀ ਵਾਅਦਿਆਂ ਨੂੰ ਭੁਲਾ ਦੇਣਗੇ? ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਲੋਚਨਾ ਕਰਦਿਆਂ ਸੰਧਵਾਂ ਨੇ ਕਿਹਾ, ‘‘ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਕੋਲ ਕਿਸਾਨਾਂ, ਕਿਸਾਨੀ ਕਰਜ਼ਿਆਂ ਅਤੇ ਖੇਤ ਮਜ਼ਦੂਰਾਂ ਬਾਰੇ ਕੁਝ ਵੀ ਕਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਨੂੰ ਦੱਸਣਾ ਪਵੇਗਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ ਕੋਈ ਵਿਸ਼ੇਸ਼ ਪੈਕੇਜ ਕਿਉਂ ਨਹੀਂ ਲੈ ਕੇ ਆਏ? ਬਾਦਲ ਪਰਿਵਾਰ ਇਹ ਵੀ ਦੱਸੇ ਕਿ ਬਤੌਰ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਨੇ ਸੂਬੇ ’ਚ ਕਿੰਨੇ ਫੂਡ ਪ੍ਰੋਸੈਸਿੰਗ ਯੂਨਿਟ ਲਿਆਂਦੇ?’’

ਇਹ ਵੀ ਪੜ੍ਹੋ : ਦਿੱਲੀ ਮੋਰਚੇ 'ਚੋਂ ਪਰਤੇ ਕਪਿਆਲ ਪਿੰਡ ਦੇ ਕਿਸਾਨ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News