ਪਰਮਾਤਮਾ ਨੇ ਚਾਹਿਆ ਤਾਂ 18 ਨਵੰਬਰ ਨੂੰ ਨਸ਼ਿਆਂ ਦੀ ਫਾਇਲ ਖੁੱਲ੍ਹ ਜਾਵੇਗੀ :ਮੁੱਖ ਮੰਤਰੀ ਚੰਨੀ
Sunday, Nov 07, 2021 - 01:11 PM (IST)
ਚੰਡੀਗੜ੍ਹ/ਸ੍ਰੀ ਚਮਕੌਰ ਸਾਹਿਬ(ਬਿਊਰੋ, ਕੌਸ਼ਲ)- ਮੁੱਖ ਮੰਤਰੀ ਚੰਨੀ ਨੇ ਇਥੇ ਬੇਲਾ-ਪਨਿਆਲੀ ਸੜਕ ਅਤੇ ਸਤਲੁਜ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਰਾਜ ਪੱਧਰੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਿੱਟ ਦੀ ਜਾਂਚ ਸਹੀ ਰਾਹ ’ਤੇ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਜਲਦ ਕਾਰਵਾਈ ਹੋਵੇਗੀ। ਚੰਨੀ ਨੇ ਕਿਹਾ ਕਿ ਪਰਮਾਤਮਾ ਨੇ ਚਾਹਿਆ ਤਾਂ 18 ਨਵੰਬਰ ਨੂੰ ਨਸ਼ਿਆਂ ਦੀ ਫਾਇਲ ਖੁੱਲ੍ਹ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੈਂ ਗ਼ਰੀਬ ਜਰੂਰ ਹਾਂ ਪਰ ਕਮਜ਼ੋਰ ਨਹੀਂ ਅਤੇ ਗੁਰੂ ਦੀ ਬੇਅਦਬੀ ਕਰਨ ਵਾਲੇ ਜਲਦ ਬੇਪਰਦ ਹੋਣਗੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ’ਚ ਧੱਕਣ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦ ਡਰੱਗ ਮਾਫੀਆ ਖ਼ਿਲਾਫ਼ ਰਿਪੋਰਟ ਖੁੱਲ੍ਹਣ ਨਾਲ ਕਈ ਨਸ਼ੇ ਦੇ ਕਈ ਵੱਡੇ ਸੌਦਾਗਰਾਂ ਦਾ ਪਰਦਾਫਾਸ਼ ਹੋਵੇਗਾ।
ਇਹ ਵੀ ਪੜ੍ਹੋ : ਸਿੱਧੂ ਪਰਿਵਾਰ ਨੇ ਨਹੀਂ ਮਨਾਈ ਦਿਵਾਲੀ, ਧੀ ਰਾਬੀਆ ਨੇ ਇੰਸਟਾਗ੍ਰਾਮ ’ਤੇ ਆਖੀ ਵੱਡੀ ਗੱਲ
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਭਲਾਈ ਲਈ ਹਰ ਫੈਸਲਾ ਪੂਰੀ ਇਮਾਨਦਾਰੀ ਅਤੇ ਦਿ੍ਰੜਤਾ ਨਾਲ ਲਿਆ ਜਾ ਰਿਹਾ ਹੈ ਅਤੇ ਭਿ੍ਰਸ਼ਟਾਚਾਰ ਖਤਮ ਕਰਨ ਲਈ ਪੰਜਾਬ ਸਰਕਾਰ ਪੂਰੀ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਸਾਫ਼ ਸੁਥਰੇ ਪ੍ਰਸ਼ਾਸਨ ਦੀ ਮਿਸਾਲ ਇਸ ਬਾਰ ਦੀਵਾਲੀ ਨੂੰ ਦੇਖਣ ਨੂੰ ਮਿਲੀ ਜਦੋਂ ਦੁਕਾਨਦਾਰਾਂ ਕੋਲੋਂ ਕੋਈ ਪੈਸੇ ਮੰਗਣ ਨਹੀਂ ਗਿਆ ਅਤੇ ਨਾ ਹੀ ਕਿਸੇ ਨੂੰ ਤੰਗ ਪੇ੍ਰਸ਼ਾਨ ਕੀਤਾ ਗਿਆ।
ਮੁੱਖ ਮੰਤਰੀ ਚੰਨੀ ਨੇ ਅਕਾਲੀਆਂ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਮੇਸ਼ਾ ਸੂਬੇ ਦੇ ਲੋਕਾਂ ਨੂੰ ਅਣਗੌਲਿਆ ਕੀਤਾ ਹੈ ਅਤੇ ਨਿੱਜੀ ਸੁਆਰਾਥਾਂ ਵਾਲੀ ਰਾਜਨੀਤੀ ਨੂੰ ਪਹਿਲ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀਆਂ ਅਤੇ ਭਾਜਪਾ ਨੇ ਹਮੇਸ਼ਾ ਹੀ ਜਾਤ-ਪਾਤ ਅਤੇ ਧਰਮ ਦੇ ਨਾਮ ’ਤੇ ਵੰਡੀਆਂ ਪਾ ਕੇ ਸਮਾਜ ਵਿਚ ਨਫ਼ਰਤ ਦੀ ਗੰਦੀ ਰਾਜੀਨਤੀ ਖੇਡੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਸੱਤਾ ’ਚ ਹੋਣ ਮੌਕੇ ਉਨ੍ਹਾਂ ਨੇ ਸ਼੍ਰੀ ਚਮਕੌਰ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਦਰਸਾਉਣ ਵਾਲੇ ਥੀਮ ਪਾਰਕ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਲਈ ਕਈ ਬਾਰ ਬੇਨਤੀ ਕੀਤੀ, ਪਰ ਆਕਲੀਆਂ ਨੇ ਕਦੇ ਵੀ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਬਲਕਿ ਥੀਮ ਪਾਰਕ ਦੇ ਨਿਰਮਾਣ ’ਚ ਰੋੜੇ ਅੜਕਾਏ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਕਈ ਨਕਲੀ ਆਮ ਆਦਮੀ ਸਿਰਫ਼ ਰਾਜਨੀਤੀ ਚਮਕਾਉਣ ਲਈ ਤੁਰੇ ਫਿਰਦੇ ਹਨ, ਜਿਨ੍ਹਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਜਰੂਰਤਾਂ ਤੱਕ ਦੀ ਸਮਝ ਵੀ ਨਹੀਂ। ਅਜਿਹੇ ਲੋਕ ਗਰੀਬਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਝੂਠੇ ਸਬਜਬਾਗ ਦਿਖਾ ਕੇ ਸਿਆਸੀ ਮਨੋਰਥਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਅਤੇ ਤਾਜ਼ਗੀ ਕਾਰਨ ਉਹ ਲੋਕਾਂ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਬਣ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਗਰੀਬ ਲੋਕਾਂ ਦੀਆਂ ਲੋੜਾਂ ਅਤੇ ਦਰਦ ਦਾ ਪਤਾ ਹੈ ਕਿਉਂਕਿ ਉਨਾਂ ਨੇ ਖੁਦ ਗਰੀਬੀ ਹੰਢਾਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਲਏ ਜਾ ਰਹੇ ਲੋਕ ਪੱਖੀ ਫੈਸਲੇ ਇਸ ਦੀ ਮਿਸਾਲ ਹਨ ਜਿਨ੍ਹਾਂ ’ਚ ਹਰ ਵਰਗ ਦੇ ਲੋਕਾਂ ਦੀਆਂ ਜਮੀਨੀ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਐਡਵੋਕੇਟ ਜਨਰਲ ਨੇ ਸਿੱਧੂ ਖ਼ਿਲਾਫ਼ ਖੋਲ੍ਹਿਆ ਮੋਰਚਾ, ਪਹਿਲੀ ਵਾਰ ਦਿੱਤਾ ਠੋਕਵਾਂ ਜਵਾਬ
ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਵਿਧਾਇਕ ਦਰਸ਼ਨ ਲਾਲ ਮੰਗੂਪੁਰੀਆ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ’ਚ ਪੰਜਾਬ ਸਰਕਾਰ ਵਲੋਂ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਤੱਕ ਹਰ ਇਕ ਦੀ ਪਹੁੰਚ ਹੈ ਜਿਸ ਦੇ ਚਲਦਿਆਂ ਸਮਾਜ ਦੇ ਸਭ ਵਰਗਾਂ ਦੀ ਸੁਣਵਾਈ ਕਰਕੇ ਸਿੱਧੇ ਮਸਲੇ ਹੱਲ ਕੀਤੇ ਜਾ ਰਹੇ ਹਨ।
ਇਸ ਮੌਕੇ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਮਨਕਮਲ ਸਿੰਘ ਚਾਹਲ, ਵਿਧਾਇਕ ਦਰਸ਼ਨ ਲਾਲ ਮੰਗੂਪੁਰੀਆ, ਸਾਬਕਾ ਵਿਧਾਇਕ ਭਾਗ ਸਿੰਘ, ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਆਈ. ਜੀ. ਰੋਪੜ ਰੇਂਜਅਰੁਨ ਕੁਮਾਰ ਮਿੱਤਲ, ਡਾ. ਮਨੋਹਰ ਸਿੰਘ, ਚੀਫ ਇੰਜੀਨੀਆਰ ਲੋਕ ਨਿਰਾਮਾਣ ਵਿਭਾਗ ਪਰਮ ਜੋਤੀ ਅਰੋੜਾ, ਐੱਸ. ਐੱਸ. ਪੀ. ਰੂਪਨਗਰ ਵਿਕਾਸ ਸੋਨੀ, ਨੌਜਵਾਨ ਆਗੂ ਨਵਜੀਤ ਸਿੰਘ ਨਵੀ, ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਅਤੇ ਗਿਆਨ ਸਿੰਘ ਬੇਲਾ ਵੀ ਮੌਜੂਦ ਸਨ।