ਅਲੀ ਬਾਬਾ ਬਦਲਣ ਨਾਲ ਬਾਕੀ ਦੁੱਧ ਧੋਤੇ ਨਹੀਂ ਹੋ ਜਾਣਗੇ : ਕੁੰਵਰ ਵਿਜੇ ਪ੍ਰਤਾਪ

Monday, Sep 20, 2021 - 02:43 AM (IST)

ਅਲੀ ਬਾਬਾ ਬਦਲਣ ਨਾਲ ਬਾਕੀ ਦੁੱਧ ਧੋਤੇ ਨਹੀਂ ਹੋ ਜਾਣਗੇ : ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ(ਜ.ਬ.)- ਕਾਂਗਰਸ ’ਚ ਚੱਲ ਰਹੀ ਕੁਰਸੀ ਦੀ ਜੰਗ, ਆਪਸੀ ਖਿੱਚੋਤਾਣ ’ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਅਸਤੀਫ਼ਾ ਦਿੱਤਾ ਹੈ ਉਸ ਅਸਤੀਫ਼ੇ ਦਾ ਕਾਰਨ ਵੀ ਇਹ ਸਰਕਾਰ ਹੀ ਹੈ। ਉਨ੍ਹਾਂ ਕਿਹਾ ਕਿ ਅਲੀ ਬਾਬਾ ਬਦਲਣ ਨਾਲ ਬਾਕੀ ਦੁੱਧ ਧੋਤੇ ਨਹੀਂ ਹੋ ਜਾਣਗੇ।

ਇਹ ਵੀ ਪੜ੍ਹੋ- ਚਰਨਜੀਤ ਸਿੰਘ ਚੰਨੀ ਨੂੰ ਬਹੁਤ-ਬਹੁਤ ਮੁਬਾਰਕਾਂ : ਮਨਪ੍ਰੀਤ ਬਾਦਲ

ਉਨ੍ਹਾਂ ਕਿਹਾ ਕਿ 9 ਅਪ੍ਰੈਲ ਨੂੰ ਜਦੋਂ ਕੋਟਕਪੂਰਾ ਫਾਇਰਿੰਗ ਦਾ ਚਲਾਨ ਪੇਸ਼ ਕੀਤਾ ਗਿਆ ਸੀ ਤਾਂ ਉਸ ਦਿਨ ਐਡਵੋਕੇਟ ਜਨਰਲ ਮੈਡੀਕਲ ਛੁੱਟੀ ’ਤੇ ਚਲੇ ਗਏ ਸਨ, ਜਦ ਕਿ ਪਿਛਲੇ ਚਾਰ ਸਾਲਾਂ ’ਚ ਉਨ੍ਹਾਂ ਕੋਈ ਛੁੱਟੀ ਨਹੀਂ ਲਈ ਸੀ। ਇਹ ਸਭ ਮੌਜੂਦਾ ਸਰਕਾਰ ਨੂੰ ਪਤਾ ਸੀ ਅਤੇ ਇਸ ਦੀ ਅਗਲੀ ਤਰੀਕ ਵੀ ਲਈ ਜਾ ਸਕਦੀ ਸੀ ਪਰ ਇਕ ਰਾਜਨੀਤਕ ਪਰਿਵਾਰ ਜਿਸ ’ਤੇ ਦੋਸ਼ ਲੱਗਦਾ ਸੀ, ਨੂੰ ਬਚਾਉਣ ਲਈ ਅੰਦਰ ਖਾਤੇ ਮਿਲੀਭੁਗਤ ਕੀਤੀ ਗਈ ਅਤੇ ਚਲਾਨ ਰੱਦ ਕਰਵਾਇਆ ਗਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਕੁਦਰਤ ਦਾ ਵੀ ਆਪਣਾ ਹੀ ਕ੍ਰਿਸ਼ਮਾ ਹੁੰਦਾ ਹੈ। 13 ਅਪ੍ਰੈਲ ਨੂੰ ਜਦੋਂ ਉਨ੍ਹਾਂ ਆਪਣਾ ਅਸਤੀਫਾ ਦਿੱਤਾ ਸੀ ਤਾਂ ਉਨ੍ਹਾਂ ਆਪਣੀ ਅਪੀਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ’ਚ ਪਾ ਦਿੱਤੀ ਸੀ ਅਤੇ ਕਿਹਾ ਸੀ ਕਿ ਇਸ ਦਾ ਫ਼ੈਸਲਾ ਵੀ ਉਹ ਪ੍ਰਮਾਤਮਾ ਹੀ ਕਰੇਗਾ।

ਇਹ ਵੀ ਪੜ੍ਹੋ- ਹਥਿਆਰਬੰਦ ਲੁਟੇਰਿਆਂ ਵੱਲੋਂ ਜਿਊਲਰਜ਼ ਦੇ ਘਰ ਲੁੱਟ ਦੀ ਕੋਸ਼ਿਸ਼ ਦੌਰਾਨ ਇਕ ਦੀ ਮੌਤ (ਵੀਡੀਓ)

ਉਨ੍ਹਾਂ ਕਿਹਾ ਕਿ ਜਦੋਂ ਬਰਗਾੜੀ ’ਚ ਬੇਅਦਬੀ ਅਤੇ ਕੋਟਕਪੂਰਾ ਦਾ ਗੋਲੀ ਕਾਂਡ ਹੋਇਆ, ਉਸ ਸਮੇਂ ਮੌਜੂਦਾ ਸਰਕਾਰ ਵਿਰੋਧੀ ਧਿਰ ’ਚ ਸੀ ਅਤੇ ਇਸੇ ਮੁੱਦੇ ਨੂੰ ਚੁੱਕ ਕੇ ਹੀ ਕਾਂਗਰਸ ਸਰਕਾਰ ਹੋਂਦ ’ਚ ਆਈ ਸੀ, ਜੋ ਕਿ ਅੱਜ ਦਾ ਵੀ ਬਹੁਤ ਵੱਡਾ ਮੁੱਦਾ ਹੈ । ਇਸ ਤੋਂ ਬਾਅਦ ਨਿਰਪੱਖ ਤੌਰ ’ਤੇ ਜਾਂਚ ਹੋਈ ਅਤੇ ਅਸੀਂ ਚਲਾਨ ਦੇ ਤੌਰ ’ਤੇ ਰਿਪੋਰਟ ਮਾਣਯੋਗ ਅਦਾਲਤ ਨੂੰ ਭੇਜ ਦਿੱਤੀ ਪਰ ਰਾਜਨੀਤਕ ਮਿਲੀਭੁਗਤ ਕਰ ਕੇ ਇਸ ਚਲਾਨ ਨੂੰ ਖਾਰਿਜ ਕਰਵਾਇਆ ਗਿਆ ਕਿਉਂਕਿ ਇਕ-ਇਕ ਸਬੂਤ ਉਸ ਰਿਪੋਰਟ ’ਚ ਹੈ ਅਤੇ ਇਨ੍ਹਾਂ ਸਬੂਤਾਂ ਦੇ ਆਧਾਰ ’ਤੇ ਹੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਸੀ। ਉਨ੍ਹਾਂ ਕਿਹਾ ਕਿ ਆਪਣੀ ਅਪੀਲ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ’ਚ ਵੀ ਕੀਤੀ ਹੈ। ਇਹ ਇਨਸਾਫ ਤੇ ਸੰਵਿਧਾਨ ਦਾ ਕਤਲ ਹੈ। ਕਾਂਗਰਸ ਤੇ ਅਕਾਲੀ ਆਪਸ ’ਚ ਮਿਲੇ ਹੋਏ ਹਨ ਅਤੇ ਅੱਗੇ ਵਿਧਾਨਸਭਾ ਚੋਣਾਂ ’ਚ ਵੀ ਇਨ੍ਹਾਂ ਆਪਣੀਆਂ ਰਾਜਨੀਤਕ ਸਾਂਝਾ ਨਿਭਾਉਣੀਆਂ ਹਨ।

ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੇ ਮਨ ਬਣਾ ਲਿਆ ਹੈ ਅਤੇ ਅਗਲੇ ਸਾਲ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਅਤੇ ਬਰਗਾਡ਼ੀ ’ਚ ਬੇਅਦਬੀ ਅਤੇ ਕੋਟਕਪੂਰਾ ਦੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।


author

Bharat Thapa

Content Editor

Related News