ਕੈਪਟਨ ਦੇ ਪੱਤਰ ਨੂੰ ਚੰਦੂਮਾਜਰਾ ਨੇ ਦੱਸਿਆ ਡਰਾਮਾ, ਕਿਹਾ ਕਾਂਗਰਸ ਦੇ ਰਾਜ ’ਚ ਲੁੱਟਿਆ ਪੰਜਾਬ
Monday, Apr 05, 2021 - 02:59 PM (IST)
ਮੋਹਾਲੀ (ਪਰਦੀਪ) : ਅੱਜ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਮੋਹਾਲੀ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਮਣੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਨਾਲ ਮਿਲੀਭੁਗਤ ਖ਼ਿਲਾਫ਼ ਧਰਨਾ ਅਤੇ ਰੋਸ ਪ੍ਰਗਟ ਕੀਤਾ। ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਨੂੰ ਲਿਖਿਆ ਪੱਤਰ ਹੱਕ ਮੰਗਣ ਵਾਲਾ ਨਹੀਂ ਸਗੋਂ ‘ਪ੍ਰੇਮ ਪੱਤਰ’ ਜਾਪਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੇ ਅਜਿਹੇ ਦੋਹਰੇ ਪੈਂਤੜੇ ਤੋਂ ਸਾਫ਼ ਦਿਖਦਾ ਹੈ ਕਿ ਪੰਜਾਬ ਸਰਕਾਰ ਵੀ ਕੇਂਦਰ ਦੀ ਬੋਲੀ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਕਿਸਾਨਾਂ ਨੂੰ ਅਜਿਹੇ ਪੱਤਰਾਂ ਨਾਲ ਕੇਂਦਰ ਤੋਂ ਇਨਸਾਫ਼ ਨਹੀਂ ਦਵਾ ਸਕਣਗੇ। ਚੰਦੂਮਾਜਰਾ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਸਿੱਧੇ ਰੂਪ ਵਿੱਚ ਸੂਬੇ ਦੇ ਅਧਿਕਾਰ ਖੇਤਰ ‘ਤੇ ਡਾਕਾ ਮਾਰ ਕੇ ਪੰਜਾਬ ਨੂੰ ਸਬਕ ਸਿਖਾਉਣ ਦੇ ਰੌਅ ਵਿੱਚ ਹੈ, ਅਜਿਹੇ ਸਮੇਂ ਕੈਪਟਨ ਅਮਰਿੰਦਰ ਸਿੰਘ ਕੇਂਦਰ ਖ਼ਿਲਾਫ਼ ਸਖ਼ਤ ਪੈਂਤੜਾ ਵਰਤਣ ਦੀ ਥਾਂ ਕੇਂਦਰ ਦੀ ਹੀ ਸਾਈਡ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਭੀਖ ਮੰਗਣ ਦੀ ਥਾਂ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਨੂੰ ਪੰਜਾਬ ਦੇ ਸੰਵਿਧਾਨਿਕਾਂ ਹੱਕਾਂ ਦੀ ਲੜਾਈ ਕੇਂਦਰ ਨਾਲ ਆਹਮੋ-ਸਾਹਮਣੇ ਹੋ ਕੇ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ੁਰੂ ਵਿੱਚ ਹੀ ਕੈਪਟਨ ਸਰਕਾਰ ਵੱਲੋਂ ਆਪਣੀ ਸਹੀ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਵਾਢੀ ਦੇ ਸੀਜਨ ਸਮੇਂ ਐੱਫ. ਸੀ. ਆਈ. ਵੱਲੋਂ ਨਵੀਆਂ ਸ਼ਰਤਾਂ ਨਿਰਧਾਰਤ ਨਾ ਕੀਤੀਆਂ ਜਾਂਦੀਆਂ ਅਤੇ ਨਾ ਹੀ ਕਣਕ ਦੀ ਖ਼ਰੀਦ ਅੱਗੇ ਪਾਉਣ ਦੀ ਲੋੜ ਪੈਣੀ ਸੰਭਵ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
ਇਸ ਸਮੇਂ ਚੰਦੂਮਾਜਰਾ ਨੇ ਬਿਜਲੀ ਮਹਿੰਗਾਈ ‘ਤੇ ਕਾਂਗਰਸ ਵੱਲੋਂ ਸੂਬੇ ਦੇ ਲੋਕਾਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ ਦਾ ਵੀ ਪਰਦਾਫ਼ਾਸ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿੱਚ ਬਿਜਲੀ ਦੇ ਰੇਟ ਪੰਜਾਬ ਨਾਲੋਂ ਸਸਤੇ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਕੋਲੋ ਕਰੋੜਾਂ ਰੁਪਏ ਉਗਰਾਹ ਕੇ ਪ੍ਰਾਈਵੇਟ ਥਰਮਲਾਂ ਮਾਲਕਾਂ ਦੀਆਂ ਝੋਲੀਆਂ ਭਰੀਆਂ ਜਾ ਰਹੀਆਂ ਹਨ । ਇਸ ਸਮੇਂ ਉਨ੍ਹਾਂ ਕੈਪਟਨ ਸਰਕਾਰ ਵੱਲੋਂ ਕੋਲਾ ਧੁਆਈ ਦਾ ਕੇਸ ਸਹੀ ਢੰਗ ਨਾਲ ਨਾ ਲੜਨ ਕਰਕੇ 800 ਕਰੋੜ ਦਾ ਪੰਜਾਬੀਆਂ ਦੀਆਂ ਜੇਬਾਂ ’ਤੇ ਵਾਧੂ ਭਾਰ ਪਾਉਣ ਦਾ ਵੀ ਦੋਸ਼ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਸਿੱਧੇ ਰੂਪ ਵਿੱਚ ਸਰਕਾਰ ਦੀ ਮਿਲੀਭੁਗਤ ਕਾਰਨ ਪ੍ਰਾਈਵੇਟ ਥਰਮਲ ਮਾਲਕਾਂ ਨੂੰ ਲਾਭ ਪਹੁੰਚਾਉਣ ਦਾ ਜ਼ਰੀਆ ਸੀ। ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਅੱਜ ਹਜ਼ਾਰਾਂ ਦੀ ਗਿਣਤੀ ‘ਚ ਦਲਿਤ ਵਿਦਿਆਰਥੀ ਸ਼ਕਾਲਸਿਪ ਨਾ ਮਿਲਣ ਕਰਕੇ ਪੜ੍ਹਾਈ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਥਾਂ ਉਨ੍ਹਾਂ ਨਾਲ ਕੁੱਟਮਾਰ ਕਰਕੇ ਪੁਲਸ ਤਸ਼ੱਦਦ ਨਾਲ ਜ਼ਲੀਲ ਕੀਤਾ ਜਾ ਰਿਹਾ ਹੈ। ਚੰਦੂਮਾਜਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀ ਇਸ ਘਟੀਆ ਕਾਰਗੁਜ਼ਾਰੀ ਦਾ ਜਵਾਬ ਜ਼ਰੂਰ ਦੇਣਗੇ। ਇਸ ਸਮੇਂ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮੋਹਾਲੀ ਕਮਲਜੀਤ ਰੂਬੀ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਹਰਮਨਪ੍ਰੀਤ ਪ੍ਰੈੱਸ਼, ਸਰਕਲ ਪ੍ਰਧਾਨ ਅਵਤਾਰ ਸਿੰਘ ਦਾਉ, ਮੈਂਬਰ ਸੰਮਤੀ ਅਵਤਾਰ ਮੌਲੀ, ਰਛਪਾਲ ਸਿੰਘ ਮਿੱਡੂਖੇੜਾ, ਓ. ਐੱਸ. ਡੀ. ਹਰਦੇਵ ਹਰਪਾਲਪੁਰ, ਹੈਪੀ ਸਨੇਟਾ, ਸੁਰਿੰਦਰ ਸਿੰਘ, ਜਥੇਦਾਰ ਕਰਤਾਰ ਤਸੰਬਲੀ, ਸਰਬਜੀਤ ਸਿੰਘ ਜੁਲਰ, ਹਰਪਾਲ ਸਿੰਘ ਬਰਾੜ ਤੋਂ ਇਲਾਵਾ ਵੱਡੀ ਗਿਣਤੀ ‘ਚ ਪੰਚ ਸਰਪੰਚ ਅਤੇ ਵਰਕਰ ਮੌਜੂਦ ਸਨ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਰਕਾਰ ਖ਼ਿਲਾਫ਼ ਲਾਇਆ ਧਰਨਾ, ਕੀਤੀ ਨਾਅਰੇਬਾਜ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?