ਸਵੇਰੇ ਧੁੰਦ, ਦੁਪਹਿਰੇ ਧੁੱਪ
Wednesday, Dec 27, 2017 - 07:43 AM (IST)
ਚੰਡੀਗੜ੍ਹ (ਯੂ.ਐੱਨ.ਆਈ.) - ਪੰਜਾਬ ਵਿਚ ਮੰਗਲਵਾਰ ਭਾਵੇਂ ਤਿੱਖੀ ਧੁੱਪ ਚੜ੍ਹੀ ਰਹੀ ਪਰ ਸਵੇਰ ਸਮੇਂ ਕਈ ਖੇਤਰਾਂ 'ਚ ਸੰਘਣੀ ਧੁੰਦ ਦੇ ਛਾਏ ਰਹਿਣ ਕਾਰਨ ਸੀਤ ਲਹਿਰ ਵਿਚ ਕੋਈ ਕਮੀ ਨਹੀਂ ਹੋਈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਦੀ ਸ਼ਾਮ ਤਕ ਮੌਸਮ ਖੁਸ਼ਕ ਰਹੇਗਾ ਪਰ ਸਵੇਰ ਵੇਲੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕਿਤੇ ਵੀ ਬਰਫਬਾਰੀ ਨਾ ਹੋਣ ਕਾਰਨ ਵੱਖ-ਵੱਖ ਸ਼ਹਿਰਾਂ 'ਚ ਪੁੱਜੇ ਸੈਲਾਨੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਆਮ ਤੌਰ 'ਤੇ ਕ੍ਰਿਸਮਸ ਵਾਲੇ ਦਿਨ ਹਿਮਾਚਲ 'ਚ ਕਈ ਥਾਵਾਂ 'ਤੇ ਬਰਫ ਪੈ ਜਾਂਦੀ ਹੈ ਪਰ ਇਸ ਸਾਲ ਇੰਝ ਨਹੀਂ ਹੋਇਆ।
ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ 'ਚ ਮੰਗਲਵਾਰ ਸਵੇਰ ਸਮੇਂ ਸੰਘਣੀ ਧੁੰਦ ਕਾਰਨ ਰੇਲ, ਸੜਕੀ ਅਤੇ ਹਵਾਈ ਸੇਵਾਵਾਂ 'ਤੇ ਅਸਰ ਪਿਆ। ਦਿਨ ਸਮੇਂ ਧੁੰਦ ਛਟ ਗਈ ਤੇ ਧੁੱਪ ਚੜ੍ਹ ਗਈ, ਜਿਸ ਕਾਰਨ ਲੋਕਾਂ ਨੂੰ ਦੁਪਹਿਰ ਸਮੇਂ ਸੀਤ ਲਹਿਰ ਤੋਂ ਕੁਝ ਰਾਹਤ ਮਿਲੀ। ਸਭ ਤੋਂ ਘੱਟ ਤਾਪਮਾਨ ਜਲੰਧਰ ਨੇੜੇ ਆਦਮਪੁਰ ਵਿਖੇ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ, ਲੁਧਿਆਣਾ ਅਤੇ ਹਲਵਾਰਾ ਵਿਖੇ ਇਹ ਤਾਪਮਾਨ 5 ਡਿਗਰੀ ਸੀ। ਚੰਡੀਗੜ੍ਹ 'ਚ 7, ਅੰਬਾਲਾ 'ਚ 8, ਰੋਹਤਕ 'ਚ 6 ਤੇ ਪਟਿਆਲਾ 'ਚ 8 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਦਿੱਲੀ 'ਚ 7 ਅਤੇ ਸ਼੍ਰੀਨਗਰ ਵਿਖੇ ਮਨਫੀ 2 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੀ।
