ਖਹਿਰਾ ਛੋਟੇਪੁਰ ਨੂੰ ਆਪਣਾ ਬਣਾਉਣ ਦੀ ਤਿਆਰੀ 'ਚ

02/06/2019 12:56:48 PM

ਮੋਹਾਲੀ/ਚੰਡੀਗੜ੍ਹ(ਨਿਆਮੀਆਂ, ਭੁੱਲਰ, ਸ਼ਰਮਾ)— 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਲੋਂ 'ਆਪ' ਦੇ ਸਾਬਕਾ ਕਨਵੀਨਰ ਅਤੇ 'ਆਪਣਾ ਪੰਜਾਬ ਪਾਰਟੀ' ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਡੈਮੋਕ੍ਰੇਟਿਵ ਅਲਾਇੰਸ ਵਿਚ ਸ਼ਾਮਲ ਕਰਨ ਲਈ ਮੰਗਲਵਾਰ ਨੂੰ ਉਨ੍ਹਾਂ ਨਾਲ ਉਨ੍ਹਾਂ ਦੀ ਮੋਹਾਲੀ ਫੇਜ਼-11 ਵਿਚ ਸਥਿਤ ਰਿਹਾਇਸ਼ 'ਤੇ ਲਗਭਗ ਇਕ ਘੰਟਾ ਮੀਟਿੰਗ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਇਕ ਈਮਾਨਦਾਰ ਅਤੇ ਸਾਫ ਸੁਥਰੀ ਸ਼ਖ਼ਸੀਅਤ ਦੇ ਮਾਲਕ ਹਨ। ਉਨ੍ਹਾਂ ਦੀ ਸੋਚ ਪੰਜਾਬ ਡੈਮੋਕ੍ਰੇਟਿਵ ਅਲਾਇੰਸ ਨਾਲ ਮੇਲ ਖਾਂਦੀ ਹੈ, ਇਸ ਲਈ ਉਹ ਅੱਜ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਆਏ ਹਨ। ਛੋਟੇਪੁਰ ਨਾਲ ਹੋਈ ਗੱਲਬਾਤ ਬਾਰੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਪਹਿਲੀ ਮੀਟਿੰਗ ਹੈ, ਉਨ੍ਹਾਂ ਨਾਲ ਇਸ ਬਾਰੇ ਵਿਸਥਾਰ ਸਹਿਤ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਅੰਤਮ ਫੈਸਲਾ ਇਕ ਦੋ ਦਿਨਾਂ ਵਿਚ ਆਪਣੀ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਹੀ ਲੈਣਗੇ। ਇਸ ਦੀ ਸੁੱਚਾ ਸਿੰਘ ਛੋਟੇਪੁਰ ਨੇ ਵੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਲਾਇੰਸ ਉਨ੍ਹਾਂ ਸਾਰੇ ਉਮੀਦਵਾਰਾਂ ਦਾ ਸਵਾਗਤ ਕਰੇਗਾ, ਜੋ ਪੰਜਾਬ ਹਿਤੈਸ਼ੀ ਅਤੇ ਕਾਂਗਰਸ, ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੇ ਵਿਰੁੱਧ ਹੈ।

ਸੂਬੇ 'ਚ ਨਵਗਠਿਤ ਰਾਜਨੀਤਕ ਪਾਰਟੀ 'ਪੰਜਾਬੀ ਏਕਤਾ ਪਾਰਟੀ' ਅਮਰੀਕਾ, ਕੈਨੇਡਾ, ਯੂਰਪ, ਮਿਡਲ ਈਸਟ, ਆਸਟਰੇਲੀਆ ਅਤੇ ਨਿਊਜ਼ੀਲੈਂਡ 'ਚ ਪਾਰਟੀ ਦੇ ਚੈਪਟਰ ਸਥਾਪਿਤ ਕਰੇਗੀ, ਜਿਸ ਲਈ 21 ਮੈਂਬਰੀ ਕੋ-ਆਰਡੀਨੇਸ਼ਨ ਕਮੇਟੀ ਦੇ ਗਠਨ ਲਈ ਪਾਰਟੀ ਦੀ ਵਰਕਿੰਗ ਕਮੇਟੀ ਦੀ ਬੈਠਕ 'ਚ ਮਨਜ਼ੂਰੀ ਪ੍ਰਦਾਨ ਕੀਤੀ ਗਈ। ਬੈਠਕ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕਮੇਟੀ ਸੰਸਾਰ ਦੇ ਵੱਖ–ਵੱਖ ਦੇਸ਼ਾਂ 'ਚ ਪੀ. ਈ. ਪੀ. ਦੇ ਢਾਂਚਿਆਂ ਦੇ ਗਠਨ ਦੀ ਦੇਖਭਾਲ ਕਰੇਗੀ। ਉਨ੍ਹਾਂ ਕਿਹਾ ਕਿ ਐੱਨ. ਆਰ. ਆਈਜ਼ ਨੂੰ ਪਾਰਟੀ 'ਚ ਵਿਸ਼ੇਸ਼ ਤਰਜ਼ਮਾਨੀ ਦੇਣ ਅਤੇ ਉਨ੍ਹਾਂ ਨੂੰ ਪੰਜਾਬ ਨਾਲ ਜੁੜੇ ਹੋਏ ਫੈਸਲਿਆਂ 'ਚ ਹਿੱਸੇਦਾਰ ਬਣਾਉਣ ਲਈ 3 ਮੈਂਬਰਾਂ ਨੂੰ ਪੰਜਾਬੀ ਏਕਤਾ ਪਾਰਟੀ ਦੀ ਪੀ. ਏ. ਸੀ. 'ਚ ਸਪੈਸ਼ਲ ਮਹਿਮਾਨ ਨਿਯੁਕਤ ਕੀਤਾ ਗਿਆ ਹੈ। ਕਮੇਟੀ ਇਹ ਯਕੀਨੀ ਬਣਾਏਗੀ  ਕਿ ਭ੍ਰਿਸ਼ਟ  ਰਵਾਇਤੀ ਸਿਆਸੀ ਪਾਰਟੀਆਂ ਦੀ ਤਰ੍ਹਾਂ ਉਨ੍ਹਾਂ 'ਤੇ ਲੀਡਰਸ਼ਿਪ ਥੋਪੇ ਜਾਣ ਦੀ ਥਾਂ ਐੱਨ. ਆਰ. ਆਈ. ਪੰਜਾਬੀ ਆਪਸੀ ਸਹਿਮਤੀ ਨਾਲ ਆਪਣੀ ਲੀਡਰਸ਼ਿਪ ਚੁਣਨ।

ਖਹਿਰਾ ਨੇ ਕਿਹਾ ਕਿ ਹਾਲੇ ਤੱਕ ਸਿਰਫ ਦੋਸ਼ ਲੱਗ ਰਹੇ ਸਨ ਕਿ ਬਾਦਲ ਪਰਿਵਾਰ ਐੱਸ. ਜੀ. ਪੀ. ਸੀ. ਦਾ ਹੀ ਨਹੀਂ ਸਗੋਂ ਇਸ  ਦੇ ਫੰਡਾਂ ਦੀ ਵੀ ਦੁਰਵਰਤੋਂ ਕਰਦਾ ਰਿਹਾ ਹੈ ਪਰ ਐੱਸ. ਜੀ. ਪੀ. ਸੀ. ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਸੇਖਵਾਂ ਨੇ ਆਪਣੀ ਕਿਤਾਬ 'ਚ ਇਸ ਦਾ ਐਲਾਨ  ਕਰਕੇ ਜਨਤਾ ਸਾਹਮਣੇ ਸੱਚ ਪ੍ਰਗਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੇਖਵਾਂ ਨੇ ਆਪਣੀ ਕਿਤਾਬ 'ਚ ਬਾਦਲ ਪਰਿਵਾਰ ਦੀਆਂ ਗੁਰਦਵਾਰਿਆਂ ਦੀਆਂ ਗੋਲਕਾਂ 'ਤੇ ਕਬਜ਼ੇ ਦਾ ਜੋ ਤੱਥ  ਪ੍ਰਗਟ ਕੀਤਾ ਹੈ, ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।  ਉਨ੍ਹਾਂ ਦੋਸ਼ ਲਾਇਆ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਸੁਖਬੀਰ ਅਤੇ ਪ੍ਰਕਾਸ਼ ਸਿੰਘ ਬਾਦਲ ਦੀ  ਮਿਲੀਭੁਗਤ ਰਹੀ ਹੈ, ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਸੀ. ਸੀ. ਟੀ. ਵੀ. ਦੀ ਫੁਟੇਜ ਤੱਕ ਜਾਂਚ ਕਮਿਸ਼ਨ ਨੂੰ ਮੁਹੱਈਆ ਨਹੀਂ ਕਰਵਾਈ ਜਾ ਸਕੀ।  


cherry

Content Editor

Related News