ਖਾਲਿਸਤਾਨ ਨਾਲ ਸਬੰਧਤ ਸਾਹਿਤ ਰੱਖਣ 'ਤੇ ਸਜ਼ਾ ਦੇਣਾ ਨਿੰਦਣਯੋਗ : ਖਹਿਰਾ
Wednesday, Feb 13, 2019 - 02:18 PM (IST)

ਚੰਡੀਗੜ (ਰਮਨਜੀਤ) : ਪੰਜਾਬੀ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਨਵਾਂਸ਼ਹਿਰ ਪੁਲਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਸਿੱਖ ਨੌਜਵਾਨਾਂ ਨੂੰ ਆਰਮਜ਼ ਐਕਟ ਅਤੇ ਪ੍ਰੀਵੈਂਸ਼ਨ ਆਫ ਅਨ-ਲਾਅਫੁਲ ਐਕਟੀਵਿਟੀਜ਼ ਐਕਟ 'ਚ ਫਸਾਉਣ ਦੀ ਸਾਜ਼ਿਸ਼ ਰਚੀ ਗਈ ਹੈ। ਖਹਿਰਾ ਨੇ ਕਿਹਾ ਕਿ ਇਹ ਮਾਮਲਾ ਉਸ ਸਮੇਂ ਦਰਜ ਕੀਤਾ ਗਿਆ ਹੈ, ਜਦੋਂ ਉਹ ਜੇਲ 'ਚ ਬੰਦ ਸਨ। ਖਹਿਰਾ ਨੇ ਕਿਹਾ ਕਿ ਤਿੰਨ ਸਿੱਖ ਨੌਜਵਾਨਾਂ ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਦੇਸ਼ ਦੇ ਖਿਲਾਫ ਜੰਗ ਸ਼ੁਰੂ ਕਰਨ ਦੇ ਦੋਸ਼ 'ਚ ਨਵਾਂਸ਼ਹਿਰ ਦੇ ਇਕ ਕੋਰਟ ਨੇ 31 ਜਨਵਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਉਨ੍ਹਾਂ ਕਿਹਾ ਕਿ ਖਾਲਿਸਤਾਨ ਨਾਲ ਸਬੰਧਤ ਲਿਟਰੇਚਰ, ਕਿਤਾਬਾਂ ਤੇ ਪੈਂਫਲੇਟ ਰੱਖਣ ਦੇ ਦੋਸ਼ ਤਹਿਤ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ ਦਾ ਇਹ ਪਹਿਲਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਨਿਭਾਈ ਭੂਮਿਕਾ ਕਾਰਨ ਸਿੱਖ ਕੌਮ 'ਚ ਪੈਦਾ ਹੋ ਰਹੀ ਰੋਸ ਦੀ ਭਾਵਨਾ ਨੂੰ ਦੇਖਦਿਆਂ ਇਸ ਮਸਲੇ ਦੀ ਉੱਚ ਪੱਧਰ ਕਾਨੂੰਨੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਖਹਿਰਾ ਨੇ ਕਿਹਾ ਕਿ ਤਿੰਨ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਸਮੇਂ ਉਨ੍ਹਾਂ ਕੋਲ ਵਲੋਂ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ ਸੀ, ਹੁਣ ਅਦਾਲਤ ਵਲੋਂ ਉਨ੍ਹਾਂ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਪੁਲਸ ਨੇ ਨਵਾਂਸ਼ਹਿਰ ਦੇ ਅਰਵਿੰਦਰ ਸਿੰਘ ਦੇ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।