ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੀ ਧੀ ਨੂੰ ਮਿਲਿਆ 58 ਲੱਖ ਦਾ ਪੈਕਜ, ਨਾਈਜੀਰੀਆ 'ਚ ਕਰੇਗੀ ਨੌਕਰੀ

Wednesday, Dec 21, 2022 - 11:17 AM (IST)

ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੀ ਧੀ ਨੂੰ ਮਿਲਿਆ 58 ਲੱਖ ਦਾ ਪੈਕਜ, ਨਾਈਜੀਰੀਆ 'ਚ ਕਰੇਗੀ ਨੌਕਰੀ

ਚੰਡੀਗੜ੍ਹ (ਰਸ਼ਮੀ) : ਯੂਨੀਵਰਸਿਟੀ ਬਿਜ਼ਨੈੱਸ ਸਕੂਲ ਦੀ ਐੱਮ. ਬੀ. ਏ. ਦੀ ਵਿਦਿਆਰਥਣ ਹੁਸ਼ਿਆਰਪੁਰ ਨਿਵਾਸੀ ਅੰਸ਼ੂ ਸੂਦ ਨੂੰ ਤੋਲਾਰਾਮ ਕੰਪਨੀ ਨੇ 58 ਲੱਖ ਰੁਪਏ ਦਾ ਸਲਾਨਾ ਪੈਕੇਜ ਦਿੱਤਾ ਹੈ। ਅੰਸ਼ੂ ਨੂੰ ਨਾਈਜੀਰੀਆ ਲਈ ਇਹ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਉਹ ਮਈ 2023 'ਚ ਉੱਥੇ ਜੁਆਇਨ ਕਰੇਗੀ। ਅੰਸ਼ੂ ਸੂਦ ਨੇ ਦੱਸਿਆ ਕਿ ਉਸ ਦੇ ਪਿਤਾ ਰਾਜੇਸ਼ ਸੂਦ ਦੀ ਹੁਸ਼ਿਆਰਪੁਰ 'ਚ ਕਰਿਆਨੇ ਦੀ ਦੁਕਾਨ ਹੈ, ਜਦੋਂ ਕਿ ਮਾਤਾ ਸੀਮਾ ਸੂਦ ਸੇਵਾਮੁਕਤ ਅਧਿਆਪਕਾ ਹਨ। ਅੰਸ਼ੂ ਨੇ ਦੱਸਿਆ ਕਿ ਉਸ ਨੇ ਯੂ. ਆਈ. ਈ. ਟੀ. ਹੁਸ਼ਿਆਰਪੁਰ ਤੋਂ ਬੀ. ਟੈੱਕ. ਕੀਤੀ ਤੇ ਉਸ ਤੋਂ ਬਾਅਦ ਐੱਮ. ਬੀ. ਏ. ਮਾਰਕੀਟਿੰਗ 'ਚ ਪੜ੍ਹਾਈ ਕੀਤੀ। ਅੰਸ਼ੂ ਸੈਲਫ਼ ਸਟੱਡੀਜ਼ 'ਚ ਵਿਸ਼ਵਾਸ ਰੱਖਦੀ ਹੈ। ਅੰਸ਼ੂ ਨੇ ਕਿਹਾ ਕਿ ਉਹ ਬਹੁਤ ਸਾਰੀਆਂ ਫਿਕਸ਼ਨ ਅਤੇ ਨਾਨ-ਫਿਕਸ਼ਨ ਦੀਆਂ ਕਿਤਾਬਾਂ ਪੜ੍ਹਦੀ ਹੈ। ਉਸ ਨੇ ‘ਕੈਟ’ 'ਚ 93 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਅੰਸ਼ੂ ਨੇ ਸਕੂਲ ਦੀ ਪੜ੍ਹਾਈ ਸੇਂਟ ਜੋਸੇਫ਼ ਕਾਨਵੈਂਟ ਸਕੂਲ ਤੋਂ ਕੀਤੀ। ਅੰਸ਼ੂ ਮੁਤਾਬਕ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਅਜਿਹਾ ਪੈਕੇਜ ਮਿਲੇਗਾ।

ਇਹ ਵੀ ਪੜ੍ਹੋ : ਦੋਰਾਹਾ ਤੋਂ ਵੱਡੀ ਖ਼ਬਰ : ਫੈਕਟਰੀ ਅੰਦਰ ਬੁਆਇਲਰ ਫੱਟਣ ਕਾਰਨ ਜ਼ੋਰਦਾਰ ਧਮਾਕਾ, 2 ਮਜ਼ਦੂਰਾਂ ਦੀ ਮੌਤ

ਅੰਸ਼ੂ ਨੇ ਦੱਸਿਆ ਕਿ ਉਹ ਇਹ ਸਾਰੀ ਤਨਖ਼ਾਹ ਮਾਪਿਆਂ ਨੂੰ ਦੇਵੇਗੀ। ਅੰਸ਼ੂ ਨੇ ਦੱਸਿਆ ਕਿ ਉਹ ਸਾਬਕਾ ਰਾਸ਼ਟਰਪਤੀ ਸਵ. ਏ. ਪੀ. ਜੇ. ਅਬਦੁਲ ਕਲਾਮ ਤੋਂ ਪ੍ਰਭਾਵਿਤ ਹੈ। ਅੰਸ਼ੂ ਨੇ ਕਿਹਾ ਕਿ ਜੇਕਰ ਹਰ ਰੋਜ਼ ਥੋੜ੍ਹੀ-ਥੋੜ੍ਹੀ ਪੜ੍ਹਾਈ ਵੀ ਕੀਤੀ ਜਾਵੇ, ਤਾਂ ਵੀ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਅੰਸ਼ੂ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਵੀ ਇਕ ਕੰਪਨੀ 'ਚ ਇੰਜੀਨੀਅਰ ਹੈ। ਉਸ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਅੰਸ਼ੂ ਨੇ ਕੁੱਝ ਸਮਾਂ ਨੌਕਰੀ ਵੀ ਕੀਤੀ ਹੈ। ਅੰਸ਼ੂ ਨੇ ਕਿਹਾ ਕਿ ਨਾਈਜੀਰੀਆ ਉਸ ਲਈ ਨਵਾਂ ਦੇਸ਼ ਹੈ। ਉਹ ਉੱਥੇ ਜਾ ਕੇ ਕੰਮ ਕਰਨ ਲਈ ਬਹੁਤ ਉਤਸੁਕ ਹੈ। ਅੰਸ਼ੂ ਨੇ ਕਿਹਾ ਕਿ ਯੂ. ਬੀ. ਐੱਸ. ਦੇ ਚੇਅਰਪਰਸਨ ਪ੍ਰੋ. ਸੰਜੇ ਕੌਸ਼ਿਕ ਅਤੇ ਪਲੇਸਮੈਂਟ ਟੀਮ ਨੇ ਕੰਪਨੀਆਂ ਨੂੰ ਕੈਂਪਸ ਵੱਲ ਆਕਰਸ਼ਿਤ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਅੰਸ਼ੂ ਖੇਡਾਂ ਅਤੇ ਕਰੀਕੁਲਰ ਐਕਟੀਵਿਟੀ ਨਾਲ ਵੀ ਜੁੜੀ ਰਹੀ ਹੈ। ਅੰਸ਼ੂ ਨੇ ਦੱਸਿਆ ਕਿ ਕੈਂਪਸ 'ਚ ਹਰ ਸ਼ਾਮ ਗਾਂਧੀ ਭਵਨ ਦੇ ਬਾਹਰ ਵਿਦਿਆਰਥੀ ਡਾਂਸ ਕਰਦੇ ਹਨ ਤੇ ਗਾਣੇ ਗਾਉਂਦੇ ਹਨ, ਉਸ ਨੂੰ ਇਹ ਮਾਹੌਲ ਬਹੁਤ ਪਸੰਦ ਆਉਂਦਾ ਹੈ। ਅੰਸ਼ੂ ਨੂੰ ਡੋਸਾ ਖਾਣਾ ਬਹੁਤ ਪਸੰਦ ਹੈ।

ਇਹ ਵੀ ਪੜ੍ਹੋ : ਪੰਜਾਬੀਓ ਗੱਡੀ ਹੌਲੀ ਚਲਾਓ, ਹਾਦਸਿਆਂ ਦੌਰਾਨ ਮਰਨ ਵਾਲੇ ਲੋਕਾਂ ਦੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
27 ਲੱਖ ਦਾ ਪੈਕੇਜ ਸੁਜੇਸ਼ ਕੁਮਾਰ ਅਤੇ ਅਰਸ਼ਦੀਪ ਸਿੰਘ ਨੂੰ ਮਿਲਿਆ
ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਦੇ ਸੁਜੇਸ਼ ਕੁਮਾਰ ਨੂੰ ਟ੍ਰਾਈਡੈਂਟ ਗਰੁੱਪ ਤੋਂ 27 ਲੱਖ ਰੁਪਏ ਦਾ ਸਲਾਨਾ ਪੈਕੇਜ ਮਿਲਿਆ ਹੈ। ਸੁਜੇਸ਼ ਨੇ ਦੱਸਿਆ ਕਿ ਬੀ. ਟੈੱਕ. ਤੋਂ ਬਾਅਦ ਉਸ ਨੇ ਕੁੱਝ ਸਮਾਂ ਨੌਕਰੀ ਕੀਤੀ। ਬਾਅਦ 'ਚ ‘ਕੈਟ’ ਕਲੀਅਰ ਕਰ ਕੇ ਐੱਮ. ਬੀ. ਏ. ਕਰਨ ਦਾ ਮਨ ਬਣਾ ਲਿਆ। ਸੁਜੇਸ਼ ਨੇ ਐੱਮ. ਬੀ. ਏ. ਐੱਚ. ਆਰ. 'ਚ ਕੀਤੀ ਹੈ। ਉਸ ਨੇ ‘ਕੈਟ’ ਕਲੀਅਰ ਕਰਨ ਲਈ ਸੈਲਫ਼ ਸਟੱਡੀ ਕੀਤੀ ਹੈ। ਸੁਜੇਸ਼ ਦੇ ਪਿਤਾ ਐੱਮ. ਕੇ. ਝਾਅ ਸਰਕਾਰੀ ਨੌਕਰੀ ਕਰਦੇ ਹਨ, ਜਦੋਂ ਕਿ ਮਾਂ ਸੰਜੂ ਝਾਅ ਹਾਊਸ ਵਾਈਫ਼ ਹਨ। ਸੁਜੇਸ਼ ਨੇ ਦੱਸਿਆ ਕਿ ਉਸ ਨੇ 3-4 ਕੰਪਨੀਆਂ 'ਚ ਇੰਟਰਨਸ਼ਿਪ ਵੀ ਕੀਤੀ ਹੈ। ਮਲੇਰਕੋਟਲਾ ਦੇ ਅਰਸ਼ਦੀਪ ਸਿੰਘ ਨੂੰ ਵੀ ਟ੍ਰਾਈਡੈਂਟ ਗਰੁੱਪ 'ਚ 27 ਲੱਖ ਰੁਪਏ ਦਾ ਪੈਕੇਜ ਮਿਲਿਆ ਹੈ। ਉਸ ਨੇ ਗੁਰੂ ਨਾਨਕ ਕਾਲਜ ਲੁਧਿਆਣਾ ਤੋਂ ਬੀ. ਟੈੱਕ ਕੀਤੀ, ਜਿਸ ਤੋਂ ਪਹਿਲਾਂ ਉਸ ਨੇ ਜੇ. ਈ. ਕਲੀਅਰ ਕੀਤੀ। ਉਹ ਰਾਸ਼ਟਰੀ ਪੱਧਰ ’ਤੇ ਵੀ ਕਾਲਜ ਦੀ ਨੁਮਾਇੰਦਗੀ ਕਰਦਾ ਰਿਹਾ ਹੈ। ਅਰਸ਼ਦੀਪ ਨੇ ਦੱਸਿਆ ਕਿ ਉਸਨੇ ‘ਕੈਟ’ ਦੀ ਤਿਆਰੀ ਵੀ ਸੈਲਫ ਸਟੱਡੀ ਰਾਹੀਂ ਨਾਲ ਕੀਤੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸੀਜ਼ਨ ਦੀ ਪਹਿਲੀ ਧੁੰਦ : ਹਵਾਈ ਅੱਡੇ 'ਤੇ ਲੈਂਡਿੰਗ ਲਈ ਅੱਧਾ ਘੰਟਾ ਹਵਾ 'ਚ ਉੱਡਦਾ ਰਿਹਾ ਜਹਾਜ਼
24 ਲੱਖ ਦਾ ਪੈਕੇਜ ਅਨੁਰੀਤ ਬਾਜਵਾ ਅਤੇ ਹਿਮਾਂਸ਼ੂ ਨੂੰ ਮਿਲਿਆ
ਸਿਰਸਾ ਦੀ ਅਨੁਰੀਤ ਬਾਜਵਾ ਨੂੰ ਟ੍ਰਾਈਡੈਂਟ ਕੰਪਨੀ ਵਲੋਂ 24 ਲੱਖ ਰੁਪਏ ਦਾ ਪੈਕੇਜ ਦਿੱਤਾ ਗਿਆ ਹੈ। ਅਨੁਰੀਤ ਦੇ ਪਿਤਾ ਇਕ ਕਿਸਾਨ ਹਨ। ਦੂਜੇ ਪਾਸੇ ਮਾਨਸਾ ਦੇ ਹਿਮਾਂਸ਼ੂ ਨੂੰ ਵੀ ਟ੍ਰਾਈਡੈਂਟ ਵਿਚ 24 ਲੱਖ ਰੁਪਏ ਦਾ ਪੈਕੇਜ ਮਿਲਿਆ ਹੈ। ਹਿਮਾਂਸ਼ੂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ. ਟੈੱਕ. ਕੀਤੀ। ਹਿਮਾਂਸ਼ੂ ਦੇ ਪਿਤਾ ਐੱਸ. ਡੀ. ਓ. ਸੇਵਾਮੁਕਤ ਹੋਏ, ਜਦਕਿ ਮਾਤਾ ਐੱਸ. ਬੀ. ਆਈ. ਵਿਚ ਡਿਪਟੀ ਮੈਨੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਹਿਮਾਂਸ਼ੂ ਨੇ ਕੁੱਝ ਸਮਾਂ ਕੰਮ ਵੀ ਕੀਤਾ ਹੈ। ਹਿਮਾਂਸ਼ੂ ਨੇ ਕਿਹਾ ਕਿ ਕੁੱਝ ਸਮਾਂ ਕੰਮ ਕਰਨ ਦੇ ਤਜ਼ਰਬੇ ਨੇ ਵੀ ਉਸ ਨੂੰ ਕਾਫ਼ੀ ਮਦਦ ਦਿੱਤੀ ਹੈ। ਇਸੇ ਤਰ੍ਹਾਂ ਪ੍ਰਵੀਨ ਵਰਮਾ ਨੂੰ 11.4 ਲੱਖ ਰੁਪਏ ਦਾ ਸਲਾਨਾ ਪੈਕੇਜ ਮਿਲਿਆ। ਉਸ ਦੇ ਪਿਤਾ ਰਾਜੇਸ਼ ਵਰਮਾ ਇਕ ਵਪਾਰੀ ਹਨ ਅਤੇ ਮਾਂ ਅਧਿਆਪਕਾ ਹੈ। ਉਹ ਟੇਬਲ ਟੈਨਿਸ ਦੀ ਰਾਸ਼ਟਰੀ ਪੱਧਰ ਦੀ ਖਿਡਾਰਣ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News