ਚੰਡੀਗੜ੍ਹ ਪੁਲਸ ਦੀ ਵੀ ''ਪੰਜਾਬ ਪੁਲਸ'' ਵਾਂਗ ਹੋਵੇ ਤਰੱਕੀ

03/29/2018 8:35:22 AM

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਵਿਭਾਗ 'ਚ ਹੌਲਦਾਰ ਤੋਂ ਲੈ ਕੇ ਸਬ ਇੰਸਪੈਕਟਰ ਦੀ ਤਰੱਕੀ ਪੰਜਾਬ ਪੁਲਸ ਦੇ ਨਿਯਮਾਂ ਤਹਿਤ ਹੀ ਕੀਤੀ ਜਾਵੇ। ਇਹ ਸਿਫਾਰਿਸ਼ ਗ੍ਰਹਿ ਵਿਭਾਗ ਨੇ ਚੰਡੀਗੜ੍ਹ ਦੇ ਡੀ. ਜੀ. ਪੀ. ਤਜਿੰਦਰ ਸਿੰਘ ਲੂਥਰਾ ਨੂੰ ਭੇਜੀ ਇਕ ਚਿੱਠੀ 'ਚ ਦਿੱਤੀ ਹੈ। ਚਿੱਠੀ 'ਚ ਕਿਹਾ ਗਿਆ ਹੈ ਕਿ ਪੰਜਾਬ ਪੁਲਸ ਨਿਯਮਾਂ ਦੇ ਤਹਿਤ 16 ਸਾਲਾਂ ਦੀ ਸਰਵਿਸ ਹੋਣ 'ਤੇ ਕਾਂਸਟੇਬਲ ਨੂੰ ਹੈੱਡ ਕਾਂਸਟੇਬਲ, 22 ਸਾਲ ਦੀ ਸਰਵਿਸ ਹੋਣ 'ਤੇ ਥਾਣੇਦਾਰ ਅਤੇ 30 ਸਾਲਾਂ ਦੀ ਸਰਵਿਸ ਹੋਣ 'ਤੇ ਸਬ ਇੰਸਪੈਕਟਰ ਬਣਾਇਆ ਜਾਵੇ। ਗ੍ਰਹਿ ਵਿਭਾਗ ਨੇ ਕਿਹਾ ਹੈ ਕਿ ਚੰਡੀਗੜ੍ਹ ਪੁਲਸ 'ਚ ਪੰਜਾਬ ਪੁਲਸ ਦੇ ਨਿਯਮ ਲਾਗੂ ਹੁੰਦੇ ਹਨ। ਉਨ੍ਹਾਂ ਨਿਯਮਾਂ ਤਹਿਤ ਹੀ ਚੰਡੀਗੜ੍ਹ ਪੁਲਸ ਨੇ 2015-16 'ਚ ਕਾਂਸਟੇਬਲਾਂ ਨੂੰ ਸੀਨੀਅਰ ਕਾਂਸਟੇਬਲਾਂ ਦੀ ਤਰੱਕੀ ਦਿੱਤੀ ਸੀ। ਅਜਿਹੇ 'ਚ ਹੁਣ ਪੰਜਾਬ ਪੁਲਸ ਨਿਯਮਾਂ ਤਹਿਤ ਹੀ 16 ਸਾਲਾਂ ਦੀ ਸਰਵਿਸ 'ਚ ਕਾਂਸਟੇਬਲ ਨੂੰ ਹੈੱਡ ਕਾਂਸਟੇਬਲ, 22 ਸਾਲਾਂ ਦੀ ਸਰਵਿਸ ਹੋਣ 'ਤੇ ਥਾਣੇਦਾਰ ਅਤੇ 30 ਸਾਲਾਂ ਦੀ ਸਰਵਿਸ ਹੋਣ 'ਤੇ ਸਬ ਇੰਸਪੈਕਟਰ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਸ ਵਿਭਾਗ 'ਚ 24 ਸਾਲਾਂ ਦੀ ਸਰਵਿਸ ਕਰਨ ਤੋਂ ਬਾਅਦ ਵੀ ਪੁਲਸ ਜਵਾਨ ਕਾਂਸਟੇਬਲ ਦੇ ਅਹੁਦੇ 'ਤੇ ਨੌਕਰੀ ਕਰ ਰਹੇ ਹਨ। ਇਸ ਦਾ ਕਾਰਨ ਹੈ ਕਿ ਚੰਡੀਗੜ੍ਹ ਪੁਲਸ ਵਿਭਾਗ 'ਚ ਤਰੱਕੀ ਸੀਨੀਅਰਤਾ ਦੇ ਤਹਿਤ ਹੁੰਦੀ ਹੈ। ਚੰਡੀਗੜ੍ਹ ਪੁਲਸ ਵਿਭਾਗ 'ਚ ਅਜੇ ਤੱਕ ਬੀਵਨ ਟੈਸਟ ਨਿਯਮ ਲਾਗੂ ਨਹੀਂ ਹੋਇਆ ਹੈ। ਲੰਬੇ ਸਮੇਂ ਤੱਕ ਕਾਂਸਟੇਬਲ ਦੇ ਅਹੁਦੇ 'ਤੇ ਨੌਕਰੀ ਕਰਨ ਵਾਲੇ ਜਵਾਨਾਂ 'ਚ ਤਰੱਕੀ ਨਾ ਹੋਣ ਕਾਰਨ ਕਾਫੀ ਰੋਸ ਪਾਇਆ ਜਾ ਰਿਹਾ ਹੈ।


Related News