ਚੰਡੀਗੜ੍ਹ ''ਚ ਖ਼ਤਮ ਹੋਇਆ ''ਨਾਈਟ ਕਰਫ਼ਿਊ'', ਰਾਤ 12 ਵਜੇ ਤੱਕ ਖੁੱਲ੍ਹ ਸਕਣਗੇ ਰੈਸਟੋਰੈਂਟ

Wednesday, Aug 18, 2021 - 11:05 AM (IST)

ਚੰਡੀਗੜ੍ਹ (ਵਿਜੇ) : ਪੰਜਾਬ ਅਤੇ ਹਰਿਆਣਾ ਤੋਂ ਬਾਅਦ ਹੁਣ ਚੰਡੀਗੜ੍ਹ ਵਿਚ ਵੀ ਨਾਈਟ ਕਰਫ਼ਿਊ ਨਹੀਂ ਲੱਗੇਗਾ। ਸ਼ਹਿਰ ਵਿਚ ਕੋਵਿਡ ਦੇ ਮਾਮਲੇ ਘੱਟ ਹੋਣ ਕਾਰਨ ਮੰਗਲਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ਵਿਚ ਹੋਈ ਵਾਰ ਰੂਮ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਸਾਰੇ ਰੈਸਟੋਰੈਂਟ-ਬਾਰ ਨੂੰ ਵੀ ਹੁਣ 50 ਫ਼ੀਸਦੀ ਸਮਰੱਥਾ ਨਾਲ ਸਵੇਰੇ 8 ਤੋਂ ਰਾਤ 12 ਵਜੇ ਤਕ ਖੁੱਲ੍ਹੇ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਬੁੱਧਵਾਰ ਅਤੇ ਸ਼ੁੱਕਰਵਾਰ ਛੱਡ ਕੇ ਬਾਕੀ ਸਾਰੇ ਵਰਕਿੰਗ ਡੇਜ਼ ਵਿਚ ਲੋਕ ਸਰਕਾਰੀ ਦਫ਼ਤਰਾਂ ਵਿਚ ਆਪਣੇ ਕੰਮ ਸਬੰਧੀ ਦੁਪਹਿਰ 12 ਤੋਂ 1 ਵਜੇ ਤੱਕ ਵਿਜ਼ਿਟ ਕਰ ਸਕਦੇ ਹਨ।

ਇਹ ਵੀ ਪੜ੍ਹੋ : ਮੋਹਾਲੀ : ਫ਼ੌਜੀ ਬਣਨ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ, ਇਸ ਮਹੀਨੇ ਹੋਵੇਗੀ ਭਰਤੀ ਰੈਲੀ

ਹਾਲਾਂਕਿ ਇਹ ਸ਼ਰਤ ਵੀ ਲਾਈ ਗਈ ਹੈ ਕਿ ਵਿਜ਼ੀਟਰ ਨੂੰ ਘੱਟੋ- ਘੱਟ ਇਕ ਵੈਕਸੀਨ ਲੱਗ ਚੁੱਕੀ ਹੋਵੇ ਜਾਂ ਉਸ ਕੋਲ ਪਿਛਲੇ 72 ਘੰਟਿਆਂ ਦੀ ਆਰ. ਟੀ.-ਪੀ. ਸੀ. ਆਰ. ਨੈਗੇਟਿਵ ਰਿਪੋਰਟ ਹੋਵੇ। ਲੋਕਾਂ ਨੂੰ ਹੋਰ ਰਾਹਤ ਦਿੰਦਿਆਂ ਪਬਲਿਕ ਟਰਾਂਸਪੋਰਟ ਨਾਲ ਜੁੜਿਆ ਵੀ ਵੱਡਾ ਫ਼ੈਸਲਾ ਲਿਆ ਗਿਆ। ਹੁਣ ਪਬਲਿਕ ਟਰਾਂਸਪੋਰਟ ਵਿਚ ਸਫ਼ਰ ਕਰਨ ਲਈ 50 ਫ਼ੀਸਦੀ ਸਮਰੱਥਾ ਵਾਲੀ ਰੋਕ ਨਹੀਂ ਰਹੇਗੀ। ਹੁਣ ਬੱਸਾਂ ਪੂਰੀ ਮੁਸਾਫ਼ਰ ਸਮਰੱਥਾ ਨਾਲ ਰੂਟ ’ਤੇ ਚੱਲਣਗੀਆਂ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਅਧਿਆਪਕਾ ਨੇ ਘਰ ਦੀ ਛੱਤ 'ਤੇ ਖ਼ੁਦ ਨੂੰ ਲਾਈ ਅੱਗ, ਖ਼ੁਦਕੁਸ਼ੀ ਨੋਟ 'ਚ ਦੱਸਿਆ ਕਾਰਨ
ਖੇਡ ਵਿਭਾਗ ਦੀ ਅਕਾਦਮੀ ਵੀ ਸ਼ੁਰੂ
ਮੀਟਿੰਗ ਦੌਰਾਨ ਚੰਡੀਗੜ੍ਹ ਖੇਡ ਵਿਭਾਗ ਦੀ ਅਕਾਦਮੀ ਨੂੰ ਵੀ ਫਿਰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ। ਇਨ੍ਹਾਂ ਵਿਚ ਵਿਭਾਗ ਦੀਆਂ ਹਾਕੀ, ਫੁੱਟਬਾਲ ਅਤੇ ਕ੍ਰਿਕਟ ਅਕਾਦਮੀਆਂ ਸ਼ਾਮਲ ਹਨ। ਇਨ੍ਹਾਂ ਅਕਾਦਮੀਆਂ ਵਿਚ ਸਿਰਫ਼ ਉਹੀ ਖਿਡਾਰੀ ਜਾ ਸਕਣਗੇ, ਜਿਨ੍ਹਾਂ ਨੂੰ ਘੱਟੋ-ਘੱਟ ਇਕ ਵੈਕਸੀਨ ਲੱਗੀ ਹੋਵੇ। 18 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਨੂੰ ਪਹਿਲਾਂ ਆਪਣੇ ਮਾਪਿਆਂ ਤੋਂ ਮਨਜ਼ੂਰੀ ਲੈਣੀ ਪਵੇਗੀ। ਇਕ ਫ਼ੈਸਲਾ ਇਹ ਵੀ ਲਿਆ ਗਿਆ ਕਿ ਹੁਣ ਵਿਆਹ ਸਮਾਰੋਹ ਜਾਂ ਹੋਰ ਸਮਾਜਿਕ ਪ੍ਰੋਗਰਾਮ ਲਈ ਕੋਵਿਡ ਪ੍ਰੋਟੋਕਾਲ ਨਾਲ ਜੁੜੀ ਸਿਰਫ਼ ਅੰਡਰਟੇਕਿੰਗ ਹੀ ਦੇਣੀ ਪਵੇਗੀ। ਹੁਣ ਐੱਸ. ਡੀ. ਐੱਮ. ਦਫ਼ਤਰ ਤੋਂ ਇਜਾਜ਼ਤ ਦੀ ਲੋੜ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਪਟਿਆਲਾ 'ਚ ਦਰਦਨਾਕ ਘਟਨਾ, ਛੁੱਟੀ ਆਏ 3 ਫ਼ੌਜੀ ਦੋਸਤ ਕਾਰ ਸਮੇਤ ਭਾਖੜਾ ਨਹਿਰ 'ਚ ਡਿਗੇ
ਪੀ. ਜੀ. ਆਈ. ’ਚ ਇਕ ਹਫ਼ਤੇ ਦੌਰਾਨ ਵਧੇ ਮਰੀਜ਼
ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤਰਾਮ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਕੋਲ ਕੋਵਿਡ ਦੇ 21 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ ਸਿਰਫ ਇਕ ਹੀ ਮਰੀਜ਼ ਚੰਡੀਗੜ੍ਹ ਦਾ ਹੈ। ਪੀ. ਜੀ. ਆਈ. ਵਿਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਕ ਹਫ਼ਤੇ ਵਿਚ ਹੀ ਇਹ ਗਿਣਤੀ 9 ਤੋਂ 21 ਤੱਕ ਪਹੁੰਚ ਚੁੱਕੀ ਹੈ। ਇਨ੍ਹਾਂ ਵਿਚੋਂ 19 ਮਰੀਜ਼ ਅਜਿਹੇ ਹਨ, ਜੋ ਕਿਸੇ ਹੋਰ ਬੀਮਾਰੀ ਤੋਂ ਵੀ ਪੀੜਤ ਹਨ। ਡਾ. ਜਗਤਰਾਮ ਨੇ ਜਾਣਕਾਰੀ ਦਿੱਤੀ ਕਿ ਜੀਨੋਮ ਇੰਡੈਕਸਿੰਗ ਸਹੂਲਤ ਵੀ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤ ਵਿਚ 40 ਸੈਂਪਲ ਟੈਸਟ ਕੀਤੇ ਜਾ ਰਹੇ ਹਨ। ਉੱਥੇ ਹੀ ਜੀ. ਐੱਮ. ਐੱਸ. ਐੱਚ.-16 ਦੀ ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਮਨਦੀਪ ਕੰਗ ਨੇ ਦੱਸਿਆ ਕਿ ਇਸ ਮਹੀਨੇ ਕੋਵਿਡ ਕਾਰਨ ਕੋਈ ਮੌਤ ਨਹੀਂ ਹੋਈ। ਸ਼ਹਿਰ ਦੇ 34.5 ਫ਼ੀਸਦੀ ਲੋਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਵੀ ਲੱਗ ਚੁੱਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News