ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਦੋ ਅੰਤਰਰਾਸ਼ਟਰੀ ਐਵਾਰਡ

Friday, Mar 08, 2019 - 09:43 AM (IST)

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਦੋ ਅੰਤਰਰਾਸ਼ਟਰੀ ਐਵਾਰਡ

ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਚਿਆਲ) ਨੂੰ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਵਰਲਡ ਨੇ ਦੋ ਅੰਤਰਰਾਸ਼ਟਰੀ ਐਵਾਰਡ ਦੇ ਕੇ ਸਨਮਾਨਤ ਕੀਤਾ। ਏਅਰਪੋਰਟ ਕੌਂਸਲ ਇੰਟਰਨੈਸ਼ਨਲ ਐਵਾਰਡ ਨੇ ਉਨ੍ਹਾਂ ਜੇਤੂਆਂ ਦਾ ਖੁਲਾਸਾ ਕੀਤਾ ਹੈ, ਜੋ ਦੁਨੀਆ 'ਚ ਮੁਸਾਫਰਾਂ ਨੂੰ ਸਭ ਤੋਂ ਚੰਗੇ ਗਾਹਕ ਦਾ ਅਹਿਸਾਸ ਮੁਹੱਈਆ ਕਰਦੇ ਹਨ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਏਸ਼ੀਆ ਦਾ 2-5 ਮਿਲੀਅਨ ਮੁਸਫ਼ਰ ਸ਼੍ਰੇਣੀ ਤਹਿਤ ਆਕਾਰ ਅਤੇ ਖੇਤਰ 'ਚ ਸਰਵਉੱਤਮ ਹਵਾਈ ਅੱਡੇ ਦੇ ਰੂਪ 'ਚ ਸਨਮਾਨਤ ਕੀਤਾ ਗਿਆ ਹੈ, ਹਾਲਾਂਕਿ ਇਸ ਸ਼੍ਰੇਣੀ 'ਚ ਭਾਰਤ ਦੇ ਭੁਵਨੇਸ਼ਵਰ, ਇੰਦੌਰ ਅਤੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਸ਼ਾਮਿਲ ਹੈ।
ਇਸ ਤੋਂ ਇਲਾਵਾ ਇਸ ਨੂੰ 2-5 ਮਿਲੀਅਨ ਮੁਸਾਫ਼ਰ ਸ਼੍ਰੇਣੀ 'ਚ ਸਾਈਜ਼ ਦੇ ਆਧਾਰ 'ਤੇ ਵਾਤਾਵਰਣ ਅਤੇ ਪ੍ਰਵੇਸ਼ (ਇਨਵਾਇਰਨਮੈਂਟ ਅਤੇ ਐਂਬੀਐਂਸ) ਸ਼੍ਰੇਣੀ 'ਚ ਬੈਸਟ ਏਅਰਪੋਰਟ ਦੇ ਰੂਪ 'ਚ ਸਨਮਾਨਤ ਕੀਤਾ ਗਿਆ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੀ ਬਿਲਡਿੰਗ ਖੁਦ 'ਚ ਇਕ ਮਾਸਟਰ ਪੀਸ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਸ਼ਾਨਦਾਰ ਦ੍ਰਿਸ਼ ਅਤੇ ਅੰਦਰੂਨੀ ਹਿੱਸਾ ਬੈਸਟ ਇਨਵਾਇਰਨਮੈਂਟ ਐਂਡ ਐਂਬੀਐਂਸ ਬਾਏ ਸਾਈਜ਼ (2-5 ਮਿਲੀਅਨ ਮੁਸਾਫ਼ਰ ਸ਼੍ਰੇਣੀ) ਤਹਿਤ ਵੱਕਾਰੀ ਪੁਰਸਕਾਰ ਜਿੱਤਣ ਲਈ ਇਕ ਪ੍ਰਮੁੱਖ ਕਾਰਨ ਰਿਹਾ ਹੈ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਬਿਲਡਿੰਗ ਇਕ ਸੰਸਾਰ ਪੱਧਰੀ ਇਮਾਰਤ ਹੈ, ਜਿਸ ਦਾ ਉਦਘਾਟਨ ਸਤੰਬਰ 2015 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਸੀ। ਇਸ ਹਵਾਈ ਅੱਡੇ ਦਾ ਨਿਰਮਾਣ ਖੁਦ 'ਚ ਇਕ ਵਿਸ਼ਵ ਪੱਧਰੀ ਢਾਂਚਾ ਹੈ। ਇਹ ਆਰਾਮਦਾਇਕ ਅਤੇ ਫੈਲਿਆ ਹੋਇਆ ਹੈ।
ਮੁਸਾਫਰਾਂ ਦੀ ਵਧੇਗੀ ਗਿਣਤੀ
ਇਸ ਸਬੰਧੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਸੀ. ਈ. ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੰਸਟਰੂਮੈਂਟ ਲੈਂਡਿੰਗ ਸਿਸਟਮ ਆਈ. ਐੱਲ. ਐੱਸ. ਕੈਟ-3 ਇੰਸਟਾਲ ਹੋਣ ਤੋਂ ਬਾਅਦ ਏਅਰਪੋਰਟ 24 ਘੰਟੇ ਆਪ੍ਰੇਟ ਹੋਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਮੁਸਾਫਰਾਂ ਦੀ ਗਿਣਤੀ 'ਚ ਵਾਧਾ ਹੋਵੇਗਾ। ਆਉਣ ਵਾਲੇ ਸਮੇਂ 'ਚ ਇੰਟਰਨੈਸ਼ਨਲ ਏਅਰਪੋਰਟ ਤੋਂ ਯੂਰਪ, ਯੂ. ਐੱਸ. ਏ. ਅਤੇ ਹੋਰ ਦੇਸ਼ਾਂ ਦੀਆਂ ਫਲਾਈਟਾਂ ਸ਼ੁਰੂ ਹੋ ਜਾਣਗੀਆਂ। ਸਾਡੇ ਵੱਲੋਂ ਮੁਸਾਫਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆਂ ਕਰਵਾਈ ਜਾ ਰਹੀ ਹੈ।


author

Babita

Content Editor

Related News