ਚੰਡੀਗੜ੍ਹ ਗੈਂਗਰੇਪ ਦਾ ਮੁੱਖ ਮੁਲਜ਼ਮ 5 ਦਿਨ ਪਹਿਲਾਂ ਹੀ ਬਣਿਆ ਸੀ ਪਿਤਾ, ਵਾਰਦਾਤ ਲਈ ਕੀਤੀ ਸੀ ਪੂਰੀ ਪਲਾਨਿੰਗ
Saturday, Nov 25, 2017 - 09:55 AM (IST)

ਚੰਡੀਗੜ੍ਹ (ਸੰਦੀਪ) : ਇਕ ਲੜਕੀ ਨਾਲ ਗੈਂਗਰੇਪ ਮਾਮਲੇ 'ਚ ਪੁਲਸ ਨੇ ਮੁੱਖ ਮੁਲਜ਼ਮ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਆਟੋ ਚਾਲਕ ਦੀ ਪਛਾਣ ਜ਼ੀਰਕਪੁਰ ਨਿਵਾਸੀ ਮੁਹੰਮਦ ਇਰਫਾਨ (29) ਵਜੋਂ ਹੋਈ ਹੈ। ਉਥੇ ਬਾਕੀ ਫਰਾਰ 2 ਮੁਲਜ਼ਮਾਂ ਦੀ ਭਾਲ 'ਚ ਪੁਲਸ ਦੀਆਂ ਟੀਮਾਂ ਹਰਿਆਣਾ, ਦਿੱਲੀ ਤੇ ਯੂ. ਪੀ. 'ਚ ਛਾਪੇਮਾਰੀ ਕਰ ਰਹੀਆਂ ਹਨ। ਫਰਾਰ ਮੁਲਜ਼ਮਾਂ ਦੀ ਪਛਾਣ ਜ਼ੀਰਕਪੁਰ ਦੇ ਰਹਿਣ ਵਾਲੇ ਗਰੀਬ ਤੇ ਪੋਪੂ ਦੇ ਰੂਪ 'ਚ ਹੋਈ ਹੈ। ਗਰੀਬ ਆਟੋ ਚਲਾਉਂਦਾ ਹੈ ਤੇ ਪੋਪੂ ਇਕ ਫੈਕਟਰੀ 'ਚ ਮਜ਼ਦੂਰੀ ਕਰਦਾ ਹੈ। ਫਰਾਰ ਮੁਲਜ਼ਮ ਮੂਲ ਤੌਰ 'ਤੇ ਯੂ. ਪੀ. ਦੇ ਰਹਿਣ ਵਾਲੇ ਹਨ ਤੇ 5-6 ਸਾਲਾਂ ਤੋਂ ਜ਼ੀਰਕਪੁਰ 'ਚ ਬਣੀਆਂ ਝੁੱਗੀਆਂ 'ਚ ਰਹਿ ਰਹੇ ਹਨ।
5 ਦਿਨ ਪਹਿਲਾਂ ਹੀ ਮੁਲਜ਼ਮ ਬਣਿਆ ਸੀ ਪਿਤਾ
ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਮੁਲਜ਼ਮ ਮੁਹੰਮਦ ਇਰਫਾਨ 4 ਬੱਚਿਆਂ ਦਾ ਬਾਪ ਹੈ ਤੇ ਵਾਰਦਾਤ ਤੋਂ ਲੱਗਭਗ 5 ਦਿਨ ਪਹਿਲਾਂ ਹੀ ਉਸ ਦੇ ਘਰ 'ਚ ਬੇਟੇ ਨੇ ਜਨਮ ਲਿਆ ਸੀ। ਮੁਲਜ਼ਮ ਦੇ 2 ਬੇਟੇ ਤੇ 2 ਬੇਟੀਆਂ ਹਨ।
ਯੋਜਨਾ ਤਹਿਤ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਮੁਹੰਮਦ ਇਰਫਾਨ ਤੇ ਉਸ ਦੇ ਸਾਥੀਆਂ ਨੇ ਵਾਰਦਾਤ ਤੋਂ ਪਹਿਲਾਂ ਸ਼ਰਾਬ ਪੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਯੋਜਨਾ ਬਣਾਈ ਕਿ ਆਟੋ 'ਚ ਸਵਾਰੀ ਦੇ ਤੌਰ 'ਤੇ ਬੈਠਣ ਵਾਲੀ ਲੜਕੀ ਨਾਲ ਉਹ ਗੈਂਗਰੇਪ ਕਰਨਗੇ। ਤਿੰਨੋਂ ਮੁਲਜ਼ਮ ਸ਼ਹਿਰ ਦੇ ਹਰ ਰਸਤੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਤਾਂ ਉਨ੍ਹਾਂ ਨੇ ਯੋਜਨਾ ਤਹਿਤ ਹੀ ਸਮਾਂ ਤੇ ਥਾਂ ਵੀ ਪਹਿਲਾਂ ਤੋਂ ਹੀ ਚੁਣੀ ਹੋਈ ਸੀ ਪਰ ਇਸ ਵਿਚਾਲੇ ਆਟੋ 'ਚ ਤੇਲ ਖਤਮ ਹੋ ਗਿਆ, ਜਿਸ ਤੋਂ ਬਾਅਦ ਯੋਜਨਾ ਤਹਿਤ ਉਨ੍ਹਾਂ ਨੇ ਆਟੋ ਨੂੰ ਸਲਿੱਪ ਰੋਡ 'ਤੇ ਲੈਂਦੇ ਹੋਏ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਮੁਹੰਮਦ ਨੇ ਆਟੋ ਕਿਸ ਤੋਂ ਖਰੀਦਿਆ ਹੈ, ਉਸ ਦੀ ਜਾਂਚ ਵੀ ਪੁਲਸ ਕਰ ਰਹੀ ਹੈ।
ਮੁਲਜ਼ਮ ਮੁਹੰਮਦ ਇਰਫਾਨ ਕੋਲੋਂ ਪੂਰੇ ਰੂਟ ਦੀ ਕਰਵਾਈ ਗਈ ਸ਼ਨਾਖਤ
ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਪੁਲਸ ਮੁੱਖ ਦਫ਼ਤਰ 'ਚ ਕਿਹਾ ਕਿ ਮੁਲਜ਼ਮ ਮੁਹੰਮਦ ਇਰਫਾਨ ਤੋਂ ਆਟੋ ਦੇ ਪੂਰੇ ਰੂਟ ਦੀ ਸ਼ਨਾਖਤ ਕਰਵਾਉਣ ਤੇ ਉਸ ਵੱਲੋਂ ਜੁਰਮ ਕਬੂਲਣ ਤੋਂ ਬਾਅਦ ਹੀ ਉਸ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ 17 ਨਵੰਬਰ ਨੂੰ ਸੈਕਟਰ-53/54 ਦੀ ਸੜਕ ਦੇ ਨਾਲ ਲੱਗਦੇ ਜੰਗਲ 'ਚ ਮੁਲਜ਼ਮਾਂ ਨੇ ਲੜਕੀ ਨਾਲ ਗੈਂਗਰੇਪ ਕੀਤਾ ਸੀ ਤੇ ਫਰਾਰ ਹੋ ਗਏ ਸਨ। ਮੁਲਜ਼ਮਾਂ ਨੂੰ ਫੜ੍ਹਨ ਲਈ ਪੁਲਸ ਨੇ ਸਾਊਥ ਡਵੀਜ਼ਨ ਦੇ 3 ਥਾਣਿਆਂ ਦੀ ਇਕ ਸਾਂਝੀ ਟੀਮ ਤਿਆਰ ਕੀਤੀ ਸੀ। ਇਸ ਦੌਰਾਨ ਸੈਕਟਰ-49 ਥਾਣੇ 'ਚ ਤਾਇਨਾਤ ਇਕ ਪੁਲਸ ਕਰਮਚਾਰੀ ਨੂੰ ਗੁਪਤ ਸੂਚਨਾ ਮਿਲੀ ਕਿ ਗੈਂਗਰੇਪ ਕਰਨ ਵਾਲਾ ਇਕ ਮੁਲਜ਼ਮ ਆਟੋ ਲੈ ਕੇ ਏਰੀਏ 'ਚ ਆਉਂਦਾ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਆਟੋ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਤੇ ਪੁੱਛਗਿੱਛ 'ਚ ਉਸ ਨੇ ਗੈਂਗਰੇਪ ਦੀ ਗੱਲ ਕਬੂਲ ਕੀਤੀ। ਮੁਲਜ਼ਮ ਨੇ ਦੱਸਿਆ ਕਿ ਉਹ ਜਿਸ ਆਟੋ 'ਚ ਆਇਆ ਹੈ, ਉਸ ਨੇ ਆਪਣੇ 2 ਹੋਰ ਸਾਥੀਆਂ ਦੇ ਨਾਲ ਇਸੇ ਆਟੋ 'ਚ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਮੁਲਜ਼ਮ ਨੂੰ ਸੈਕਟਰ-37 'ਚ ਉਸ ਥਾਂ 'ਤੇ ਲੈ ਕੇ ਗਈ, ਜਿਥੋਂ ਪੀੜਤਾ ਨੇ ਆਟੋ ਹਾਇਰ ਕੀਤਾ ਸੀ ਤੇ ਪੂਰਾ ਰੂਟ ਵੈਰੀਫਾਈ ਕਰਵਾਇਆ।