ਚੰਡੀਗੜ੍ਹ ਅਗਨੀਕਾਂਡ : ਰੋਂਦੇ ਦਾਦੇ ਦੇ ਬੋਲ- ਹੁਣ ਕਦੇ ਨਹੀਂ ਦੇਖ ਸਕਾਂਗਾ ਪੋਤੀ ਦਾ ਮੂੰਹ

Monday, Feb 24, 2020 - 01:14 PM (IST)

ਚੰਡੀਗੜ੍ਹ ਅਗਨੀਕਾਂਡ : ਰੋਂਦੇ ਦਾਦੇ ਦੇ ਬੋਲ- ਹੁਣ ਕਦੇ ਨਹੀਂ ਦੇਖ ਸਕਾਂਗਾ ਪੋਤੀ ਦਾ ਮੂੰਹ

ਚੰਡੀਗੜ੍ਹ : ਚੰਡੀਗੜ੍ਹ 'ਚ ਸ਼ਨੀਵਾਰ ਬਾਅਦ ਦੁਪਹਿਰ ਇਕ ਪੀ.ਜੀ. 'ਚ ਲੱਗੀ ਭਿਆਨਕ ਅੱਗ 'ਚ ਕੋਟਕਪੁਰਾ ਦੇ ਕਾਰੋਬਾਰੀ ਨਵਦੀਪ ਗਰੋਵਰ ਦੀ ਬੇਟੀ ਪਾਕਸ਼ੀ ਗਰੋਵਰ (18) ਦੀ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਮਿਲਦੇ ਹੀ ਸ਼ਹਿਰ 'ਚ ਮਾਤਮ ਛਾਅ ਗਿਆ। ਪਾਕਸ਼ੀ ਇਕ ਹੋਣਹਾਰ ਵਿਦਿਆਰਥਣ ਰਹੀ। ਪਰਿਵਾਰ ਮੁਤਾਬਕ ਉਸ ਨੇ ਦਸਵੀਂ ਤੱਕ ਦੀ ਪੜ੍ਹਾਈ ਕੋਟਕਪੁਰਾ ਦੇ ਦਸ਼ਮੇਸ਼ ਪਬਲਿਕ ਸਕੂਲ ਤੋਂ ਕੀਤੀ ਸੀ ਅਤੇ 11ਵੀਂ ਜਮਾਤ 'ਚ ਕਾਮਰਸ ਵਿਸ਼ੇ ਦੀ ਪੜ੍ਹਾਈ ਲਈ ਉਸ ਨੇ ਕੋਟਕਪੁਰਾ ਦੇ ਡੀ.ਏ.ਵੀ. ਪਬਲਿਕ ਸਕੂਲ 'ਚ ਦਾਖਲਾ ਲਿਆ ਸੀ। ਪਾਕਸ਼ੀ ਨੇ ਸੀ.ਬੀ.ਐੱਸ.ਸੀ. 12ਵੀਂ ਦੀ ਪ੍ਰੀਖਿਆ 'ਚੋਂ 97.6 ਫੀਸਦੀ ਨੰਬਰਾਂ ਨਾਲ ਟਾਪ ਕੀਤਾ ਸੀ। ਪਾਕਸ਼ੀ ਦਾ ਇਕਲੌਤਾ ਭਰਾ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਹੈ। ਉਹ ਵੀ ਆਪਣੇ ਭਰਾ ਦੀ ਤਰ੍ਹਾਂ ਕੈਨੇਡਾ ਜਾਣ ਚਾਹੁੰਦੀ ਸੀ ਅਤੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਚੰਡੀਗੜ੍ਹ ਦੇ ਐੱਸ.ਡੀ. ਕਾਲਜ 'ਚ ਬੀਬੀਏ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਚੰਡੀਗੜ੍ਹ ਦੇ ਇਕ ਕੈਨੇਡੀਅਨ ਸੰਸਥਾ ਤੋਂ ਕੋਚਿੰਗ ਵੀ ਲੈ ਰਹੀ ਸੀ।

ਪਾਕਸ਼ੀ ਦੇ ਪਿਤਾ ਨਵਦੀਪ ਗਰੋਵਰ ਰਿਸ਼ਤੇਦਾਰਾਂ ਦੇ ਨਾਲ ਚੰਡੀਗੜ੍ਹ ਰਵਾਨਾ ਹੋ ਗਏ। ਜਦਕਿ ਮਾਂ ਬਬਲੀ ਗਰੋਵਰ, ਡੇਰਾ ਰਾਧਾ ਸਵਾਮੀ ਬਿਆਸ ਮੱਥਾ ਟੇਕਣ ਗਈ ਹੋਈ ਸੀ। ਪਾਕਸ਼ੀ ਦੇ ਦਾਦਾ ਪ੍ਰੀਤਮ ਲਾਲ ਰੋਂਦੇ ਹੋਏ ਦੱਸਿਆ ਕਿ ਹਾਦਸੇ ਦੇ ਕਾਰਣ ਉਸ ਦੇ ਪਰਿਵਾਰ 'ਤੇ ਦੁੱਖਾ ਦਾ ਪਹਾੜ ਟੁੱਟ ਗਿਆ ਹੈ। ਉਨ੍ਹਾਂ ਨੇ ਤਾਂ ਪਾਕਸ਼ੀ ਨੂੰ ਸੁਪਨੇ ਪੂਰੇ ਕਰਨ ਲਈ ਚੰਡੀਗੜ੍ਹ ਭੇਜਿਆ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਅਜਿਹਾ ਹਾਦਸਾ ਹੋ ਜਾਵੇਗਾ, ਜਿਸ ਨਾਲ ਪਰਿਵਾਰ ਦੇ ਸੁਪਨੇ ਟੁੱਟ ਜਾਣਗੇ ਅਤੇ ਉਹ ਕਦੀ ਉਸ ਦਾ ਮੂੰਹ ਨਹੀਂ ਦੇਣ ਸਕਣਗੇ।


author

Baljeet Kaur

Content Editor

Related News