ਸਿੱਖਿਆ ਵਿਭਾਗ ਦਾ ਕਾਰਨਾਮਾ, ਪੇਪਰ ਸ਼ੀਟ 'ਚ ਰੋਲ ਨੰਬਰ ਤੇ ਨਾਂ ਲਿਖਣ ਵਾਲਾ ਕਾਲਮ ਗਾਇਬ

Sunday, Mar 17, 2019 - 09:44 AM (IST)

ਸਿੱਖਿਆ ਵਿਭਾਗ ਦਾ ਕਾਰਨਾਮਾ, ਪੇਪਰ ਸ਼ੀਟ 'ਚ ਰੋਲ ਨੰਬਰ ਤੇ ਨਾਂ ਲਿਖਣ ਵਾਲਾ ਕਾਲਮ ਗਾਇਬ

ਸ਼ੇਰਪੁਰ/ਚੰਡੀਗੜ੍ਹ (ਸਿੰਗਲਾ, ਭੁੱਲਰ) : ਦੋ ਦਿਨ ਪਹਿਲਾਂ ਅੱਠਵੀਂ ਕਲਾਸ ਦੇ ਸਮਾਜਿਕ ਸਿੱਖਿਆ ਦੇ ਪੇਪਰ ਦੀ ਜਗ੍ਹਾ ਪੰਜਾਬੀ ਦੇ ਪ੍ਰਸ਼ਨ-ਪੱਤਰ ਨਿਕਲਣ ਕਾਰਨ ਚਰਚਾ ਵਿਚ ਆਇਆ ਸਿੱਖਿਆ ਵਿਭਾਗ ਹੁਣ ਇਕ ਵਾਰ ਫਿਰ ਤੋਂ ਚਰਚਾ ਵਿਚ ਆ ਗਿਆ ਹੈ। ਸ਼ਨੀਵਾਰ ਨੂੰ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦਾ ਸਾਇੰਸ ਵਿਸ਼ੇ ਨਾਲ ਸਬੰਧਤ ਪੇਪਰ ਸੀ। ਜੋ ਸਿੱਖਿਆ ਵਿਭਾਗ ਵਲੋਂ ਪੇਪਰ ਸ਼ੀਟ ਭੇਜੀ ਜਾਂਦੀ ਹੈ, ਉਸ ਵਿਚ ਵਿਦਿਆਰਥੀ ਨੂੰ ਆਪਣਾ ਨਾਂ ਅਤੇ ਰੋਲ ਨੰਬਰ ਆਦਿ ਲਿਖਣ ਲਈ ਕਾਲਮ  ਛੱਡਿਆ ਜਾਂਦਾ ਹੈ ਤਾਂ ਜੋ ਪੇਪਰ ਦੇਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ ਪਰ ਸ਼ਨੀਵਾਰ ਨੂੰ ਸਾਇੰਸ ਵਿਸ਼ੇ ਦੀਆਂ ਭੇਜੀਆਂ ਪੇਪਰ ਸ਼ੀਟਾਂ ਵਿਚ ਕਈ ਸਕੂਲਾਂ ਅੰਦਰ ਨਾਂ ਤੇ ਰੋਲ ਨੰਬਰ ਲਿਖਣ ਲਈ ਕਾਲਮ ਗਾਇਬ ਹੋਣ ਕਰ ਕੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਦੋਂ ਡਿਊਟੀ 'ਤੇ ਹਾਜ਼ਰ ਅਧਿਆਪਕਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਇਕ-ਦੂਸਰੇ ਸੈਂਟਰਾਂ ਤੋਂ ਇਸ ਬਾਰੇ ਜਾਣਕਾਰੀ ਲੈਣ ਲੱਗੇ ਪਰ ਕਈ ਥਾਵਾਂ 'ਤੇ ਇਹੋ ਹਾਲ ਹੋਣ ਕਰ ਕੇ ਫਿਰ ਡਿਊਟੀ ਅਧਿਆਪਕਾਂ ਨੇ ਬੱਚਿਆਂ ਨੂੰ ਇਹ ਨਾਂ ਤੇ ਰੋਲ ਨੰਬਰ ਵਾਲੇ ਕਾਲਮ ਆਪ ਲਿਖਵਾਏ। ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਬੱਚਾ ਕੋਈ ਗਲਤੀ ਕਰ ਦਿੰਦਾ ਹੈ ਤਾਂ ਉਸ ਨੂੰ ਮੁਆਫ ਨਹੀਂ ਕੀਤਾ ਜਾਂਦਾ, ਜਦ ਸਿੱਖਿਆ ਵਿਭਾਗ ਖੁਦ ਗਲਤੀਆਂ ਕਰਦਾ ਹੈ ਤਾਂ ਉਸ ਦੇ ਉੱਚ ਅਧਿਕਾਰੀ ਚੁੱਪ ਧਾਰ ਲੈਂਦੇ ਹਨ ਜਦਕਿ ਅਜਿਹੀਆਂ ਗਲਤੀਆਂ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਕੀ ਕਹਿੰਦੇ ਹਨ ਡਿਪਟੀ ਡੀ. ਈ. ਓ. - ਇਸ ਮਾਮਲੇ ਸਬੰਧੀ ਜਦੋਂ ਸਹਾਇਕ ਸਿੱਖਿਆ ਅਫਸਰ ਸੰਗਰੂਰ ਸੁਖਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਧਿਆਨ ਵਿਚ ਅਜਿਹਾ ਕੋਈ ਮਾਮਲਾ ਨਹੀਂ ਆਇਆ। ਉਹ ਵੋਟਾਂ ਵਿਚ ਡਿਊਟੀ ਹੋਣ ਕਰ ਕੇ ਚਲੇ ਗਏ ਸਨ। ਇਸ ਸਬੰਧੀ ਨੋਡਲ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਕੀ ਕਹਿੰਦੇ ਹਨ ਨੋਡਲ ਅਫਸਰ - ਜਦੋਂ ਇਸ ਸਬੰਧੀ ਨੋਡਲ ਅਫਸਰ ਸੰਗਰੂਰ ਪਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਆਈ ਸੀ ਕਿ ਨਾਂ ਤੇ ਰੋਲ ਨੰਬਰ ਲਿਖਣ ਲਈ ਜਗ੍ਹਾ ਘੱਟ ਛੱਡੀ ਗਈ ਸੀ ਪਰ ਉਸ ਨੂੰ ਮੌਕੇ 'ਤੇ ਹੱਲ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ 5 ਸਕੂਲਾਂ ਅੰਦਰ ਇਹ ਗੱਲ ਸਾਹਮਣੇ ਆਈ, ਜਦਕਿ ਇਹ ਕੋਈ ਵੱਡੀ ਸਮੱਸਿਆ ਨਹੀਂ ਸੀ।


author

cherry

Content Editor

Related News