ਚੰਡੀਗੜ੍ਹ ਨੂੰ ਨਹੀਂ ਮਿਲਿਆ ਵਾਧੂ ਬਜਟ, ਅੰਤਰਿਮ ਬਜਟ ''ਚ ਮਿਲੀ 6513 ਕਰੋੜ ਦੀ ਰਾਸ਼ੀ ''ਚ ਕੋਈ ਵਾਧਾ ਨਹੀਂ

Wednesday, Jul 24, 2024 - 11:43 AM (IST)

ਚੰਡੀਗੜ੍ਹ ਨੂੰ ਨਹੀਂ ਮਿਲਿਆ ਵਾਧੂ ਬਜਟ, ਅੰਤਰਿਮ ਬਜਟ ''ਚ ਮਿਲੀ 6513 ਕਰੋੜ ਦੀ ਰਾਸ਼ੀ ''ਚ ਕੋਈ ਵਾਧਾ ਨਹੀਂ

ਚੰਡੀਗੜ੍ਹ (ਰਾਏ) : ਚੰਡੀਗੜ੍ਹ ਨੂੰ ਅੰਤਰਿਮ ਬਜਟ 'ਚ 6513 ਕਰੋੜ ਰੁਪਏ ਦੀ ਰਾਸ਼ੀ ਮਿਲੀ ਸੀ। ਇਸ 'ਚ ਕੇਂਦਰ ਦੀ ਮੋਦੀ ਸਰਕਾਰ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਕੁੱਝ ਵੀ ਵਾਧੂ ਨਹੀਂ ਪਾਇਆ ਗਿਆ। ਚੰਡੀਗੜ੍ਹ ਨੂੰ ਪਹਿਲਾਂ ਐਲਾਨੀ ਰਕਮ ਹੀ ਮਿਲੇਗੀ। ਨਵੇਂ ਪ੍ਰਾਜੈਕਟਾਂ ਤੋਂ ਕੈਪਿੰਗ ਹਟਾ ਦਿੱਤੀ ਗਈ ਹੈ। ਨਗਰ ਨਿਗਮ ਨੂੰ ਹਰ ਨਿਯਮਤ ਤਿਮਾਹੀ ਗ੍ਰਾਂਟ ਮਿਲੇਗੀ। ਵਿੱਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੰਤਰਿਮ ਬਜਟ ਦੀ ਰਕਮ ਬਜਟ 'ਚ ਹੀ ਰਹੇਗੀ, ਪਰ ਇਹ ਰਕਮ ਬਜਟ 'ਚ ਐਲਾਨੇ ਪ੍ਰਾਜੈਕਟਾਂ ’ਤੇ ਖ਼ਰਚ ਕੀਤੀ ਜਾ ਸਕਦੀ ਹੈ, ਕਿਉਂਕਿ ਕੈਪਿੰਗ ਹਟਾ ਦਿੱਤੀ ਗਈ ਹੈ। 6513 ਕਰੋੜ ਰੁਪਏ ਦੇ ਬਜਟ ’ਚ ਇਹ ਰਕਮ ਪਿਛਲੇ ਵਿੱਤੀ ਸਾਲ ਮਤਲਬ ਕਿ 2023-24 ਦੇ ਮੁਕਾਬਲੇ 426 ਕਰੋੜ ਰੁਪਏ ਯਾਨੀ 7 ਫੀਸਦੀ ਜ਼ਿਆਦਾ ਹੈ। ਯੂ.ਟੀ. ਪ੍ਰਸ਼ਾਸਨ ਨੇ ਹਾਲਾਂਕਿ 7150 ਕਰੋੜ ਰੁਪਏ ਦੀ ਰਾਸ਼ੀ ਮੰਗੀ ਸੀ ਪਰ ਇਹ ਉਸ ਤੋਂ ਕਾਫੀ ਘੱਟ ਹੈ।

5858.62 ਕਰੋੜ ਰੁਪਏ ਰੈਵੀਨਿਓੁ ਹੈੱਡ ਹੈ, ਜੋ ਪਿਛਲੇ ਵਿੱਤੀ ਬਜਟ ਨਾਲੋਂ 493.55 ਕਰੋੜ ਰੁਪਏ ਵੱਧ ਹੈ। ਪਿਛਲੀ ਵਾਰ ਰੈਵੀਨਿਊ ਹੈੱਡ 5365 ਕਰੋੜ ਰੁਪਏ ਸੀ। ਇਹ ਤਨਖ਼ਾਹ ਅਤੇ ਹੋਰ ਖ਼ਰਚਿਆਂ ਵਿਚ ਜਾਵੇਗਾ। ਕੈਪਿਟਲ ਹੈੱਡ ਜਿਸ 'ਚ ਵਿਕਾਸ ਕਾਰਜ ਅਤੇ ਸੰਪੱਤੀ ਸਿਰਜਣਾ ਸ਼ਾਮਲ ਹੈ, ਦੇ ਲਈ ਲਈ 655 ਕਰੋੜ ਰੁਪਏ ਅਲਾਟ ਕੀਤੇ ਗਏ ਸਨ। ਇਸ ’ਚ 9 ਫ਼ੀਸਦੀ ਭਾਵ ਕੁੱਲ 67.03 ਕਰੋੜ ਰੁਪਏ ਘੱਟ ਵੰਡੇ ਗਏ। ਪਿਛਲੇ ਬਜਟ 'ਚ ਇਹ 722 ਕਰੋੜ ਰੁਪਏ ਸੀ। ਸਾਲਾਨਾ ਬਜਟ ਦਾ ਵੱਡਾ ਹਿੱਸਾ ਊਰਜਾ ਅਤੇ ਸਿੱਖਿਆ ਖੇਤਰਾਂ ਨੂੰ ਜਾ ਰਿਹਾ ਹੈ, ਜਿਸ ’ਤੇ ਕ੍ਰਮਵਾਰ 1093 ਕਰੋੜ ਰੁਪਏ ਅਤੇ 1031.98 ਕਰੋੜ ਰੁਪਏ ਰੱਖੇ ਗਏ ਹਨ।

ਊਰਜਾ ਖੇਤਰ 'ਚ ਟਰਾਂਸਮਿਸ਼ਨ, ਡਿਸਟ੍ਰੀਬਿਊਸ਼ਨ ਅਤੇ ਨਵੇਂ ਨਵਿਆਉਣਯੋਗ ਸਰੋਤਾਂ ’ਤੇ ਖ਼ਰਚ ਕੀਤਾ ਜਾਵੇਗਾ, ਜਿਸ ਵਿਚ ਮਾਡਲ ਸੋਲਰ ਸਿਟੀ ਪ੍ਰੋਗਰਾਮ ਅਤੇ ਬਿਜਲੀ ਵਿਭਾਗ ਦਾ ਨਿਰਮਾਣ ਕਾਰਜ ਸ਼ਾਮਲ ਹੈ। ਸਿੱਖਿਆ ਦੇ ਖੇਤਰ ਵਿਚ ਆਧੁਨਿਕੀਕਰਨ ਅਤੇ ਉਪਕਰਨਾਂ ਦੀ ਖ਼ਰੀਦ ਦੇ ਨਾਲ-ਨਾਲ ਐੱਨ. ਸੀ. ਸੀ. ਬੁਨਿਆਦੀ ਢਾਂਚਾ ਵਿਕਸਤ ਕਰਨ, ਗ੍ਰੈਜੂਏਟ ਕੋਰਸਾਂ ਆਦਿ ਅਤੇ ਨਵੀਆਂ ਔਰਤਾਂ ਅਤੇ ਹੋਰ ਪੌਲੀਟੈਕਨਿਕਾਂ ’ਤੇ ਖ਼ਰਚ ਕੀਤਾ ਜਾਵੇਗਾ। ਹਾਊਸਿੰਗ ਅਤੇ ਸ਼ਹਿਰੀ ਵਿਕਾਸ ’ਤੇ 875.54 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਵਿਚ 50 ਬਿਸਤਰਿਆਂ ਵਾਲਾ ਕਮਿਊਨਿਟੀ ਹੈਲਥ ਸੈਂਟਰ, 250 ਬਿਸਤਰਿਆਂ ਦਾ ਹਸਪਤਾਲ ਅਤੇ 50 ਬਿਸਤਰਿਆਂ ਦਾ ਪੌਲੀਕਲੀਨਿਕ ਸ਼ਾਮਲ ਹੈ। ਪਿੰਡ 'ਚ ਸਿਹਤ ਕੇਂਦਰਾਂ ’ਤੇ ਵੀ ਵੱਖਰਾ ਖਰਚਾ ਹੋਵੇਗਾ। ਆਯੂਸ਼, ਹੋਮਿਓਪੈਥੀ ਅਤੇ ਆਯੁਰਵੇਦ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਸਾਲ 2024-25 ਲਈ ਜਿਹੜੇ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ
ਧਨਾਸ ਅਤੇ ਮਲੋਆ ਵਿਚ ਦੋ ਸਰਕਾਰੀ ਸਕੂਲ-20 ਕਰੋੜ ਰੁਪਏ
ਚਾਰ ਸਰਕਾਰੀ ਕਾਲਜਾਂ ਵਿਚ ਆਡੀਟੋਰੀਅਮਾਂ ਦਾ ਨਵੀਨੀਕਰਨ
ਸੈਕਟਰ-11 ਵਿਚ ਦੋ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ, ਹੋਮ ਸਾਇੰਸ ਕਾਲਜ
ਸੈਕਟਰ 10 ਅਤੇ ਸੈਕਟਰ 46 ਵਿਚ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ : 25 ਕਰੋੜ ਰੁਪਏ
ਸੈਕਟਰ 12 ਵਿਚ ਪੰਜਾਬ ਇੰਜਨੀਅਰਿੰਗ ਕਾਲਜ ਵਿਚ ਦੋ ਹੋਸਟਲ : 60 ਕਰੋੜ ਰੁਪਏ
ਧਨਾਸ ਅਤੇ ਮਲੋਆ ਵਿਚ 80-80 ਬਿਸਤਰਿਆਂ ਵਾਲੇ ਦੋ ਸਰਕਾਰੀ ਹਸਪਤਾਲ : 70 ਕਰੋੜ ਰੁਪਏ।
ਸੈਕਟਰ 11 ਅਤੇ 37 ਵਿਚ ਦੋ ਆਯੂਸ਼ ਡਿਸਪੈਂਸਰੀਆਂ-5 ਕਰੋੜ ਰੁਪਏ
ਮੌਲੀਜਾਗਰਾਂ ਅਤੇ ਆਈ. ਟੀ. ਪਾਰਕ ਵਿਚ ਦੋ ਨਵੇਂ ਪੁਲਸ ਸਟੇਸ਼ਨਾਂ ਦਾ ਨਿਰਮਾਣ-12 ਕਰੋੜ ਰੁਪਏ
ਸਾਰੰਗਪੁਰ ਵਿਖੇ ਆਈ. ਆਰ. ਬੀ. ਪੁਲਸ ਸਿਖਲਾਈ ਕੇਂਦਰ-60 ਕਰੋੜ ਰੁਪਏ
ਧਨਾਸ ’ਚ ਪੁਲਸ ਲਈ 144 ਨਵੇਂ ਸਰਕਾਰੀ ਘਰ-40 ਕਰੋੜ ਰੁਪਏ
ਸੈਕਟਰ 20 ਵਿਚ 124 ਸਰਕਾਰੀ ਘਰ-30 ਕਰੋੜ ਰੁਪਏ


author

Babita

Content Editor

Related News