ਵੱਡੇ ਬਾਦਲ ਨੇ ਚਿੱਠੀ ਲਿਖ ਕੇ ਮੋਦੀ ਕੋਲ ਫਰੋਲੇ ਕਿਸਾਨਾਂ ਦੇ ਦੁੱਖ

01/11/2019 12:35:19 PM

ਚੰਡੀਗੜ੍ਹ (ਅਸ਼ਵਨੀ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਅੰਦਰ ਵਧ ਰਹੇ ਖੇਤੀ ਸੰਕਟ ਨੂੰ ਹੱਲ ਕਰਨ ਵਾਸਤੇ ਮੁੱਢਲੇ ਕਦਮਾਂ ਵਜੋਂ ਘੱਟੋ-ਘੱਟ ਸਮਰਥਨ ਮੁੱਲ 'ਤੇ ਫਸਲਾਂ ਦੀ ਖਰੀਦ ਯਕੀਨੀ ਬਣਾਉਣ ਅਤੇ ਉਤਪਾਦਨ ਸਬਸਿਡੀ ਦੇ ਰੂਪ 'ਚ ਸਿੱਧੀ ਆਮਦਨ ਸਹਾਇਤਾ ਦੇਣ ਵਾਸਤੇ ਤੁਰੰਤ ਪ੍ਰਭਾਵਸ਼ਾਲੀ ਫੈਸਲੇ ਲੈਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਲਿਖੀ ਇਕ ਚਿੱਠੀ 'ਚ ਬਾਦਲ ਨੇ ਕਿਹਾ ਕਿ ਹਾਲਾਂਕਿ ਕਰਜ਼ਾ ਮੁਆਫੀਆਂ ਕਿਸਾਨਾਂ ਦੀ ਹੰਗਾਮੀ ਮਦਦ ਵਜੋਂ ਥੋੜ੍ਹੇ ਸਮੇਂ ਲਈ ਲਾਜ਼ਮੀ ਹਨ ਪਰ ਖੇਤੀਬਾੜੀ ਨੂੰ ਮੁਨਾਫੇਯੋਗ ਅਤੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਆਤਮ-ਨਿਰਭਰ ਬਣਾਉਣ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। 

ਉਨ੍ਹਾਂ ਕਿਹਾ ਕਿ ਲੰਬੇ ਸਮੇਂ ਲਈ ਕਿਸਾਨਾਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੋਵੇਗਾ ਕਿ ਖੇਤੀਬਾੜੀ ਕਰਜ਼ਿਆਂ ਦੇ ਪ੍ਰਬੰਧ ਨੂੰ ਬਦਲ ਕੇ ਸੌਖਾ ਅਤੇ ਖੇਤੀ ਨੂੰ ਉਤਸ਼ਾਹਿਤ ਕਰਨ ਵਾਲਾ ਬਣਾਇਆ ਜਾਵੇ। ਇਸ ਮਕਸਦ ਲਈ ਕਿਸਾਨਾਂ ਨੂੰ ਸੌਖੇ ਅਤੇ ਲਚਕੀਲੇ ਫਸਲੀ ਕਰਜ਼ੇ ਵੱਧ ਤੋਂ ਵੱਧ 3 ਫੀਸਦੀ ਵਿਆਜ ਦਰ ਉੱਤੇ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਖੇਤੀਬਾੜੀ ਨਿਵੇਸ਼ ਕ੍ਰੈਡਿਟ 6 ਫੀਸਦੀ ਅਤੇ ਰਿਆਇਤੀ ਛੋਟ 4 ਫੀਸਦੀ ਦਿੱਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਹਮੇਸ਼ਾ ਹੀ ਫਸਲੀ ਵਿਭਿੰਨਤਾ ਨੂੰ ਅਪਣਾਉਣ ਦੇ ਚਾਹਵਾਨ ਰਹੇ ਹਨ, ਬਸ਼ਰਤੇ ਸਰਕਾਰ ਇਨ੍ਹਾਂ ਫਸਲਾਂ ਦਾ ਸਮਰਥਨ ਮੁੱਲ ਅਤੇ ਲਾਜ਼ਮੀ ਖਰੀਦ ਨੂੰ ਯਕੀਨੀ ਬਣਾਵੇ। ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 'ਚ ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ਉਤਪਾਦਨ ਨਾਲ ਜੁੜੇ ਖਤਰਿਆਂ ਨੂੰ ਘਟਾਉਣ ਅਤੇ ਉਤਪਾਦਨ ਵਧਾਉਣ ਲਈ ਖੇਤੀ ਖੋਜ-ਕਾਰਜਾਂ ਵਾਸਤੇ ਬਜਟ ਵਿਚ ਰੱਖੀ ਜਾਂਦੀ ਰਾਸ਼ੀ ਨੂੰ ਵਧਾਏ ਜਾਣ ਦੀ ਲੋੜ ਹੈ।


Baljeet Kaur

Content Editor

Related News