ਚੰਡੀਗੜ੍ਹ ਕਾਂਗਰਸ ’ਚ ਘਮਾਸਾਨ, ਸਾਬਕਾ ਪ੍ਰਦੇਸ਼ ਪ੍ਰਧਾਨ ਛਾਬੜਾ ਨੇ ਖੋਲ੍ਹਿਆ ਮੋਰਚਾ

08/02/2021 5:14:26 PM

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਕਾਂਗਰਸ ਦੀ ਸੂਬਾ ਕਾਰਜਕਾਰਨੀ ਗਠਿਤ ਹੋਣ ਦੇ ਨਾਲ ਹੀ ਪਾਰਟੀ ਅੰਦਰ ਘਮਾਸਾਨ ਤੇਜ਼ ਹੋ ਗਿਆ ਹੈ। ਸ਼ਨੀਵਾਰ ਰਾਤ ਕਾਰਜਕਾਰਨੀ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਪਾਰਟੀ ਵਿਚ ਹੰਗਾਮਾ ਸ਼ੁਰੂ ਹੋ ਗਿਆ। ਪਾਰਟੀ ਤੋਂ ਅਸੰਤੁਸ਼ਟ ਨਾਰਾਜ਼ ਆਗੂ ਪਾਰਟੀ ਦੇ ਮੀਡੀਆ ਗਰੁੱਪਾਂ ਅਤੇ ਸੋਸ਼ਲ ਨੈੱਟਵਰਕਿੰਗ ਸਾਈਟਸ ’ਤੇ ਪਾਰਟੀ ਖ਼ਿਲਾਫ਼ ਆਵਾਜ਼ ਚੁੱਕਣ ਲੱਗ ਪਏ ਹਨ। ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਕਾਰਜਕਾਰਨੀ ਦੇ ਐਲਾਨ ਤੋਂ ਬਾਅਦ ਜੰਮ ਕੇ ਵਿਰੋਧ ਕਰ ਰਹੇ ਹਨ। ਫਰਵਰੀ ਵਿਚ ਸੂਬਾ ਪ੍ਰਧਾਨ ਦੀ ਕੁਰਸੀ ਚਲੇ ਜਾਣ ਤੋਂ ਬਾਅਦ ਛਾਬੜਾ ਦੀ ਪਾਰਟੀ ਦੇ ਨਾਲ ਖਿੱਚੋਤਾਣ ਚੱਲਦੀ ਆ ਰਹੀ ਹੈ। ਹਾਲਾਂਕਿ ਛਾਬੜਾ ਕਾਰਜਕਾਰਨੀ ਦੀ ਕਾਰਜਕਾਰੀ ਕਮੇਟੀ ਵਿਚ ਜਗ੍ਹਾ ਬਣਾਉਣ ਵਿਚ ਸਫ਼ਲ ਰਹੇ ਪਰ ਉਨ੍ਹਾਂ ਦੇ ਕੁਝ ਨਜ਼ਦੀਕੀ ਗੁੱਟ ਦੇ ਆਗੂਆਂ-ਵਰਕਰਾਂ ਨੂੰ ਜਗ੍ਹਾ ਨਹੀਂ ਮਿਲ ਸਕੀ। ਇਸ ਤੋਂ ਨਾਰਾਜ਼ ਛਾਬੜਾ ਨੇ ਬਿਨਾਂ ਕਿਸੇ ਦਾ ਨਾਂ ਲਏ ਮੋਰਚਾ ਖੋਲ੍ਹ ਦਿੱਤਾ ਹੈ। ਅਜਿਹੀ ਹਾਲਤ ਵਿਚ ਪਾਰਟੀ ਦੇ ਸਾਹਮਣੇ ਵਿਵਾਦ ਥਮਾਉਣ ਅਤੇ ਨਿਗਮ ਚੋਣਾਂ ਦੀ ਤਿਆਰੀ ਸਬੰਧੀ ਦੋਹਰੀ ਚੁਣੌਤੀ ਖੜ੍ਹੀ ਹੋ ਗਈ ਹੈ। ਛਾਬੜਾ ਨੇ ਕਿਸੇ ਦਾ ਨਾਂ ਲਏ ਬਿਨਾਂ ਮੌਜੂਦਾ ਪ੍ਰਧਾਨ ਸੁਭਾਸ਼ ਚਾਵਲਾ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ’ਤੇ ਦੋਸ਼ ਲਾਏ ਹਨ। ਆਪਣੇ ਆਗੂਆਂ ’ਤੇ ਇਸ਼ਾਰੇ ਹੀ ਇਸ਼ਾਰੇ ਵਿਚ ਹਮਲਾ ਹੁੰਦਾ ਦੇਖ ਸੂਬਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਦੇ ਕਰੀਬੀ ਵਿਰੋਧੀ ਖੇਮੇ ਖ਼ਿਲਾਫ਼ ਜਵਾਬੀ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰ ਰਹੇ ਹਨ।
ਰਾਹੁਲ ਗਾਂਧੀ ਨੂੰ ਕੀਤਾ ਟਵੀਟ, ਲਾਏ ਦੋਸ਼
ਉੱਥੇ ਹੀ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਟਵੀਟ ਕਰ ਕੇ ਦੋਸ਼ ਲਾਇਆ ਹੈ ਕਿ ਕਾਰਜਕਾਰਨੀ ਵਿਚ ਅਹੁਦੇਦਾਰਾਂ ਦੀ ਲਿਸਟ ਬਣਾਉਣ ਵਿਚ ਹੰਕਾਰੀ ਨੇਤਾ, ਪੈਸੇ ਅਤੇ ਚੁਗਲਖੋਰਾਂ ਦੀ ਜੰਮ ਕੇ ਚੱਲੀ ਹੈ। ਚੰਡੀਗੜ੍ਹ ਕਾਂਗਰਸ ਦੀ ਲੀਡਰਸ਼ਿਪ ਨੇ ਚੰਡੀਗੜ੍ਹ ਨੂੰ ਕਾਂਗਰਸ ਮੁਕਤ ਕਰਨ ਦੀ ਨਵੀਂ ਪਾਰੀ ਸ਼ੁਰੂ ਕਰ ਦਿੱਤੀ ਹੈ। 30-30 ਸਾਲ ਤੋਂ ਪਾਰਟੀ ਵਿਚ ਕੰਮ ਕਰ ਰਹੇ ਸਾਥੀਆਂ ਨੂੰ ਦਰਕਿਨਾਰ ਕੀਤਾ ਗਿਆ। ਇੰਝ ਪਹਿਲੀ ਵਾਰ ਹੋਇਆ ਕਿ ਮਨੀਮਾਜਰਾ ਤੋਂ ਇਕ ਵੀ ਉੱਪ ਪ੍ਰਧਾਨ ਜਾਂ ਜਨਰਲ ਸਕੱਤਰ ਨਹੀਂ ਬਣਾਇਆ ਗਿਆ। ਔਰਤਾਂ ਨੂੰ 30 ਫੀਸਦੀ ਜਗ੍ਹਾ ਕਿਉਂ ਨਹੀਂ ਦਿੱਤੀ ਗਈ। ਤਾਨਾਸ਼ਾਹੀ ਨਾਲ ਨਹੀਂ ਸਗੋਂ ਨਿਮਰਤਾ ਨਾਲ ਪਾਰਟੀ ਚੱਲਦੀ ਹੈ। ਯੋਗ ਸਾਥੀਆਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਜਗ੍ਹਾ ਮਿਲਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਸਿਰ ’ਤੇ ਹਨ। ਕਈ ਸਾਥੀਆਂ ਨੂੰ ਇਕ ਤੋਂ ਜ਼ਿਆਦਾ ਕਮੇਟੀ ਵਿਚ ਵੀ ਪਾਇਆ ਗਿਆ। ਛਾਬੜਾ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਉਹ ਅੱਜ ਤੋਂ ਬਾਅਦ ਰੋਜ਼ ਨਵੇਂ ਖ਼ੁਲਾਸੇ ਨਾਲ ਸਾਹਮਣੇ ਆਉਣਗੇ, ਜਦੋਂ ਕਿ ਛਾਬੜਾ ਦੇ ਇਸ ਵਿਵਹਾਰ ਦੀ ਜਾਣਕਾਰੀ ਦੂਜੇ ਗੁਟ ਦੇ ਕਈ ਆਗੂਆਂ ਨੇ ਪਾਰਟੀ ਹਾਈਕਮਾਨ ਨੂੰ ਦਿੱਤੀ ਹੈ। ਉਹ ਇਸ ਨੂੰ ਅਨੁਸ਼ਾਸਨ ਖ਼ਿਲਾਫ਼ ਬਿਆਨਬਾਜ਼ੀ ਮੰਨ ਰਹੇ ਹਨ।
ਕਾਰਜਕਾਰਨੀ ਗਠਿਤ ਕਰਨ ’ਚ ਗਲਤ ਕੀ ਹੋਇਆ, ਦੱਸਣ ਛਾਬੜਾ : ਚਾਵਲਾ
ਸੁਭਾਸ਼ ਚਾਵਲਾ ਨੇ ਇਸ ’ਤੇ ਕਿਹਾ ਕਿ ਕਾਰਜਕਾਰਨੀ ਗਠਿਤ ਕਰਨ ਵਿਚ ਗਲਤ ਕੀ ਹੋਇਆ ਹੈ, ਸਾਬਕਾ ਪ੍ਰਧਾਨ ਛਾਬੜਾ ਨੂੰ ਇਹ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਸਾਰੇ ਮੈਂਬਰਾਂ ਨੂੰ ਕਾਰਜਕਾਰਨੀ ਵਿਚ ਜਗ੍ਹਾ ਦਿੱਤੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਉਹ ਆਪਣੀ ਟੀਮ ਦਾ ਹੀ ਵਿਰੋਧ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਮੁੱਖ ਕਾਰਜਕਾਰਨੀ ਦੀ ਬਜਾਏ ਇਸ ਦੀ ਕਾਰਜਕਾਰੀ ਕਮੇਟੀ ਵਿਚ ਸਾਬਕਾ ਕਾਂਗਰਸ ਪ੍ਰਦੇਸ਼ ਪ੍ਰਧਾਨ ਪ੍ਰਦੀਪ ਛਾਬੜਾ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਛਾਬੜਾ ਦੇ ਨਾਲ ਕਾਰਜਕਾਰਨੀ ਵਿਚ ਸ਼ਹਿਰ ਦੇ ਸਾਬਕਾ ਸੰਸਦ ਮੈਂਬਰ ਅਤੇ ਚੰਡੀਗੜ੍ਹ ਕਾਂਗਰਸ ਦੇ ਸੁਪਰੀਮੋ ਮੰਨੇ ਜਾਣ ਵਾਲੇ ਪਵਨ ਕੁਮਾਰ ਬਾਂਸਲ ਅਤੇ ਵਰਤਮਾਨ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਤੋਂ ਇਲਾਵਾ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ, ਮੁੱਖ ਬੁਲਾਰਾ ਐੱਚ. ਐੱਸ. ਲੱਕੀ ਅਤੇ ਨਿਗਮ ਸਦਨ ਵਿਚ ਵਿਰੋਧੀ ਧਿਰ ਦੇ ਨੇਤਾ ਕੌਂਸਲਰ ਦਵਿੰਦਰ ਸਿੰਘ ਬਬਲਾ ਨੂੰ ਵੀ ਜਗ੍ਹਾ ਦਿੱਤੀ ਗਈ। ਕਾਰਜਕਾਰਨੀ ਵਿਚ ਜਨਰਲ ਸਕੱਤਰ, ਸਕੱਤਰ, ਖਜ਼ਾਨਚੀ ਤੋਂ ਲੈ ਕੇ ਪ੍ਰਬੰਧਕ ਸਕੱਤਰ ਆਦਿ ਨੂੰ ਵੀ ਜਗ੍ਹਾ ਦਿੱਤੀ ਗਈ ਹੈ।


Babita

Content Editor

Related News