ਚੰਡੀਗੜ੍ਹ ਤੇ ਮੋਹਾਲੀ ''ਚ 12 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਸਾਹਮਣੇ

05/29/2020 12:13:30 AM

ਚੰਡੀਗੜ੍ਹ/ਮੋਹਾਲੀ/ਲਾਲੜੂ,(ਪਾਲ/ਪਰਦੀਪ/ਗੁਰਪ੍ਰੀਤ) : ਚੰਡੀਗੜ੍ਹ 'ਚ ਵੀਰਵਾਰ ਨੂੰ 7 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚ 6 ਲੋਕ ਬਾਪੂਧਾਮ ਦੇ ਰਹਿਣ ਵਾਲੇ ਹਨ। ਮਰੀਜ਼ਾਂ 'ਚ 53 ਸਾਲ ਦਾ ਇਕ ਵਿਅਕਤੀ, 8 ਸਾਲ ਦਾ ਬੱਚਾ, 16 ਅਤੇ 17 ਸਾਲ ਦੇ ਦੋ ਲੜਕੇ ਅਤੇ 12 ਅਤੇ 15 ਸਾਲ ਦੀਆਂ ਦੋ ਲੜਕੀਆਂ ਸ਼ਾਮਲ ਹਨ। ਉੱਥੇ ਹੀ ਸੈਕਟਰ-15 ਦੀ 91 ਸਾਲ ਦੀ ਇਕ ਬਜ਼ੁਰਗ ਔਰਤ 'ਚ ਵੀ ਕੋਰੋਨਾ ਦੀ ਪੁਸ਼ਟੀ ਹੋਈ ਹੈ, ਜੋ ਕਿ ਮੈਕਸ ਹਸਪਤਾਲ 'ਚ ਦਾਖਲ ਹੈ। ਗਰਦਨ 'ਚ ਫਰੈਕਚਰ ਕਾਰਣ ਔਰਤ ਹਸਪਤਾਲ ਗਈ ਸੀ, ਜਿੱਥੇ ਟੈਸਟਿੰਗ 'ਚ ਉਹ ਪਾਜ਼ੇਟਿਵ ਪਾਈ ਗਈ। ਉੱਧਰ ਅਮਰੀਕਾ ਤੋਂ ਆਏ ਲਾਲੜੂ ਖੇਤਰ ਦੇ ਪਿੰਡ ਹਮਾਯੂੰਪੁਰ ਦੇ ਨੌਜਵਾਨ, ਮੁੰਬਈ ਤੋਂ ਆਈ 29 ਸਾਲ ਦੀ ਜ਼ੀਰਕਪੁਰ ਨਿਵਾਸੀ ਲੜਕੀ ਅਤੇ ਓਮਾਨ ਤੋਂ ਆਏ 35 ਸਾਲ ਦੇ ਜ਼ੀਰਕਪੁਰ ਦੀ ਦਸ਼ਮੇਸ਼ ਕਾਲੋਨੀ ਨਿਵਾਸੀ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਮੋਹਾਲੀ ਦੇ ਸੈਕਟਰ-67 ਅਤੇ ਫੇਜ਼-10 ਨਿਵਾਸੀ ਵੀ ਦੋ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਦੋਵੇਂ ਵੀ ਡੋਮੈਸਟਿਕ ਫਲਾਈਟ ਤੋਂ ਮੋਹਾਲੀ ਆਏ ਹਨ।

ਚੰਡੀਗੜ੍ਹ 'ਚ ਹੁਣ ਕੋਰੋਨਾ ਦੇ ਮਰੀਜ਼ ਹੋਏ 289
ਚੰਡੀਗੜ੍ਹ 'ਚ 7 ਨਵੇਂ ਮਾਮਲਿਆਂ ਦੇ ਨਾਲ ਹੀ ਸ਼ਹਿਰ 'ਚ ਕੁਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 289 ਹੋ ਗਈ ਹੈ। ਇਕੱਲੇ ਬਾਪੂਧਾਮ ਦੀ ਗੱਲ ਕਰੀਏ ਤਾਂ ਹੁਣ ਤੱਕ 216 ਮਾਮਲਿਆਂ ਦੀ ਇਥੋਂ ਪੁਸ਼ਟੀ ਹੋਈ ਹੈ।

ਮੇਲ ਨਰਸ ਸਮੇਤ 2 ਮਰੀਜ਼ ਡਿਸਚਾਰਜ
ਨਵੇਂ ਮਾਮਲਿਆਂ ਦੇ ਨਾਲ ਹੀ 2 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋ ਗਏ। ਜੀ. ਐੱਮ. ਐੱਸ. ਐੱਚ.-16 ਤੋਂ 24 ਸਾਲ ਦਾ ਮੇਲ ਸਟਾਫ਼ ਅਤੇ ਸੈਕਟਰ-7 ਦਾ 35 ਸਾਲ ਦਾ ਵਿਅਕਤੀ ਠੀਕ ਹੋ ਕੇ ਡਿਸਚਾਰਜ ਹੋ ਗਏ।

22 ਮਈ ਨੂੰ ਅਮਰੀਕਾ ਤੋਂ ਆਏ ਪਰਿਵਾਰ ਦੇ 6 ਮੈਂਬਰ ਕੁਆਰੰਟੀਨ
22 ਮਈ ਨੂੰ ਅਮਰੀਕਾ ਤੋਂ ਆਏ ਲਾਲੜੂ ਖੇਤਰ ਦੇ ਪਿੰਡ ਹਮਾਯੂੰਪੁਰ ਦੇ ਨਿਵਾਸੀ ਨੌਜਵਾਨ ਦੇ ਛੇ ਪਰਿਵਾਰਕ ਮੈਬਰਾਂ ਨੂੰ ਘਰ 'ਚ ਏਕਾਂਤਵਾਸ (ਆਈਸੋਲੇਸ਼ਨ) 'ਚ ਰੱਖਿਆ ਗਿਆ ਹੈ। ਸੀ. ਐੱਚ. ਸੀ. ਲਾਲੜੂ ਦੇ ਐੱਸ. ਐੱਮ. ਓ. ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ 32 ਸਾਲ ਦਾ ਇਹ ਨੌਜਵਾਨ 22 ਮਈ ਨੂੰ ਚੰਡੀਗੜ੍ਹ ਇੰਟਰਨੈਸ਼ਲਨ ਏਅਰਪੋਰਟ 'ਤੇ ਉਤਰਿਆ ਸੀ, ਜਿਸ ਤੋਂ ਬਾਅਦ ਉਸ ਨੂੰ ਸੈਕਟਰ-70 ਦੇ ਆਈਸੋਲੇਸ਼ਨ ਸੈਂਟਰ 'ਚ ਭੇਜ ਦਿੱਤਾ ਗਿਆ ਸੀ। ਇਸ ਦੌਰਾਨ ਉਕਤ ਪਿੰਡ 'ਚ ਰਹਿੰਦਾ
ਉਨ੍ਹਾਂ ਦਾ ਛੋਟਾ ਭਰਾ ਉਨ੍ਹਾਂ ਨੂੰ ਸਾਮਾਨ ਦੇਣ ਇਥੇ ਆਇਆ ਸੀ। ਇਸ ਦੇ ਚਲਦੇ ਪਿੰਡ 'ਚ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 11 ਜੂਨ ਤੱਕ ਘਰ 'ਚ ਆਈਸੋਲੇਸ਼ਨ 'ਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ।

ਮੁੰਬਈ ਤੋਂ ਆਈ ਲੜਕੀ ਕੋਰੋਨਾ ਪਾਜ਼ੇਟਿਵ
ਮੁੰਬਈ ਤੋਂ ਆਈ ਵੀ. ਆਈ. ਪੀ. ਰੋਡ 'ਤੇ ਸਥਿਤ ਸੋਸਾਇਟੀ ਨਿਵਾਸੀ 29 ਸਾਲ ਦੀ ਲੜਕੀ ਵੀ 22 ਮਈ ਨੂੰ ਘਰੇਲੂ ਉਡਾਨ ਰਾਹੀਂ ਮੋਹਾਲੀ ਆਈ ਸੀ। ਇਸ ਤੋਂ ਬਾਅਦ ਏਅਰਪੋਰਟ 'ਤੇ ਇਸ ਲੜਕੀ ਦੇ ਸੈਂਪਲ ਲਏ ਗਏ ਸਨ ਅਤੇ ਉਨ੍ਹਾਂ ਨੂੰ ਘਰ 'ਚ ਹੀ ਏਕਾਂਤਵਾਸ 'ਚ ਰਹਿਣ ਦੀ ਹਿਦਾਇਤ ਦਿੱਤੀ ਗਈ ਸੀ। ਲੜਕੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਅਮਰੀਕਾ ਤੋਂ ਆਇਆ ਨੌਜਵਾਨ ਕੋਰੋਨਾ ਪਾਜ਼ੇਟਿਵ
ਜ਼ੀਰਕਪੁਰ ਦੀ ਦਸ਼ਮੇਸ਼ ਕਾਲੋਨੀ ਦਾ ਨਿਵਾਸੀ 35 ਸਾਲ ਦਾ ਨੌਜਵਾਨ ਵੀ 22 ਮਈ ਨੂੰ ਓਮਾਨ ਤੋਂ ਆਇਆ ਸੀ। ਵੀਰਵਾਰ ਨੂੰ ਉਸ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਏਕਾਂਤਵਾਸ 'ਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਹਾਲਾਂਕਿ ਨੌਜਵਾਨ ਓਮਾਨ ਤੋਂ ਆਉਣ ਤੋਂ ਬਾਅਦ ਮੋਹਾਲੀ ਦੇ ਇਕ ਹੋਟਲ 'ਚ ਰੁਕਿਆ ਸੀ। ਹੋਟਲ 'ਚ ਸਹੂਲਤਾਂ ਦੀ ਕਮੀ ਦੇ ਚਲਦੇ 24 ਮਈ ਨੂੰ ਉਹ ਹੋਟਲ ਨੂੰ ਛੱਡ ਕੇ ਡੇਰਾਬੱਸੀ ਦੇ ਪਾਰਸ ਹੋਟਲ 'ਚ ਰਹਿਣ ਲੱਗਾ।

ਕੱਲ ਸੰਪਰਕ ਵਾਲਿਆਂ ਦੀ ਟਰੇਸਿੰਗ ਕਰ ਕੇ ਲਏ ਜਾਣਗੇ ਸੈਂਪਲ : ਡਾ. ਮਨਜੀਤ ਸਿੰਘ
ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਮੁੰਬਈ ਤੋਂ ਘਰੇਲੂ ਉਡਾਨ ਰਾਹੀਂ ਲੰਘੀ 25 ਮਈ ਨੂੰ ਚੰਡੀਗੜ੍ਹ ਏਅਰਪੋਰਟ ਪਹੁੰਚੇ ਲੋਕਾਂ ਦੀ ਰੈਡਮ ਸੈਂਪਲਿੰਗ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਇਨ੍ਹਾਂ ਵਿਅਕਤੀਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 8 ਜਣਿਆਂ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ, ਇਨ੍ਹਾਂ ਵਿਚੋਂ ਤਿੰਨ ਮੁੰਬਈ ਤੋਂ ਘਰੇਲੂ ਉਡਾਨ ਰਾਹੀਂ ਪਹੁੰਚੇ ਅਤੇ ਇਕ ਅਮਰੀਕਾ ਤੋਂ ਪਰਤਿਆ ਵਿਅਕਤੀ ਸ਼ਾਮਲ ਹੈ। ਜਦਕਿ ਪੰਜ ਸੈਂਪਲਾਂ ਦੀ ਰਿਪੋਰਟ ਜਿਹੜੀ ਪਾਜ਼ੇਟਿਵ ਆਈ ਹੈ, ਉਹ ਪੰਜਾਬ ਦੇ ਹੋਰਨਾਂ ਜ਼ਿਲਿਆਂ ਨਾਲ ਸਬੰਧਤ ਹਨ ਅਤੇ ਜਿਸ ਦੇ ਚਲਦਿਆਂ ਸਬੰਧਤ ਜ਼ਿਲਿਆਂ ਦੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਡਾ. ਮਨਜੀਤ ਸਿੰਘ ਨੇ ਕਿਹਾ ਮੋਹਾਲੀ ਜ਼ਿਲੇ ਨਾਲ ਸਬੰਧਤ ਪਾਜ਼ੇਟਿਵ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।


 


Deepak Kumar

Content Editor

Related News