ਕੈਨੇਡਾ ''ਚ ਫਸੇ 7 ਲੋਕ ਚੰਡੀਗੜ੍ਹ ਪੁੱਜਣ ''ਤੇ ਭੜਕੇ, ਖੋਲ੍ਹੀ ਪ੍ਰਸ਼ਾਸਨ ਦੀ ਪੋਲ

Wednesday, May 27, 2020 - 03:08 PM (IST)

ਕੈਨੇਡਾ ''ਚ ਫਸੇ 7 ਲੋਕ ਚੰਡੀਗੜ੍ਹ ਪੁੱਜਣ ''ਤੇ ਭੜਕੇ, ਖੋਲ੍ਹੀ ਪ੍ਰਸ਼ਾਸਨ ਦੀ ਪੋਲ

ਚੰਡੀਗੜ੍ਹ (ਸੁਸ਼ੀਲ) : ਕੋਰੋਨਾ ਦੇ ਕਾਰਨ ਕੈਨੇਡਾ 'ਚ ਫਸੇ ਚੰਡੀਗੜ੍ਹ ਦੇ 7 ਲੋਕ ਮੰਗਲਵਾਰ ਨੂੰ ਸ਼ਹਿਰ 'ਚ ਪੁੱਜ ਗਏ। ਪ੍ਰਸ਼ਾਸਨ ਨੇ ਇਨ੍ਹਾਂ ਲੋਕਾਂ ਨੂੰ ਇੰਡਸਟਰੀਅਲ ਏਰੀਆ ਦੇ ਹੋਮਟੇਲ ਹੋਟਲ 'ਚ ਇਕਾਂਤਵਾਸ ਕਰਨਾ ਸੀ। ਇਹ ਸਾਰੇ ਲੋਕ ਮੰਗਲਵਾਰ ਸਵੇਰੇ 3 ਵਜੇ ਦਿੱਲੀ ਹਵਾਈ ਅੱਡੇ 'ਤੇ ਉਤਰੇ ਅਤੇ ਚੰਡੀਗੜ੍ਹ ਆਉਣ ਲਈ ਵਾਹਨ ਦੀ ਉਡੀਕ ਕਰਨ ਲੱਗੇ। ਸਵੇਰੇ 6 ਵਜੇ ਚੰਡੀਗੜ੍ਹ ਪ੍ਰਸ਼ਾਸਨ ਦਾ ਮੁਸਾਫਰਾਂ ਨੂੰ ਫੋਨ ਆਇਆ ਕਿ ਉਨ੍ਹਾਂ ਨੂੰ ਲੈਣ ਲਈ ਵਿਸ਼ੇਸ਼ ਟੈਂਪੂ ਭੇਜਿਆ ਜਾ ਰਿਹਾ ਹੈ। ਕਰੀਬ ਇਕ ਵਜੇ ਟੈਂਪੂ ਪੁੱਜਿਆ ਅਤੇ ਸਾਰੇ ਮੁਸਾਫਰਾਂ ਨੂੰ ਚੰਡੀਗੜ੍ਹ ਲੈ ਕੇ ਆਇਆ। ਮੁਸਾਫਰਾਂ ਨੇ ਹੋਟਲ ਪੁੱਜਣ ਤੋਂ ਬਾਅਦ ਦੋਸ਼ ਲਾਇਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਉਨ੍ਹਾਂ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਦਿੱਲੀ ਹਵਾਈ ਅੱਡੇ 'ਤੇ ਵੀ ਉਨ੍ਹਾਂ ਨੂੰ ਬੈਠਣ ਤੱਕ ਨਹੀਂ ਦਿੱਤਾ ਗਿਆ।
ਮੰਗਿਆ 2 ਹਜ਼ਾਰ ਰੁਪਿਆ ਕਿਰਾਇਆ
ਸਾਰੇ ਪਰਵਾਸੀ ਭਾਰਤੀਆਂ ਨੇ ਕਿਹਾ ਕਿ ਜਿਸ ਟੈਂਪੂ 'ਚ ਉਹ ਆਏ ਹਨ, ਉਸ ਦੀ ਹਾਲਤ ਬੇਹੱਦ ਖਰਾਬ ਸੀ। ਉੱਪਰੋਂ ਟੈਂਪੂ ਚਾਲਕ ਨੇ ਹਰ ਮੁਸਾਫਰ ਤੋਂ 2-2 ਹਜ਼ਾਰ ਰੁਪਏ ਕਿਰਾਇਆ ਮੰਗਿਆ, ਜਿਸ ਦਾ ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ ਅਤੇ ਪੁਲਸ ਨੇ ਮੌਕੇ 'ਤੇ ਪੁੱਜ ਕੇ ਦੋਹਾਂ ਧਿਰਾਂ ਦਾ ਸਮਝੌਤਾ ਕਰਵਾਇਆ। ਟੈਂਪੂ ਟਰੈਵਲਰ ਚਾਲਕ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਇਕ ਮੁਸਾਫਰ ਤੋਂ 2 ਹਜ਼ਾਰ ਰੁਪਏ ਲਏ ਜਾਣ। ਹੈਰਾਨੀ ਦੀ ਗੱਲ ਇਹ ਹੈ ਕਿ ਦਿੱਲੀ ਤੋਂ 7 ਭਾਰਤੀਆਂ ਨੂੰ ਇੰਡਸਟਰੀਅਲ ਏਰੀਆ ਦੇ ਹੋਟਲ 'ਚ ਇਕਾਂਤਵਾਸ ਕੀਤਾ ਗਿਆ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀ ਨਾ ਤਾਂ ਉਨ੍ਹਾਂ ਨੂੰ ਦਿੱਲੀ 'ਚ ਮਿਲਿਆ ਅਤੇ ਨਾ ਹੀ ਚੰਡੀਗੜ੍ਹ 'ਚ ਮਿਲਿਆ, ਜਿਸ ਕਾਰਨ ਪਰਵਾਸੀ ਭਾਰਤੀਆਂ 'ਚ ਰੋਸ ਪਾਇਆ ਜਾ ਰਿਹਾ ਹੈ। 


author

Babita

Content Editor

Related News