ਚੰਡੀਗੜ੍ਹ ਪ੍ਰਸ਼ਾਸਨ ''ਚ ਦਿਵਿਆਂਗ ਮੁਲਾਜ਼ਮਾਂ ਲਈ ਪੰਜਾਬ ਪੈਟਰਨ ''ਤੇ ਸਹੂਲਤਾਂ ਨਹੀਂ
Friday, Aug 09, 2019 - 02:35 PM (IST)
ਚੰਡੀਗੜ੍ਹ (ਭੁੱਲਰ) : ਡਿਸਏਬਲਡ ਪਰਸਨਜ਼ ਵੈੱਲਫੇਅਰ ਆਰਗੇਨਾਈਜ਼ੇਸ਼ਨ ਪੰਜਾਬ ਅਤੇ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਨੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਮਾਮਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਮੰਗ ਕੀਤੀ। ਵਫਦ 'ਚ ਸ਼ਾਮਲ ਪਰਸਨਜ਼ ਵਿਦ ਡਿਸਏਬਲਿਟੀਜ਼ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਦਵਿੰਦਰ ਸਿੰਘ ਸੈਣੀ, ਧਰਮਪਾਲ ਰਾਣਾ ਜਰਨਲ ਸਕੱਤਰ, ਬਲਵਿੰਦਰ ਸਿੰਘ ਬੱਬੀ ਤੇ ਅਸ਼ੋਕ ਕੁਮਾਰ ਨੇ ਰਾਜਪਾਲ ਦੇ ਧਿਆਨ 'ਚ ਲਿਆਂਦਾ ਕਿ ਪੰਜਾਬ ਸਰਕਾਰ ਕਲਾਸ ਏ, ਬੀ, ਸੀ, ਅਤੇ ਡੀ. ਦੇ ਮੁਲਾਜ਼ਮਾਂ ਨੂੰ ਤਰੱਕੀਆਂ 'ਚ 4 ਫੀਸਦੀ ਰਿਜ਼ਰਵੇਸ਼ਨ ਦੇ ਰਹੀ ਹੈ ਅਤੇ ਕਰਮਚਾਰੀ ਤੇ ਅਧਿਕਾਰੀ ਦੀ ਨੌਕਰੀ ਦੌਰਾਨ ਮੌਤ ਹੋਣ 'ਤੇ ਤਰਸ ਦੇ ਆਧਾਰ 'ਤੇ ਉਸ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇ ਰਹੀ ਹੈ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਲਾਗੂ ਨਹੀਂ ਕੀਤਾ, ਜਿਸ ਨਾਲ ਦਿਵਿਆਂਗ ਮੁਲਾਜ਼ਮਾਂ ਦੇ ਹਿੱਤਾਂ ਨਾਲ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਕ ਨੂੰ ਨੇਤਰਹੀਣ ਮੁਲਾਜ਼ਮਾਂ ਨੂੰ ਬਰੇਲ ਲਿੱਪੀ ਕਿਤਾਬਾਂ ਦੀ ਘਾਟ ਨੂੰ ਵੀ ਪੂਰਾ ਕਰਨ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਕਈ ਦਫਤਰਾਂ 'ਚ ਦਿਵਿਆਂਗ ਵਿਅਕਤੀਆਂ ਨਾਲ ਹੋ ਰਹੇ ਵਿਤਕਰੇ ਬਾਰੇ ਵੀ ਉਨ੍ਹਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਚੰਡੀਗੜ੍ਹ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉੱਥੇ ਤਾਇਨਾਤ ਇਕ ਮੁਲਾਜ਼ਮ ਜੋ ਕਿ 90 ਫੀਸਦੀ ਅੰਗਹੀਣ ਹੈ, ਨੂੰ ਵਾਰ-ਵਾਰ ਉਸ ਦੀ ਇਕ ਥਾਂ ਤੋਂ ਦੂਜੀ ਥਾਂ 'ਤੇ ਬਦਲੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਠੀਕ-ਠਾਕ ਅਧਿਕਾਰੀਆਂ ਨੂੰ ਗਰਾਊਂਡ ਫਲੋਰ 'ਤੇ ਤਾਇਨਾਤ ਕੀਤਾ ਹੋਇਆ ਹੈ ਅਤੇ ਅੰਗਹੀਣਾਂ ਨੂੰ ਉੱਪਰਲੀਆਂ ਮੰਜ਼ਿਲਾਂ 'ਤੇ ਤਾਇਨਾਤ ਕਰਨ ਤੋਂ ਇਲਾਵਾ ਘੁੰਮਣ-ਫਿਰਨ ਦਾ ਕੰਮ ਵੀ ਦਿੱਤਾ ਹੋਇਆ ਹੈ। ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਨੇ ਮੀਟਿੰਗ ਦੌਰਾਨ ਮੌਕੇ 'ਤੇ ਹਾਜ਼ਰ ਡਾਇਰੈਕਟਰ ਭਲਾਈ ਵਿਭਾਗ ਨਵਜੋਤ ਕੌਰ ਪੀ. ਸੀ. ਐੱਸ., ਯੂ. ਟੀ. ਚੰਡੀਗੜ੍ਹ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ ਨੂੰ ਮਿਤੀਬੱਧ ਤਰੀਕ ਨਾਲ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ।