ਯੂਥ ਅਕਾਲੀ ਦਲ ਵਲੋਂ ਹੰਗਾਮੀ ਇਜਲਾਸ ਬੁਲਾਉਣ ਦਾ ਸੱਦਾ
Wednesday, Dec 19, 2018 - 09:14 AM (IST)

ਚੰਡੀਗੜ੍ਹ (ਅਸ਼ਵਨੀ) : ਯੂਥ ਅਕਾਲੀ ਦਲ ਨੇ 1984 ਵਿਚ ਸਿੱਖਾਂ ਦਾ ਸਮੂਹਿਕ ਕਤਲ ਕਰਵਾਉਣ ਦੇ ਦੋਸ਼ੀ ਸਾਰੇ ਸੀਨੀਅਰ ਕਾਂਗਰਸੀ ਆਗੂਆਂ ਵਾਸਤੇ ਮੌਤ ਦੀ ਸਜ਼ਾ ਮੰਗਣ ਵਾਲਾ ਮਤਾ ਪਾਸ ਕਰਨ ਲਈ ਮੰਗਲਵਾਰ ਵਿਧਾਨ ਸਭਾ ਦਾ ਹੰਗਾਮੀ ਇਜਲਾਸ ਬੁਲਾਉਣ ਦਾ ਸੱਦਾ ਦਿੱਤਾ ਹੈ। ਇੱਥੇ ਯੂਥ ਅਕਾਲੀ ਦਲ ਦੇ ਨਵੇਂ ਕਾਇਮ ਕੀਤੇ ਜਥੇਬੰਦਕ ਢਾਂਚੇ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਜਨਰਲ ਸਕੱਤਰ (ਇੰਚਾਰਜ ਯੂਥ) ਬਿਕਰਮ ਸਿੰਘ ਮਜੀਠੀਆ ਨੇ ਕੀਤੀ। ਮੀਟਿੰਗ 'ਚ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਲਈ ਤੁਰੰਤ ਮੌਤ ਦੀ ਸਜ਼ਾ ਦੀ ਮੰਗ ਕਰਨ ਵਾਸਤੇ ਫੌਰੀ ਵਿਧਾਨ ਸਭਾ ਦਾ ਹੰਗਾਮੀ ਇਜਲਾਸ ਸੱਦੇ ਜਾਣ ਦਾ ਮਤਾ ਪਾਸ ਕੀਤਾ ਗਿਆ। ਇਹ ਮਤਾ ਵੀ ਪਾਸ ਕੀਤਾ ਗਿਆ ਕਿ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਮਾਰਨ ਦੇ ਦੋਸ਼ੀਆਂ ਦੀ ਸਿਆਸੀ ਸਰਪ੍ਰਸਤੀ ਕਰਨ ਅਤੇ ਸਬੂਤ ਮਿਟਾਉਣ ਵਿਚ ਦੋਸ਼ੀਆਂ ਦੀ ਮਦਦ ਕਰਨ ਲਈ ਗਾਂਧੀ ਪਰਿਵਾਰ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ। ਮਤੇ ਵਿਚ ਕਿਹਾ ਗਿਆ ਕਿ ਇਸ ਕੇਸ ਤਹਿਤ ਸਿੱਖਾਂ ਦਾ ਸਮੂਹਿਕ ਕਤਲੇਆਮ ਕਰਵਾਉਣ ਵਿਚ ਗਾਂਧੀ ਪਰਿਵਾਰ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜਥੇਬੰਦੀ ਨੇ ਇਹ ਵੀ ਐਲਾਨ ਕੀਤਾ ਕਿ ਇਹ 1984 ਕਤਲੇਆਮ ਕੇਸਾਂ ਵਿਚ ਪੇਸ਼ ਹੋਏ, ਉਨ੍ਹਾਂ ਗਵਾਹਾਂ ਲਈ ਇਕ ਵਿਸ਼ੇਸ਼ ਸਨਮਾਨ ਸਮਾਰੋਹ ਰੱਖੇਗੀ, ਜਿਨ੍ਹਾਂ ਭਾਰੀ ਦਬਾਅ ਦੇ ਬਾਵਜੂਦ ਦੋਸ਼ੀਆਂ ਖ਼ਿਲਾਫ ਗਵਾਹੀ ਦੇ ਕੇ ਉਨ੍ਹਾਂ ਨੂੰ ਸਜ਼ਾ ਦਿਵਾਈ।
ਯੂਥ ਅਕਾਲੀ ਦਲ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਵਿਚ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਸਬੰਧੀ ਕਾਂਗਰਸ ਪਾਰਟੀ ਦੀ ਪੋਲ ਖੋਲ੍ਹਣ ਲਈ ਵ੍ਹਾਈਟ ਪੇਪਰ ਲਿਆਂਦਾ ਜਾਵੇਗਾ। ਜਥੇਬੰਦੀ ਨੇ ਕਿਹਾ ਕਿ ਕਾਂਗਰਸ ਨੇ 'ਘਰ-ਘਰ ਰੁਜ਼ਗਾਰ' ਯੋਜਨਾ ਰਾਹੀਂ ਹਰ ਪਰਿਵਾਰ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਪਿਛਲੇ ਦੋ ਸਾਲਾਂ ਵਿਚ ਇਸ ਨੇ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਦਿੱਤੀ। ਇਸੇ ਤਰ੍ਹਾਂ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਸਿਰਫ ਕਾਗਜ਼ਾਂ 'ਤੇ ਹੀ ਰਹਿ ਗਿਆ। ਇਸ ਤੋਂ ਇਲਾਵਾ ਨੌਜਵਾਨਾਂ ਨਾਲ ਕੀਤੇ ਸਮਾਰਟ ਫੋਨ ਦੇਣ ਦੇ ਵਾਅਦੇ ਬਾਰੇ ਤਾਂ ਕਾਂਗਰਸ ਸਰਕਾਰ ਗੱਲ ਵੀ ਨਹੀਂ ਕਰ ਰਹੀ ਹੈ।
ਮੀਟਿੰਗ ਵਿਚ ਵਿਧਾਇਕ ਦਿਲਰਾਜ ਸਿੰਘ ਭੂੰਦੜ, ਵਿਧਾਇਕ ਬਲਦੇਵ ਖਹਿਰਾ, ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ, ਸਕੱਤਰ ਜਨਰਲ ਹਰਿੰਦਰਪਾਲ ਸਿੰਘ ਚੰਦੂਮਾਜਰਾ, ਮਾਲਵਾ ਜ਼ੋਨ-1 ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਮਾਲਵਾ ਜ਼ੋਨ-2 ਦੇ ਪ੍ਰਧਾਨ ਸਤਬੀਰ ਸਿੰਘ ਖੱਟੜਾ, ਮਾਲਵਾ ਜ਼ੋਨ-3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਦੋਆਬਾ ਜ਼ੋਨ ਦੇ ਪ੍ਰਧਾਨ ਸੁਖਦੀਪ ਸਿੰਘ ਸ਼ੁਕਰ ਤੇ ਕਰਨਵੀਰ ਭੰਗੂ ਵੀ ਹਾਜ਼ਰ ਸਨ।