ਸੋਨੀਆ ਤੇ ਰਾਹੁਲ ਸਿੱਖਾਂ ਨਾਲ ਕਰ ਰਹੇ ਨੇ ਝੂਠੀ ਹਮਦਰਦੀ : ਮਜੀਠੀਆ

Thursday, Jan 17, 2019 - 09:08 AM (IST)

ਸੋਨੀਆ ਤੇ ਰਾਹੁਲ ਸਿੱਖਾਂ ਨਾਲ ਕਰ ਰਹੇ ਨੇ ਝੂਠੀ ਹਮਦਰਦੀ : ਮਜੀਠੀਆ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਸਪੱਸ਼ਟੀਕਰਨ ਮੰਗਦਿਆਂ ਪੁੱਛਿਆ ਹੈ ਕਿ ਉਹ ਜਵਾਬ ਦੇਣ ਕਿ ਸ਼ੀਲਾ ਦੀਕਸ਼ਿਤ ਨੂੰ ਦਿੱਲੀ ਇਕਾਈ ਦੀ ਕਮਾਨ ਸੌਂਪੇ ਜਾਣ ਦੇ ਸਮਾਗਮ 'ਚ ਜਗਦੀਸ਼ ਟਾਈਟਲਰ ਨੂੰ ਇਕ ਵੀ.ਆਈ.ਪੀ. ਵਾਲਾ ਮਾਣ-ਸਤਿਕਾਰ ਦੇ ਕੇ ਉਹ 1984 ਕਤਲੇਆਮ ਦੇ ਦੋਸ਼ੀ ਨੂੰ ਬਚਾਉਣ ਦੀ ਕਿਉਂ ਕੋਸ਼ਿਸ਼ ਕਰ ਰਿਹਾ ਹੈ? ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ ਕਿ ਦੀਕਸ਼ਿਤ ਨੂੰ ਦਿੱਲੀ ਕਾਂਗਰਸ ਦੀ ਪ੍ਰਧਾਨਗੀ ਸੌਂਪੇ ਜਾਣ ਦੇ ਸਮਾਗਮ 'ਚ 1984 ਕਤਲੇਆਮ ਦੇ ਦੋਸ਼ੀ ਨੂੰ ਮੂਹਰਲੀ ਕਤਾਰ ਵਿਚ ਬਿਠਾਇਆ ਗਿਆ ਸੀ। 

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਮਾਗਮ ਵਿਚ ਟਾਈਟਲਰ ਨੂੰ ਅਹਿਮੀਅਤ ਦੇਣਾ ਗਾਂਧੀ ਪਰਿਵਾਰ ਦੀ 1984 ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਤੇ ਸਨਮਾਨਤ ਕਰਨ ਦੀ ਰਣਨੀਤੀ ਨਾਲ ਮੇਲ ਖਾਂਦਾ ਹੈ। ਮਜੀਠੀਆ ਨੇ ਕਿਹਾ ਕਿ ਗਾਂਧੀ ਪਰਿਵਾਰ ਵਲੋਂ ਟਾਈਟਲਰ ਦੇ ਲਗਾਤਾਰ ਕੀਤੇ ਬਚਾਅ ਨੇ ਸਾਬਿਤ ਕਰ ਦਿੱਤਾ ਹੈ ਕਿ ਸੋਨੀਆ ਅਤੇ ਰਾਹੁਲ ਗਾਂਧੀ ਸਿੱਖਾਂ ਨਾਲ ਸਿਰਫ ਝੂਠੀ ਹਮਦਰਦੀ ਜਤਾਉਦੇ ਆ ਰਹੇ ਹਨ ਅਤੇ ਉਹ ਕਿਸੇ ਵੀ 1984 ਕਤਲੇਆਮ ਦੇ ਦੋਸ਼ੀ ਖ਼ਿਲਾਫ ਕੋਈ ਕਾਰਵਾਈ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਿਸ ਸਮੇਂ ਸਿੱਖ ਰਾਹੁਲ ਗਾਂਧੀ ਤੋਂ 1984 ਦੇ ਦੋਸ਼ੀਆਂ ਖ਼ਿਲਾਫ ਕਾਰਵਾਈ ਕਰਨ ਦੀ ਉਮੀਦ ਕਰ ਰਹੇ ਸਨ, ਉਸ ਨੇ ਉਲਟਾ ਉਨ੍ਹਾਂ ਦੀ ਸਿਆਸੀ ਪੁਸ਼ਤਪਨਾਹੀ  ਕੀਤੀ ਹੈ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਵੇਲੇ ਦਿੱਲੀ ਹਾਈ ਕੋਰਟ ਵੱਲੋਂ ਕੀਤੀ ਟਿੱਪਣੀ ਨੂੰ ਸਹੀ ਸਾਬਤ ਕਰ ਦਿੱਤਾ ਹੈ।


author

Baljeet Kaur

Content Editor

Related News