ਸੋਸ਼ਲ ਮੀਡੀਆ ''ਤੇ ਕੀਤੀ ਟਿੱਪਣੀ ਪਈ ਮਹਿੰਗੀ, 6 ਮਹੀਨਿਆਂ ਲਈ ਨਹੀਂ ਚਲਾ ਸਕੇਗਾ ਸਮਾਰਟਫੋਨ
Thursday, Feb 06, 2020 - 01:22 PM (IST)
ਚੰਡੀਗੜ੍ਹ : ਛੇੜਛਾੜ ਦੇ ਦੋਸ਼ੀ ਨੂੰ ਮੋਹਰੀ ਜ਼ਮਾਨਤ ਦੌਰਾਨ ਮਹਿਲਾ ਨਾਲ ਸਬੰਧਤ ਸੋਸ਼ਲ ਮੀਡੀਆ 'ਤੇ ਟਿੱਪਣੀ ਕਰਨੀ ਭਾਰੀ ਪੈ ਗਈ। ਟਿੱਪਣੀ ਤੋਂ ਬਾਅਦ ਮਹਿਲਾ ਨੇ ਹਾਈਕੋਰਟ 'ਚ ਅਰਜ਼ੀ ਦਾਖਲ ਕਰਕੇ ਦੋਸ਼ੀ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ। ਦੋਸ਼ੀ ਨੇ ਹਾਈਕੋਰਟ 'ਚ ਮੁਆਫੀ ਮੰਗਦੇ ਹੋਏ ਅੰਡਰਟੇਕਿੰਗ ਦਿੱਤੀ ਕਿ ਉਹ 6 ਮਹੀਨੇ ਤੱਕ ਸਮਾਰਟਫੋਨ ਦਾ ਇਸਤੇਮਾਲ ਨਹੀਂ ਕਰੇਗਾ। ਇਸ ਤੋਂ ਬਾਅਦ ਹਾਈਕੋਰਟ ਨੇ ਉਸ ਦੀ ਜ਼ਮਾਨਤ ਨੂੰ ਰੱਦ ਨਹੀਂ ਕੀਤਾ ਪਰ 20 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ।
ਜਾਣਕਾਰੀ ਮੁਤਾਬਕ ਇਹ ਮਾਮਲਾ ਕਰਨਾਲ ਦਾ ਹੈ, ਜਿਥੇ ਇਕ ਵਿਅਕਤੀ ਖਿਲਾਫ ਮਹਿਲਾ ਨੇ ਛੇੜਛਾੜ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਤੋਂ ਬਾਅਦ ਦਰਜ ਕੇਸ 'ਚ ਮੋਹਰੀ ਜ਼ਮਾਨਤ ਦੇ ਲਈ ਦੋਸ਼ੀ ਨੇ ਪੰਜਾਬ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਲਗਾਈ ਸੀ। ਹਾਈਕੋਰਟ ਨੇ ਉਸ ਨੂੰ ਸ਼ਰਤ ਦੇ ਦਿੱਤੀ ਕਿ ਉਹ ਮਹਿਲਾ ਖਿਲਾਫ ਕੋਈ ਅਜਿਹਾ ਕੰਮ ਨਹੀਂ ਕਰੇਗਾ, ਜਿਸ 'ਤੇ ਉਸ ਨੂੰ ਇਤਰਾਜ਼ ਹੋਵੇ। ਪਰ ਇਸੇ ਦੌਰਾਨ ਦੋਸ਼ੀ ਨੇ ਸੋਸ਼ਲ ਮੀਡੀਆ 'ਤੇ ਮਹਿਲਾ ਨੂੰ ਲੈ ਕੇ ਅਸ਼ਲੀਲ ਟਿੱਪਟੀਆਂ ਕਰ ਦਿੱਤੀਆਂ। ਇਸ 'ਤੇ ਮਹਿਲਾ ਨੇ ਉਸ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕਰਦੇ ਹੋਏ ਕੋਰਟ 'ਚ ਅਰਜ਼ੀ ਦਾਖਲ ਕਰ ਦਿੱਤੀ। ਸੁਣਾਈ ਦੌਰਾਨ ਵਿਅਕਤੀ ਨੇ ਮੁਆਫੀ ਮੰਗੀ ਤੇ ਕਿਹਾ ਕਿ ਉਹ ਅਗਲੇ 6 ਮਹੀਨੇ ਤੱਕ ਸਮਾਰਟ ਫੋਨ ਦਾ ਇਸਤੇਮਾਲ ਨਹੀਂ ਕਰੇਗਾ।