ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾ ਕੇ 3 ਹਫਤੇ ਕੀਤਾ ਜਾਵੇ : ਅਕਾਲੀ ਦਲ

07/25/2019 9:45:21 AM

ਚੰਡੀਗੜ੍ਹ (ਅਸ਼ਵਨੀ) - ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਸੂਬੇ ਦੇ ਭਖਦੇ ਮੁੱਦਿਆਂ 'ਤੇ ਚਰਚਾ ਕਰਨ ਤੋਂ ਨਾ ਭੱਜੇ ਅਤੇ ਵਿਧਾਨ ਸਭਾ ਸਪੀਕਰ ਨੂੰ ਵਿਧਾਨ ਸਭਾ ਇਜਲਾਸ 3 ਹਫਤਿਆਂ ਦਾ ਕਰਨ ਲਈ ਆਖਿਆ ਹੈ। ਅਜਿਹਾ ਕਰਨ ਨਾਲ ਸੂਬੇ ਦੇ ਸਾਰੇ ਭਖਦੇ ਮਸਲਿਆਂ ਜਿਵੇਂ ਕਿਸਾਨ ਖੁਦਕੁਸ਼ੀਆਂ ਵਿਚ ਹੋਏ ਚਿੰਤਾਜਨਕ ਵਾਧੇ, ਪੜ੍ਹੇ-ਲਿਖੇ ਨੌਜਵਾਨਾਂ ਵਲੋਂ ਖੁਦਕੁਸ਼ੀਆਂ ਦੇ ਵਰਤਾਰੇ, ਬਿਜਲੀ ਦਰਾਂ 'ਚ ਹੋਏ ਲੱਕ-ਤੋੜ ਵਾਧੇ, ਨੀਲੇ ਕਾਰਡਾਂ 'ਤੇ ਲੀਕ ਫੇਰ ਕੇ ਗਰੀਬਾਂ ਅਤੇ ਦਲਿਤਾਂ ਵਿਰੁੱਧ ਕੀਤੇ ਵਿਤਕਰੇ ਅਤੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਨਾ ਜਾਰੀ ਕਰਨਾ ਆਦਿ ਉੱਤੇ ਵਿਸਥਾਰ ਵਿਚ ਚਰਚਾ ਕੀਤੀ ਜਾ ਸਕੇ।

ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀਆਂ ਬਿਕਰਮ ਸਿੰਘ ਮਜੀਠੀਆ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੂਬਾਈ ਵਜ਼ਾਰਤ ਵਲੋਂ 2 ਰੋਜ਼ਾ ਇਜਲਾਸ ਦਾ ਐਲਾਨ ਲੋਕਤੰਤਰ ਦਾ ਮਜ਼ਾਕ ਉਡਾਉਣ ਦੇ ਸਮਾਨ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰੀ ਤੌਰ 'ਤੇ 2 ਅਗਸਤ ਤੋਂ 6 ਅਗਸਤ ਤਕ ਇਜਲਾਸ ਰੱਖਣ ਦਾ ਐਲਾਨ ਕੀਤਾ ਗਿਆ ਹੈ ਪਰ ਇਨ੍ਹਾਂ ਦਿਨਾਂ ਵਿਚ 2 ਛੁੱਟੀਆਂ ਪੈਂਦੀਆਂ ਹਨ ਅਤੇ ਪਹਿਲਾ ਦਿਨ ਸ਼ਰਧਾਂਜਲੀਆਂ ਲਈ ਰਾਖਵਾਂ ਹੁੰਦਾ ਹੈ। ਇਸ ਦਾ ਅਰਥ ਹੈ ਕਿ ਅਸਲੀਅਤ ਵਿਚ ਇਹ ਇਜਲਾਸ ਸਿਰਫ 2 ਦਿਨ ਦਾ ਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦਾ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ ਵਿਚ ਵਿਰੋਧ ਕਰਾਂਗੇ ਅਤੇ ਮੰਗ ਕਰਾਂਗੇ ਕਿ ਇਜਲਾਸ ਨੂੰ ਵਧਾ ਕੇ 3 ਹਫਤਿਆਂ ਦਾ ਕੀਤਾ ਜਾਵੇ।

ਮਜੀਠੀਆ ਅਤੇ ਢੀਂਡਸਾ ਨੇ ਕਿਹਾ ਕਿ ਸੂਬਾਈ ਕੈਬਨਿਟ ਵਲੋਂ ਦੋ ਦਿਨ ਦੇ ਇਜਲਾਸ ਦਾ ਐਲਾਨ ਕਰਨਾ ਆਮ ਆਦਮੀ ਦੀਆਂ ਖਾਹਿਸ਼ਾਂ ਨੂੰ ਕੁਚਲਣਾ ਹੈ, ਜੋ ਚਾਹੁੰਦਾ ਹੈ ਕਿ ਸਾਰੇ ਜਨਤਕ ਮੁੱਦਿਆਂ 'ਤੇ ਸਦਨ 'ਚ ਚਰਚਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਸਰਕਾਰ ਡਰ ਗਈ ਹੈ ਕਿ ਇਸ ਦਾ ਪਰਦਾਫਾਸ਼ ਹੋ ਜਾਵੇਗਾ ਅਤੇ ਉਸ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਕੇ ਉਨ੍ਹਾਂ ਨਾਲ ਵਿਸ਼ਵਾਸਘਾਤ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ।


rajwinder kaur

Content Editor

Related News