ਪੰਥ ਅਤੇ ਪੰਜਾਬ ਹਿਤੈਸ਼ੀ ਹੋਣ ਦੀ ਡਰਾਮੇਬਾਜ਼ੀ ਛੱਡਣ ਬਾਦਲ : ਪ੍ਰੋ. ਬਲਜਿੰਦਰ ਕੌਰ

06/19/2019 9:26:04 AM

ਚੰਡੀਗੜ੍ਹ(ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਤਲਵੰਡੀ ਸਾਬੋ ਤੋਂ ਵਿਧਾਇਕ ਅਤੇ ਚੀਫ਼ ਸਪੋਕਸਪਰਸਨ ਪ੍ਰੋ. ਬਲਜਿੰਦਰ ਕੌਰ ਨੇ ਬਾਦਲ ਪਰਿਵਾਰ 'ਤੇ ਫਿਰ ਤੋਂ ਪੰਥਕ ਡਰਾਮੇਬਾਜ਼ੀ ਕਰਨ ਦਾ ਦੋਸ਼ ਲਾਇਆ ਹੈ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਥ ਨੂੰ ਹਮੇਸ਼ਾ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਵਰਤਿਆ ਹੈ ਅਤੇ ਹੁਣ ਵੀ ਵਰਤਣ ਦੀ ਫ਼ਿਰਾਕ ਵਿਚ ਹੈ, ਪੰਜਾਬ ਦੇ ਲੋਕਾਂ ਨੂੰ ਬਾਦਲਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੰਥਕ ਸੰਸਥਾਵਾਂ ਅਤੇ ਪੰਜਾਬ ਦਾ ਜੋ ਘਾਣ ਬਾਦਲ ਪਰਿਵਾਰ ਨੇ ਕੀਤਾ ਹੈ, ਇਹ ਕਿਸੇ ਤੋਂ ਲੁਕਿਆ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਬਾਰੇ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਬਾਦਲਾਂ ਵੱਲ ਹੋਏ ਇਸ਼ਾਰਿਆਂ ਤੋਂ ਬਾਅਦ ਹੁਣ ਗਿਆਨੀ ਇਕਬਾਲ ਸਿੰਘ ਦੇ ਸਨਸਨੀਖ਼ੇਜ਼ ਖ਼ੁਲਾਸਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਪੈਸੇ ਅਤੇ ਸੱਤਾ ਲਈ ਬਾਦਲ ਪਰਿਵਾਰ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

ਬਲਜਿੰਦਰ ਕੌਰ ਨੇ ਕਿਹਾ ਕਿ 10 ਸਾਲਾਂ ਦੇ ਮਾਫ਼ੀਆ ਰਾਜ ਦੌਰਾਨ ਬਾਦਲ ਪਰਿਵਾਰ ਨੇ ਪੰਜਾਬ ਨੂੰ ਆਰਥਿਕ, ਧਾਰਮਿਕ ਅਤੇ ਸਮਾਜਿਕ ਪੱਧਰ 'ਤੇ ਬਰਾਬਰ ਤਬਾਹ ਕੀਤਾ ਹੈ। ਪੰਜਾਬ ਅਤੇ ਪੰਜਾਬੀਆਂ ਦਾ ਰੋਮ-ਰੋਮ ਕਰਜ਼ਾਈ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕੀਤੀ। ਪਿੰਡ ਪੱਧਰ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਪੰਜਾਬੀਆਂ ਨੂੰ ਕਦੇ ਪੰਥ ਅਤੇ ਕਦੇ ਪਾਰਟੀ ਦੇ ਨਾਂ 'ਤੇ ਵੰਡਣ ਅਤੇ ਸਮਾਜਿਕ ਤੌਰ 'ਤੇ ਤੋੜਨ ਦੀਆਂ ਚਾਲਾਂ ਚੱਲੀਆਂ, ਮਕਸਦ ਸਿਰਫ਼ ਵੋਟਾਂ ਹਾਸਲ ਕਰਨਾ ਹੀ ਰਿਹਾ। ਇਸ ਪਰਿਵਾਰ ਨੇ ਪੰਥ, ਪੰਜਾਬ, ਪੰਜਾਬ ਦੇ ਪਾਣੀ, ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਅਤੇ 1984 ਦੇ ਭਾਵਨਾਤਮਕ ਨਾਅਰਿਆਂ ਰਾਹੀਂ ਵਾਰ-ਵਾਰ ਸੱਤਾ ਤਾਂ ਭੋਗੀ ਪਰ ਆਪਣੇ ਰਾਜ ਭਾਗ ਦੌਰਾਨ ਇਨ੍ਹਾਂ ਮੁੱਦਿਆਂ ਨੂੰ ਜਾਣਬੁਝ ਕੇ ਵਿਸਾਰੀ ਰੱਖਿਆ। ਹੁਣ ਜਦੋਂ ਬਾਦਲ ਸੱਤਾ ਤੋਂ ਲਾਂਭੇ ਹਨ ਤਾਂ ਦੁਬਾਰਾ ਪੰਥ ਅਤੇ ਪੰਜਾਬ ਹਿਤੈਸ਼ੀ ਹੋਣ ਦੇ ਡਰਾਮਿਆਂ 'ਤੇ ਉੱਤਰ ਆਏ ਹਨ।


cherry

Content Editor

Related News