ਸੰਸਦ ਦਾ ਸਰਦ ਰੁੱਤ ਇਜਲਾਸ ਸੱਦਣ ਲਈ ਰਾਸ਼ਟਰਪਤੀ ਤੁਰੰਤ ਦਖਲ ਦੇਣ : ਸੁਖਬੀਰ

Saturday, Dec 19, 2020 - 09:20 AM (IST)

ਚੰਡੀਗੜ੍ਹ (ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਦਖਲ ਦੇ ਕੇ ਸੰਸਦ ਦਾ ਸਰਦ ਰੁੱਤ ਇਜਲਾਸ ਬੁਲਾਉਣ।ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਇਕ ਮੈਂਬਰ ਵਜੋਂ ਸੰਸਦ ਵਿਚ 3 ਵਿਵਾਦਗ੍ਰਸਤ ਖੇਤੀ ਬਿੱਲਾਂ ਖਿਲਾਫ ਵੋਟ ਪਾਈ ਸੀ, ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਆਖਿਆ ਕਿ ਕੋਰੋਨਾ ਦਾ ਬਹਾਨਾ ਬਣਾ ਕੇ ਸੰਸਦ ਦਾ ਸਰਦ ਰੁੱਤ ਇਜਲਾਸ ਰੱਦ ਕਰਨ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੂੰ ਇਹ ਕਿਵੇਂ ਸਮਝਾਓਗੇ ਕਿ ਸੰਸਦ ਕੋਰੋਨਾ ਮਹਾਮਾਰੀ ਦੇ ਦੌਰਾਨ 3 ਵਿਵਾਦਗ੍ਰਸਤ ਬਿੱਲ ਪਾਸ ਕਰਨ ਲਈ ਸੰਸਦ ਦਾ ਸੈਸ਼ਨ ਸੱਦਣਾ ਵਾਜਬ ਸੀ, ਜਦੋਂਕਿ ਦੇਸ਼ ਵਿਚ ਲਾਕਡਾਊਨ ਸੀ ਪਰ ਹੁਣ ਜਦੋਂ ਸਰਕਾਰ ਨੇ ਖੁਦ ਮੰਨਿਆ ਹੈ ਕਿ ਮਹਾਮਾਰੀ ਦਾ ਪ੍ਰਭਾਵ ਘੱਟ ਗਿਆ ਹੈ, ਜਿਸ ਕਾਰਨ ਲਾਕਡਾਊਨ ਦੀ ਜ਼ਰੂਰਤ ਨਹੀਂ ਹੈ ਤਾਂ ਫਿਰ ਸਰਦ ਰੁੱਤ ਇਜਲਾਸ ਰੱਦ ਕਰਨਾ ਕਿਵੇਂ ਵਾਜਬ ਹੋਇਆ? ਉਨ੍ਹਾਂ ਕਿਹਾ ਕਿ ਜੋ ਉਸ ਵੇਲੇ ਸਹੀ ਸੀ, ਉਹ ਹੁਣ ਗਲਤ ਨਹੀਂ ਹੋ ਸਕਦਾ।

ਰਾਸ਼ਟਰਪਤੀ ਨੂੰ ਲਿਖੇ ਆਪਣੇ ਪੱਤਰ, ਜਿਸ ਦੀਆਂ ਕਾਪੀਆਂ ਲੋਕ ਸਭਾ ਦੇ ਸਪੀਕਰ ਅਤੇ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਰਾਜ ਸਭਾ ਦੇ ਚੇਅਰਮੈਨ ਹੋਣ ਦੇ ਨਾਤੇ, ਵੀ ਭੇਜੀਆਂ ਗਈਆਂ ਹਨ, ’ਚ ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਬੇਤੁਕੀ ਤੇ ਹੈਰਾਨੀਜਨਕ ਗੱਲ ਹੈ ਕਿ ਸੱਤਾਧਾਰੀ ਪਾਰਟੀ ਨੂੰ ਬਿਹਾਰ ਦੀਆਂ ਚੋਣ ਰੈਲੀਆਂ ਤੇ ਹੁਣ ਪੱਛਮੀ ਬੰਗਾਲ ਵਿਚ ਹਜ਼ਾਰਾਂ ਲੋਕਾਂ ਦੇ ਇਕੱਠ ਵਿਚ ਲੋਕਾਂ ਦੀ ਜਾਨ ਤੇ ਸਿਹਤ ਨੂੰ ਕੋਈ ਖਤਰਾ ਨਹੀਂ ਲੱਗਦਾ ਸੀ ਪਰ ਹੁਣ ਉਹ ਚਾਹੁੰਦੀ ਹੈ ਕਿ ਦੇਸ਼ ਦੇ ਲੋਕ ਇਹ ਮੰਨ ਲੈਣ ਕਿ ਸਖ਼ਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋ ਰਹੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਕੋਰੋਨਾ ਫੈਲਣ ਦਾ ਖ਼ਤਰਾ ਹੈ?

ਬਾਦਲ ਨੇ ਕਿਹਾ ਕਿ ਸਰਕਾਰ ਆਪਣਾ ਮਜ਼ਾਕ ਆਪ ਬਣਵਾ ਰਹੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਮਜ਼ਾਕ ਦੀ ਕੀਮਤ ਸਾਡੀਆਂ ਉਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਵਾਰ ਕੇ ਦੇਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਹਾਮਾਰੀ ਦਾ ਬਹਾਨਾ ਮੰਨ ਵੀ ਲਿਆ ਜਾਵੇ ਤਾਂ ਵੀ ਸਵਾਲ ਬਾਕੀ ਰਹਿੰਦਾ ਹੈ ਕਿ ਕੀ ਸਾਡੀਆਂ ਜ਼ਿੰਦਗੀਆਂ, ਉਨ੍ਹਾਂ ਲੱਖਾਂ ਕਰੋੜਾਂ ਲੋਕਾਂ ਨਾਲੋਂ ਜ਼ਿਆਦਾ ਅਹਿਮ ਹਨ ਜਿਨ੍ਹਾਂ ਦੀ ਅਸੀਂ ਪ੍ਰਤੀਨਿਧਤਾ ਕਰਦੇ ਹਾਂ। ਕੀ ਅਸੀਂ ਉਸ ਮਾਸੂਸ ਵਿਸ਼ਵਾਸ ਨਾਲ ਸਿਰਫ ਇਸ ਕਰ ਕੇ ਧੋਖਾ ਕਰਾਂਗੇ ਕਿ ਅਸੀਂ ਉਸ ਮੀਟਿੰਗ ਤੋਂ ਡਰਦੇ ਹਾਂ। ਉਨ੍ਹਾਂ ਕਿਹਾ ਕਿ ਇਜਲਾਸ ਹੋਣ ਨਾਲ ਇਨ੍ਹਾਂ ਦੇਸ਼ ਭਗਤ ਅੰਨਦਾਤਿਆਂ ਨੂੰ ਆਪਣੇ ਭਵਿੱਖ ਨੂੰ ਸੁਰੱਖਿਅਤ ਮੰਨਦਿਆਂ ਘਰ ਪਰਤਣ ਵਿਚ ਮਦਦ ਮਿਲੇਗੀ।

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Baljeet Kaur

Content Editor

Related News