ਕਾਂਗਰਸ ਦਾ ਚੋਣ ਮੈਨੀਫੈਸਟੋ ''ਝੂਠੇ ਵਾਅਦਿਆਂ ਦਾ ਮੱਕੜਜਾਲ'' : ਸੁਖਬੀਰ ਬਾਦਲ

Wednesday, Apr 03, 2019 - 09:44 AM (IST)

ਕਾਂਗਰਸ ਦਾ ਚੋਣ ਮੈਨੀਫੈਸਟੋ ''ਝੂਠੇ ਵਾਅਦਿਆਂ ਦਾ ਮੱਕੜਜਾਲ'' : ਸੁਖਬੀਰ ਬਾਦਲ

ਚੰਡੀਗੜ੍ਹ(ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੇ ਚੋਣ ਮੈਨੀਫੈਸਟੋ ਨੂੰ 'ਦਿਸ਼ਾਹੀਣ, ਫਰੇਬੀ ਅਤੇ ਝੂਠੇ ਵਾਅਦਿਆਂ ਦਾ ਮੱਕੜਜਾਲ' ਕਰਾਰ ਦਿੱਤਾ ਹੈ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹ ਇਕ ਅਜਿਹੀ ਪਾਰਟੀ ਦਾ ਮੈਨੀਫੈਸਟੋ ਹੈ, ਜਿਸ ਦੇ ਆਗੂ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰ ਖਾ ਕੇ ਲੋਕਾਂ ਨਾਲ ਝੂਠ ਬੋਲਦੇ ਹਨ। ਪੰਜਾਬ ਦੇ ਲੋਕ ਅਤੇ ਪੂਰਾ ਮੁਲਕ ਜਾਣਦਾ ਹੈ ਕਿ ਇਹ ਉਨ੍ਹਾਂ ਸਿਆਸੀ ਡਕੈਤਾਂ ਦਾ ਇਕ ਦਸਤਾਵੇਜ਼ ਹੈ, ਜਿਹੜੇ ਝੂਠ ਦੀ ਮੁਹਿੰਮ 'ਤੇ ਨਿਕਲੇ ਹੋਏ ਹਨ। ਉਨ੍ਹਾਂ ਵਾਅਦਿਆਂ ਦਾ ਕੀ ਬਣਿਆ ਜੋ ਕੈ. ਅਮਰਿੰਦਰ ਸਿੰਘ ਵਲੋਂ ਹੱਥ 'ਚ ਪਵਿੱਤਰ ਗੁਰਬਾਣੀ ਫੜ ਕੇ ਅਤੇ ਦਸਮ ਪਿਤਾ ਦੇ ਪਵਿੱਤਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰਂ ਖਾ ਕੇ ਸੰਗਤ ਨਾਲ ਕੀਤੇ ਸਨ? ਸਿੱਖ ਕਾਂਗਰਸੀ ਮੁੱਖ ਮੰਤਰੀ ਵਲੋਂ ਕੀਤੀ ਇਸ ਬੇਅਦਬੀ ਦੇ ਕੌੜੇ ਤਜਰਬੇ ਨੇ ਲੋਕਾਂ ਨੂੰ ਸਿਖਾ ਦਿੱਤਾ ਹੈ ਕਿ ਕਾਂਗਰਸੀ ਮੈਨੀਫੈਸਟੋ ਵਿਚਲੇ ਇਕ ਵੀ ਸ਼ਬਦ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

ਬਾਦਲ ਨੇ ਕਿਹਾ ਕਿ ਕਾਂਗਰਸੀ ਮੈਨੀਫੈਸਟੋ 'ਚ ਕੀਤੇ ਗਏ ਗੈਰਜ਼ਿੰਮੇਵਾਰਾਨਾ ਅਤੇ ਝੂਠੇ ਵਾਅਦੇ ਇਸ ਪਾਰਟੀ ਦੇ ਲੀਡਰਾਂ ਅੰਦਰ ਪਨਪੀ ਬੇਚੈਨੀ ਦੀ ਦੱਸ ਪਾਉਂਦੇ ਹਨ। ਰਾਹੁਲ ਗਾਂਧੀ ਜਾਣਦਾ ਹੈ ਕਿ ਉਸ ਦੀ ਖੇਡ ਖ਼ਤਮ ਹੋ ਚੁੱਕੀ ਹੈ। ਇਸ ਲਈ ਬੌਖਲਾਇਆ ਹੋਇਆ ਉਹ ਅਜਿਹੇ ਵਾਅਦੇ ਕਰ ਰਿਹਾ ਹੈ, ਜਿਨ੍ਹਾਂ ਬਾਰੇ ਉਹ ਖੁਦ ਵੀ ਜਾਣਦਾ ਹੈ ਕਿ ਉਸ ਨੂੰ ਪੂਰੇ ਕਰਨ ਦੀ ਲੋੜ ਨਹੀਂ ਪਵੇਗੀ, ਕਿਉਂਕਿ ਕੇਂਦਰ ਵਿਚ ਉਸ ਦੀ ਸਰਕਾਰ ਬਣਨ ਦੀ ਕੋਈ ਉਮੀਦ ਨਹੀਂ ਹੈ। ਇਥੋਂ ਤਕ ਕਿ ਵਿਰੋਧੀ ਪਾਰਟੀਆਂ ਵੀ ਉਸ ਨੂੰ ਨਾਪਸੰਦ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਸਿੱਖਾਂ ਦੇ ਜਜ਼ਬਾਤਾਂ ਪ੍ਰਤੀ ਕਾਂਗਰਸ ਕਿੰਨੀ ਸੰਵੇਦਨਹੀਣ ਅਤੇ ਕਠੋਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ 1984 ਵਿਚ ਕਾਂਗਰਸੀ ਗੁੰਡਿਆਂ ਵਲੋਂ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਲਈ ਪਛਤਾਵੇ ਦਾ ਇਕ ਸ਼ਬਦ ਨਹੀਂ ਕਿਹਾ ਗਿਆ ਹੈ। ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਮਲਣ ਲਈ ਪ੍ਰਿਯੰਕਾ ਗਾਂਧੀ ਨੇ 'ਝੂਠੇ ਵਾਅਦਿਆਂ ਦੇ ਮੱਕੜਜਾਲ' ਨੂੰ ਜਾਰੀ ਕਰਨ ਲਈ ਸਿੱਖਾਂ ਦੇ ਕਤਲੇਆਮ ਦੇ ਇਕ ਦੋਸ਼ੀ ਕਮਲ ਨਾਥ ਨੂੰ ਆਪਣੇ ਨਾਲ ਲਿਆ ਅਤੇ ਉਸ ਨਾਲ ਫੋਟੋਆਂ ਖਿਚਵਾਈਆਂ।


author

cherry

Content Editor

Related News