6 ਲੋਕਾਂ ਦੀ ਹੱਤਿਆ ਦਾ ਮਾਮਲਾ, ਕੈਪਟਨ ਦੇ ਮੁੱਖ ਸੁਰੱਖਿਆ ਸਲਾਹਕਾਰ ਦੀਆਂ ਵਧੀਆਂ ਮੁਸ਼ਕਲਾਂ
Tuesday, Dec 17, 2019 - 09:38 AM (IST)
ਚੰਡੀਗੜ੍ਹ (ਹਾਂਡਾ) : ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਮੁੱਖ ਸੁਰੱਖਿਆ ਸਲਾਹਕਾਰ ਖੂਬੀ ਰਾਮ ਨਾਲ ਜੁੜੇ ਇਕ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਪਟੀਸ਼ਨਰ ਔਰਤ ਨੇ ਪਟੀਸ਼ਨ ਵਾਪਸ ਲੈਣ ਦੀ ਹਾਈਕੋਰਟ 'ਚ ਅਰਜ਼ੀ ਦਾਖਲ ਕਰ ਦਿੱਤੀ। ਕੋਰਟ ਨੇ ਅਰਜ਼ੀ ਖਾਰਜ ਕਰਦਿਆਂ ਮਾਮਲੇ 'ਚ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨੂੰ ਕੋਰਟ ਮਿੱਤਰ ਨਿਯੁਕਤ ਕਰਦੇ ਹੋਏ ਤੱਥਾਂ ਨੂੰ ਇਕੱਠੇ ਕਰ ਕੇ ਕੋਰਟ ਦਾ ਸਹਿਯੋਗ ਕਰਨ ਨੂੰ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ। ਲਗਭਗ 27 ਸਾਲ ਪਹਿਲਾਂ ਪੰਜਾਬ 'ਚ ਪੁਲਸ ਵਲੋਂ ਕਥਿਤ ਤੌਰ 'ਤੇ ਕੀਤੀ ਗਈ 6 ਲੋਕਾਂ ਦੀ ਹੱਤਿਆ ਮਾਮਲੇ 'ਚ ਖੂਬੀ ਰਾਮ ਨੂੰ ਮੁਲਜ਼ਮਾਂ 'ਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨਰ ਗੁਰਮੀਤ ਕੌਰ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਟ੍ਰਾਇਲ ਕੋਰਟ ਨੇ ਖੂਬੀ ਰਾਮ ਨੂੰ ਮੁਲਜ਼ਮਾਂ 'ਚ ਸ਼ਾਮਲ ਕਰਨ ਦੀ ਮੰਗ ਨੂੰ ਪ੍ਰਵਾਨ ਨਾ ਕਰਨ ਦੇ ਫੈਸਲੇ 'ਚ ਕਈ ਗਲਤੀਆਂ ਕੀਤੀਆਂ ਹਨ।
ਪਟੀਸ਼ਨਰ ਨੇ ਸੀ.ਬੀ.ਆਈ. ਦੇ ਸਾਹਮਣੇ ਦਿੱਤੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ 20 ਮਾਰਚ, 1993 ਨੂੰ ਖੂਬੀ ਰਾਮ ਦੀ ਅਗਵਾਈ 'ਚ ਪੁਲਸ ਦਲ ਨੇ ਉਨ੍ਹਾਂ ਦੇ ਸਖੀਰਾ ਪਿੰਡ ਸਥਿਤ ਘਰ 'ਤੇ ਛਾਪਾ ਮਾਰਿਆ ਸੀ ਅਤੇ ਉਨ੍ਹਾਂ ਦੇ ਪਤੀ ਗੁਰਮੇਜ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਅਗਵਾ ਕਰ ਲਿਆ ਸੀ। ਅਜਿਹੇ 'ਚ ਖੂਬੀ ਰਾਮ ਅਤੇ ਹੋਰ ਮੁਲਜ਼ਮ ਪੁਲਸ ਅਧਿਕਾਰੀਆਂ ਨੇ ਹੀ ਉਨ੍ਹਾਂ ਦੇ ਪਤੀ ਸਮੇਤ 6 ਹਿਰਾਸਤੀਆਂ ਦੀ ਹੱਤਿਆ ਕੀਤੀ। ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ।