ਮੁੱਖ ਮੰਤਰੀ ਦੀ ਸੁਰੱਖਿਆ ''ਚ ਸੰਨ੍ਹ ''ਤੇ ਰਿਪੋਰਟ ਤਲਬ

12/06/2019 9:33:04 AM

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਦੀ ਸਟੇਜ ਦੇ ਸਾਹਮਣੇ ਹੰਗਾਮਾ ਕਰਨ ਵਾਲੇ ਨੌਜਵਾਨ ਦੇ ਮਾਮਲੇ 'ਚ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ। ਸਰਕਾਰ ਨੇ ਇਸ ਨੂੰ ਸੁਰੱਖਿਆ ਦਾ ਸਪੱਸ਼ਟ ਉਲੰਘਣ ਮੰਨਿਆ ਹੈ। ਇਸ ਮਾਮਲੇ 'ਚ ਮੁੱਖ ਮੰਤਰੀ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਸਬੰਧਤ ਅਧਿਕਾਰੀਆਂ ਤੋਂ ਵਿਸਥਾਰਤ ਰਿਪੋਰਟ ਤਲਬ ਕੀਤੀ ਹੈ। ਸੁਰੇਸ਼ ਕੁਮਾਰ ਨੇ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਸੁਰੱਖਿਆ ਪੱਖੋਂ ਹੋਈ ਗਲਤੀ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਜੇਕਰ ਕੋਈ ਗਲਤੀ ਹੋਈ ਹੈ ਤਾਂ ਸਬੰਧਤ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਥੇ ਹੀ, ਮੁੱਖ ਮੰਤਰੀ ਨੇ ਹੰਗਾਮਾ ਕਰਨ ਵਾਲੇ ਨੌਜਵਾਨ ਦੀ ਸ਼ਿਕਾਇਤ 'ਤੇ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਹਨ।

ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਦੇ ਨਜ਼ਦੀਕ ਜਾਣ ਤੋਂ ਪਹਿਲਾਂ ਮੰਤਰੀਆਂ ਨੂੰ ਵੀ 'ਸਖ਼ਤ ਕਾਇਦੇ' 'ਚੋਂ ਗੁਜ਼ਰਨਾ ਪੈਂਦਾ ਹੈ, ਦੇ ਬਿਲਕੁਲ ਨਜ਼ਦੀਕ ਤੱਕ ਇਕ 'ਫਰਿਆਦੀ ਨੌਜਵਾਨ' ਜਾ ਪਹੁੰਚਿਆ, ਉਹ ਵੀ ਚਲਦੇ ਪ੍ਰੋਗਰਾਮ 'ਚ। ਸੁਰੱਖਿਆ ਚੱਕਰ 'ਚ ਇਸ ਨੂੰ ਵੱਡੀ ਖਾਮੀ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਪ੍ਰੋਗਰਾਮ ਦੇ ਕੇਂਦਰ ਭਾਵ ਮੁੱਖ ਮੰਤਰੀ ਦੀ ਸਟੇਜ ਤੱਕ ਪੁੱਜਣ ਲਈ 5 ਜਗ੍ਹਾ ਸਕਿਓਰਿਟੀ ਗੇਟਸ ਤੋਂ ਗੁਜ਼ਰਨਾ ਪੈਂਦਾ ਅਤੇ ਇਨਵੈਸਟ ਪੰਜਾਬ ਵਲੋਂ ਜਾਰੀ ਕੀਤੇ ਗਏ ਸਕਿਓਰਿਟੀ ਪਾਸ ਦੇ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ ਸੀ। ਇਸ ਦੇ ਬਾਵਜੂਦ ਵੀ ਨੌਜਵਾਨ ਦਾ ਸਿੱਧੇ ਮੁੱਖ ਮੰਤਰੀ ਤੱਕ ਪੁੱਜਣਾ ਬਹੁਤ ਹੀ ਘਾਤਕ ਸਾਬਿਤ ਹੋ ਸਕਦਾ ਸੀ। ਇਹ ਤਾਂ ਗਨੀਮਤ ਰਹੀ ਕਿ ਉਕਤ ਨੌਜਵਾਨ ਨੇ ਸਕਿਓਰਿਟੀ 'ਚ ਇੰਨੀ ਵੱਡੀ ਸੰਨ੍ਹ ਲਾਉਣ ਦੇ ਬਾਵਜੂਦ ਵੀ ਆਪਣੀ 'ਤਮੀਜ਼' ਬਣਾਈ ਰੱਖੀ ਅਤੇ ਕਿਸੇ ਤਰ੍ਹਾਂ ਦੀ ਕੋਈ ਹੋਰ 'ਹਰਕਤ' ਨਹੀਂ ਕੀਤੀ।


cherry

Content Editor

Related News